
Panthak News: ਦੋ ਦਸੰਬਰ ਦੇ ਫ਼ੈਸਲੇ ਉਲਟਾਉਣ ਲਈ ਜਥੇਦਾਰ ਹਰਪ੍ਰੀਤ ਸਿੰਘ ਦੀ ਬਲੀ ਲਈ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਾਫ਼ੀ ਸਮੇਂ ਤੋਂ ਬਾਦਲ ਦਲ ਨੂੰ ਰੜਕ ਰਹੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿ. ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ, ਦੋਸ਼ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਘਰ ਤੋਰ ਦਿਤਾ ਹੈ ਤਾਂ ਜੋ ਦੋ ਦਸੰਬਰ ਦੇ ਫ਼ੈਸਲਿਆਂ ਨੂੰ ਬਦਲਿਆ ਜਾ ਸਕੇ।
ਸਿੱਖ ਪੰਥ ਦੇ ਮਾਹਰਾਂ ਮੁਤਾਬਕ ਬਾਦਲ ਦਲ ਦੀ ਰਵਾਇਤ ਹੀ ਬਣ ਗਈ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਬੜੀਆਂ ਰੀਝਾਂ ਨਾਲ ਕੀਤੀ ਜਾਂਦੀ ਹੈ ਪਰ ਸੇਵਾ ਮੁਕਤੀ ਬਹੁਤ ਜ਼ਲੀਲਤਾ ਨਾਲ ਹੁੰਦੀ ਹੈ। ਇਹ ਸ਼ੁਭ ਕੰਮ ਪ੍ਰੋ. ਮਨਜੀਤ ਸਿੰਘ, ਭਾਈ ਰਣਜੀਤ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗਿ. ਪੂਰਨ ਸਿੰਘ ਬਾਅਦ ਹੁਣ ਗਿ. ਹਰਪ੍ਰੀਤ ਸਿੰਘ ਦੀ ਬਲੀ ਲੈ ਲਈ ਗਈ।
ਸਿੱਖ ਮਾਹਰਾਂ ਅਨੁਸਾਰ ਇਹ ਪ੍ਰੰਪਰਾ 1999 ਤੋਂ ਆਰੰਭ ਹੋਈ ਸੀ। ਮਾਹਰਾਂ ਦੀ ਮੰਨੀਏ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਵਰਕਿੰਗ ਕਮੇਟੀ ਤਿੰਨ ਦਿਨ ਵਿਚ ਪ੍ਰਵਾਨ ਕਰੇ, ਪਰ ਇਸ ਤੇ ਅਮਲ ਕਰਨ ਦੀ ਥਾਂ 20 ਦਿਨ ਦਾ ਸਮਾਂ ਸਿਆਸਤ ਨਾਲ ਲੈ ਲਿਆ ਗਿਆ।
ਇਸ ਹੀ ਅਰਸੇ ਦੌਰਾਨ ਗਿ. ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਜੋ ਉਹ ਅਸਤੀਫ਼ਾ ਦੇ ਜਾਵੇ। ਸ਼੍ਰੋਮਣੀ ਅਕਾਲੀਦਲ ਦੀ ਪੁਨਰ ਸੁਰਜੀਤੀ ਲਈ ਬਣਾਈ ਗਈ 7 ਮੈਂਬਰੀ ਕਮੇਟੀ ਜਿਸ ਵਿਚ ਬਾਗ਼ੀ ਲੀਡਰਸ਼ਿਪ ਦੇ ਗੁਰਪ੍ਰੀਤ ਸਿੰਘ ਵਡਾਲਾ, ਸਤਵੰਤ ਕੌਰ ਬੇਟੀ ਸ਼ਹੀਦ ਭਾਈ ਅਮਰੀਕ ਸਿੰਘ, ਸ਼ਾਮਲ ਹਨ,ਉਨ੍ਹਾਂ ਨੂੰ ਨਾ ਪਸੰਦ ਕੀਤਾ ਜਾ ਰਿਹਾ ਹੈ।
ਇਨ੍ਹਾਂ ਨੂੰ ਵੀ ਕਮੇਟੀ ਵਿਚੋਂ ਬਾਹਰ ਕਰਵਾਉਣ, ਫ਼ਖ਼ਰ-ਏ-ਕੌਮ ਦੀ ਬਹਾਲੀ ਕਰਨ ਲਈ ਮਨਮਰਜ਼ੀ ਦੇ ਜਥੇਦਾਰ ਦੀ ਲੋੜ ਹੈ। ਇਹ ਵਰਨਣ ਕੰਮ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿਚ ਅਸੰਭਵ ਸਨ। ਉਹ ਸਿੱਖ ਮਰਿਆਦਾ ਤੇ ਸਖ਼ਤੀ ਨਾਲ ਪਹਿਰਾ ਦੇਣ ਲਈ ਜਾਣੇ ਜਾਂਦੇ ਸਨ। ਜਸਵੰਤ ਸਿੰਘ ਪੁੜੈਣ ਨੇ ਮੀਡੀਆ ਨੂੰ ਦਸਿਆ ਹੈ ਕਿ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਪਤਾ ਲਗਾ ਹੈ ਕਿ ਬਿਕਰਮ ਸਿੰਘ ਮਜੀਠੀਆ ਵੀ ਉੱਥੇ ਆਏ ਸਨ। ਪੰਥਕ ਲੀਡਰਸ਼ਿਪ ਦਾ ਸੰਕੇਤ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਮਾਂਡ ਮੁੜ ਸਾਂਭ ਲਈ ਹੈ।