
ਭਾਈ ਪੰਜਾਬ ਸਿੰਘ ਪ੍ਰਧਾਨ ਹਿੰਮਤ-ਏ-ਖ਼ਾਲਸਾ ਦੀ ਅਗਵਾਈ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਗੁਰਦੁਆਰਾ ਬਾਬਾ ਸੰਗਤਸਰ ਮੇਨ ਰੋਡ ਮਕਬੂਲਪੁਰਾ ਵਿਖੇ ਮੀਟਿੰਗ ਹੋਈ.......
-: ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਸੁਰਮਈ ਹੋਵੇ
-: ਪੰਜਾਬ ਵਾਸੀ ਵਿਆਹਾਂ ਸ਼ਾਦੀਆਂ ਦੇ ਬੇ-ਲੋੜੇ ਖ਼ਰਚੇ ਬੰਦ ਕਰਨ
-: 27 ਨੂੰ ਅਹਿਮ ਬੈਠਕ ਚੰਡੀਗੜ੍ਹ ਕਰਨ ਦਾ ਫ਼ੈਸਲਾ
ਅੰਮ੍ਰਿਤਸਰ : ਭਾਈ ਪੰਜਾਬ ਸਿੰਘ ਪ੍ਰਧਾਨ ਹਿੰਮਤ-ਏ-ਖ਼ਾਲਸਾ ਦੀ ਅਗਵਾਈ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਗੁਰਦੁਆਰਾ ਬਾਬਾ ਸੰਗਤਸਰ ਮੇਨ ਰੋਡ ਮਕਬੂਲਪੁਰਾ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿਚ ਤਿਹਾੜ ਜੇਲ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਥਕ ਤਾਲਮੇਲ ਕਮੇਟੀ ਦੇ ਮੈਂਬਰ ਭਾਈ ਨਰੈਣ ਸਿੰਘ ਚੌੜਾ ਅਤੇ ਪ੍ਰੋ.ਬਲਜਿੰਦਰ ਸਿੰਘ, ਭਾਈ ਬਲਦੇਵ ਸਿੰਘ ਸਿਰਸਾ ਦਲ ਖ਼ਾਲਸਾ, ਭਾਈ ਦਿਲਬਾਗ ਸਿੰਘ ਅਤੇ ਭਾਈ ਪਰਮਜੀਤ ਸਿੰਘ ਅਕਾਲੀ ਸਿਰਲੱਥ ਖ਼ਾਲਸਾ ਜਥੇਬੰਦੀ, ਭਾਈ ਸਰਬਜੀਤ ਸਿੰਘ ਘੁਮਾਣ ਦਲ ਖ਼ਾਲਸਾ,
ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਬੀਬੀ ਮਨਜੀਤ ਕੌਰ ਏਕ ਨੂਰ ਖ਼ਾਲਸਾ, ਭਾਈ ਜਸਬੀਰ ਸਿੰਘ ਜੱਸਾ ਮੰਡਿਆਲਾ ਯੂਨਾਈਟਿਡ ਅਕਾਲੀ ਦਲ, ਭਾਈ ਹਰਪਾਲ ਸਿੰਘ, ਸ਼੍ਰੋਮਣੀ ਅਕਾਲੀ ਮਾਨ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ 'ਚ ਸ਼ਾਮਲ ਹੋਏ। ਇਸ ਮੀਟਿੰਗ ਵਿਚ ਭਾਈ ਨਰੈਣ ਸਿੰਘ ਚੌੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ ਅਨੁਸਾਰ ਸਾਰੀਆਂ ਜਥੇਬੰਦੀਆਂ ਨੂੰ ਇਕ ਪਲੇਟ-ਫ਼ਾਰਮ 'ਤੇ ਇਕੱਠਾ ਕਰਨ ਲਈ 27 ਜਨਵਰੀ ਨੂੰ 11 ਵਜੇ ਸੈਕਟਰ-38 ਬੀ ਚੰਡੀਗੜ੍ਹ ਦੇ ਗੁ. ਸਾਹਿਬ ਨਜ਼ਦੀਕ ਸਿੱਖ ਜਥੇਬੰਦੀਆਂ
ਦੇ ਆਗੂਆਂ ਦੀ ਮੀਟਿੰਗ ਪੰਥਕ ਤਾਲਮੇਲ ਕਮੇਟੀ ਵਲੋਂ ਬੁਲਾਈ ਗਈ ਹੈ ਜਿਸ ਵਿਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਸਮੇਂ ਇਨ੍ਹਾਂ ਵਲੋਂ ਮਤੇ ਪਾਸ ਕੀਤੇ ਗਏ ਕਿ ਕੌਮ ਦੇ ਝੰਡੇ ਅਤੇ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਸੁਰਮਈ ਹੋਵੇ, ਜੋ ਕੌਮ ਦੀ ਅਣਖ ਦਾ ਪ੍ਰਤੀਕ ਹੈ, ਪੰਜਾਬ ਭਾਸ਼ਾ ਨੂੰ ਸਰਕਾਰੀ ਅਦਾਰਿਆਂ, ਸਕੂਲਾਂ, ਅਦਾਲਤਾਂ 'ਚ ਲਾਗੂ ਕੀਤਾ ਜਾਵੇ ਅਤੇ ਲੋਕ ਅਪਣੇ ਵਾਹਨਾਂ ਉਪਰ ਨੰਬਰ ਪੰਜਾਬੀ ਭਾਸ਼ਾ ਵਿਚ ਲਿਖਣ,
ਕੌਮ ਦੇ ਹਰਿਆਵਲ ਦਸਤੇ ਨੂੰ ਮੁੜ ਸੁਰਜੀਤ ਕਰਨ ਲਈ ਨਵੇਂ ਸਿਰੇ ਤੋਂ ਵਿਦਿਆਰਥੀ ਫ਼ੈਡਰੇਸ਼ਨਾਂ ਨੂੰ ਸੁਰਜੀਤ ਕੀਤਾ ਜਾਵੇ, ਪੰਜਾਬ ਵਾਸੀ ਵਿਆਹਾਂ ਸ਼ਾਦੀਆਂ ਦੇ ਬੇ-ਲੋੜੇ ਖ਼ਰਚੇ ਬੰਦ ਕਰਨ ਅਤੇ 31 ਮੈਂਬਰ ਹੀ ਬਰਾਤ ਵਿਚ ਲਿਆਂਦੇ ਜਾਣ ਤੇ ਯੂ.ਐਨ.ਓ ਅਤੇ ਹੋਰ ਹਮਖ਼ਿਆਲੀ ਦੇਸ਼ ਦੀ ਸਰਕਾਰਾਂ ਨਾਲ ਸੰਪਰਕ ਕਰ ਕੇ ਅਜ਼ਾਦੀ ਲੈਣ ਲਈ ਸੰਘਰਸ਼ ਕੀਤਾ ਜਾਵੇ ਆਦਿ ਮਤੇ ਪਾਸ ਕੀਤੇ। ਇਨ੍ਹਾਂ ਮਤਿਆਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ।