
20 ਅਕਤੂਬਰ ਨੂੰ ਪਾਕਿਸਤਾਨ ਵਲੋਂ ਸ਼ੁਰੂ ਕੀਤੀ ਜਾਣੀ ਸੀ ਰਜਿਸਟ੍ਰੇਸ਼ਨ ਵੈਬਸਾਈਟ
ਚੰਡੀਗੜ੍ਹ੍ਹ : ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ 20 ਅਕਤੂਬਰ ਤੋਂ ਜਿਹੜੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਸੀ ਫ਼ਿਲਹਾਲ ਉਹ ਟਾਲ ਦਿਤੀ ਗਈ ਹੈ। ਇਸ ਦਾ ਮੁੱਖ ਕਾਰਨ ਪਾਕਿਸਤਾਨ ਦੇ ਫ਼ਾਈਨਲ ਡਰਾਫ਼ਟ 'ਤੇ ਹੁਣ ਤਕ ਸਹਿਮਤੀ ਜ਼ਾਹਰ ਨਾ ਹੋਣਾ ਦਸਿਆ ਗਿਆ ਹੈ। ਪਾਕਿਸਤਾਨ ਹਾਲੇ ਵੀ 20 ਡਾਲਰ ਪ੍ਰਤੀ ਸ਼ਰਧਾਲੂ ਵੀਜ਼ਾ ਫ਼ੀਸ ਲੈਣ ਦੀ ਗੱਲ 'ਤੇ ਅੜਿਆ ਹੋਇਆ ਹੈ, ਜਿਸ ਦਾ ਭਾਰਤ ਲਗਾਤਾਰ ਵਿਰੋਧ ਕਰ ਰਿਹਾ ਹੈ।
Kartarpur Sahib Gurudwara
ਭਾਰਤ-ਪਾਕਿਸਤਾਨ ਅਧਿਕਾਰੀਆਂ ਵਿਚਕਾਰ ਕਰਤਾਰਪੁਰ ਲਾਂਘੇ ਨੂੰ ਲੈ ਕੇ ਤਿੰਨ ਬੈਠਕਾਂ ਹੋ ਚੁੱਕੀਆਂ ਹਨ। ਅੰਤਮ ਬੈਠਕ 'ਚ ਪਾਕਿਸਤਾਨ ਨੇ ਪ੍ਰਤੀ ਸ਼ਰਧਾਲੂ 20 ਡਾਲਰ ਫ਼ੀਸ ਦੀ ਸ਼ਰਤ ਰੱਖੀ ਸੀ। ਭਾਰਤੀ ਅਧਿਕਾਰੀਆਂ ਨੇ ਇਸ ਸ਼ਰਤ ਦਾ ਤੁਰੰਤ ਵਿਰੋਧ ਕੀਤਾ ਸੀ। ਭਾਰਤ ਦਾ ਤਰਕ ਸੀ ਕਿ ਕਰਤਾਰਪੁਰ ਲਾਂਘਾ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਥਾਪਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਇਆ ਗਿਆ ਹੈ। ਦੁਨੀਆ ਦੇ ਕਿਸੇ ਵੀ ਦੇਸ਼ 'ਚ ਧਾਰਮਕ ਲਾਂਘੇ ਲਈ ਐਂਟਰੀ ਫੀਸ ਲੈਣ ਦੀ ਪ੍ਰਥਾ ਨਹੀਂ ਹੈ ਪਰ ਪਾਕਿਸਤਾਨ ਨੇ ਭਾਰਤ ਦੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
Kartarpur Sahib Gurudwara
ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਖੁਲ੍ਹੇ ਦਰਸ਼ਨਾਂ ਲਈ ਭਾਰਤ-ਪਾਕਿਸਤਾਨ ਵਿਚਕਾਰ ਡੇਰਾ ਬਾਬਾ ਨਾਨਕ ਵਿਖੇ ਇਕ ਲਾਂਘਾ ਸਥਾਪਤ ਕਰ ਦਿਤਾ ਗਿਆ ਹੈ। ਇਸ ਲਾਂਘੇ ਰਾਹੀਂ ਸੰਗਤ 8 ਨਵੰਬਰ ਤੋਂ ਦਰਸ਼ਨਾਂ ਲਈ ਜਾ ਸਕਦੀ ਹੈ। ਦਰਸ਼ਨਾਂ ਲਈ ਜਾਣ ਲਈ ਸੰਗਤ ਨੂੰ ਪਾਕਿਸਤਾਨ ਵਲੋਂ ਬਣਾਈ ਗਈ ਵੈਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਤੇ ਵੀਜ਼ਾ ਫ਼ੀਸ ਭਰ ਕੇ ਜਾਣਾ ਪਵੇਗਾ ਪਰ ਇਥੇ ਇਕ ਸਮੱਸਿਆ ਆ ਰਹੀ ਹੈ। ਇਸ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਅੱਜ ਤੋਂ ਸ਼ੁਰੂ ਹੋਣਾ ਸੀ ਪਰ ਪਾਕਿਸਤਾਨ ਵਲੋਂ ਰਜਿਸਟ੍ਰੇਸ਼ਨ ਵੈਬਸਾਈਟ ਸ਼ੁਰੂ ਨਹੀਂ ਕੀਤੀ ਗਈ ਹੈ। ਪਾਕਿਸਤਾਨ ਨੇ ਸ਼ੁਰੂਆਤੀ ਤੌਰ 'ਤੇ ਰਜਿਸਟ੍ਰੇਸ਼ਨ ਲਈ 20 ਅਮਰੀਕੀ ਡਾਲਰ ਫ਼ੀਸ ਰੱਖੀ ਹੈ, ਜੋ ਕਿ ਤਕਰੀਬਨ ਭਾਰਤੀ ਕਰੰਸੀ ਅਨੁਸਾਰ 1500 ਰੁਪਏ ਬਣਦੇ ਹਨ। ਇਕ ਦਿਨ ਵਿਚ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੰਜ ਹਜ਼ਾਰ ਸਿੱਖ ਸ਼ਰਧਾਲੂ ਜਾ ਸਕਣਗੇ। ਗੁਰਪੁਰਬ ਦੇ ਮੌਕੇ 'ਤੇ ਸ਼ਰਧਾਲੂਆਂ ਦੀ ਗਿਣਤੀ ਦਸ ਹਜ਼ਾਰ ਤਕ ਕੀਤੀ ਜਾ ਸਕਦੀ ਹੈ।
Kartarpur Sahib Gurudwara
ਕਰਤਾਰਪੁਲ ਲਾਂਘੇ ਦੇ ਉਦਘਾਟਨ ਦਾ ਦਿਨ 8 ਨਵੰਬਰ ਮਿਥਿਆ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦਾ ਉਦਘਾਟਨ ਕਰਨਗੇ। ਲੰਮੇ ਸਮੇਂ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਖੁਲ੍ਹੇ ਲਾਂਘੇ ਲਈ ਸੰਗਤ ਅਰਦਾਸ ਕਰਦੀ ਆ ਰਹੀ ਹੈ ਜੋ 8 ਨਵੰਬਰ ਨੂੰ ਪੂਰੀ ਹੋਣ ਜਾ ਰਹੀ ਹੈ। ਇਹ ਖੁਲ੍ਹਾ ਲਾਂਘਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਤ ਕੀਤਾ ਜਾ ਰਿਹਾ ਹੈ। ਰਜਿਸਟ੍ਰੇਸ਼ਨ ਕਰਾਉਣ ਲਈ ਪਾਸਪੋਰਟ ਹੋਣਾ ਲਾਜ਼ਮੀ ਹੈ ਅਤੇ ਪਾਸਪੋਰਟ ਰਾਹੀਂ ਹੀ ਯਾਤਰਾ ਦਾ ਪਰਮਿਟ ਮਿਲੇਗਾ। ਪੰਜ ਹਜ਼ਾਰ ਯਾਤਰੀਆਂ ਨੂੰ ਹੀ ਇਕ ਦਿਨ ਦਾ ਵੀਜ਼ਾ ਪਰਮਿਟ ਮੁਹਈਆ ਕਰਾਇਆ ਜਾਵੇਗਾ, ਜਿਸ ਦੀ ਪਾਸਪੋਰਟ ਉਤੇ ਕੋਈ ਵੀ ਸਟੈਂਪ ਨਹੀਂ ਲੱਗੇਗੀ।
Kartarpur Sahib
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਵਲੋਂ ਵੀਜ਼ਾ ਫ਼ੀਸ ਲਗਾਉਣ ਦੇ ਬਾਰੇ ਵਿਚ ਭਾਜਪਾ ਆਗੂ ਤੇ ਸਾਬਕਾ ਸੰਸਦ ਮੈਂਬਰ ਜਨਰਲ ਵੀ.ਕੇ. ਸਿੰਘ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਜਾਣ ਵਾਲੇ ਸ਼ਰਧਾਲੂਆਂ ਨੂੰ ਕੋਈ ਫੀਸ ਨਾ ਦੇਣੀ ਪਵੇ। ਜੇਕਰ ਪਾਕਿਸਤਾਨ ਸਹਿਮਤ ਨਾ ਹੋਇਆ ਤਾਂ ਸਰਕਾਰ ਕੋਈ ਹੋਰ ਹੱਲ ਲੱਭੇਗੀ ਤਾਂ ਜੋ ਸ਼ਰਧਾਲੂਆਂ ਨੂੰ ਫੀਸ ਨਾ ਦੇਣੀ ਪਵੇ।
Kartarpur Sahib Gurudwara
ਉਧਰ ਆਜ਼ਾਦੀ ਸਮੇਂ ਸਿੱਖਾਂ ਦੀ ਚਾਰਾਜੋਈ ਤੋਂ ਬਾਅਦ ਵੀ ਕਈ ਮੁੱਖ ਗੁਰਦਵਾਰੇ ਪਾਕਿਸਤਾਨ 'ਚ ਰਹਿ ਗਏ। ਕਰਤਾਰਪੁਰ ਸਾਹਿਬ ਬਾਰੇ ਸਿੱਖਾਂ ਦੇ ਦਿਲਾਂ ਅੰਦਰ ਜ਼ਿਆਦਾ ਟੀਸ ਇਸ ਕਰ ਕੇ ਪੈਂਦੀ ਰਹੀ ਕਿਉਂਕਿ ਇਹ ਸਰਹੱਦ ਦੇ ਬਿਲਕੁੱਲ ਨੇੜੇ ਹੈ। ਇਸ ਦੇ ਦੂਰੋਂ ਤਾਂ ਦਰਸ਼ਨ ਕੀਤੇ ਜਾ ਸਕਦੇ ਸਨ ਪਰ ਨੇੜੇ ਜਾਣ ਦੀ ਇਜਾਜ਼ਤ ਨਹੀਂ ਸੀ। ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਸਿੱਖ ਸੰਗਠਨਾਂ ਨੇ ਇਸ ਲਾਂਘੇ ਨੂੰ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਅਚਾਨਕ ਉਸ ਵੇਲੇ ਹਾਲਾਤ ਬਦਲ ਗਏ ਜਦੋਂ ਨਵਜੋਤ ਸਿੰਘ ਸਿੱਧੂ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਗਏ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਕਵਾਇਦ ਸ਼ੁਰੂ ਹੋਈ।