
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ ਨਗਰ ਕੀਰਤਨ
Hastings Nagar Kirtan : ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਦੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ। ਪੰਜ ਪਿਆਰੇ ਅਤੇ ਪੰਜ ਨਿਸ਼ਾਨਚੀ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ।
ਸਵੇਰੇ 10.30 ਵਜੇ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ ਅਤੇ ਇਹ ਸ਼ਹਿਰ ਦੇ ਕਈ ਹਿਸਿਆਂ ਵਿਚ ਪ੍ਰਕਰਮਾ ਕਰ ਕੇ ਵਾਪਸ 12 ਵਜੇ ਗੁਰਦੁਆਰਾ ਸਾਹਿਬ ਪਰਤਿਆ। ਸੰਗਤ ਦਾ ਠਾਠਾਂ ਮਾਰਦਾ ਇਕੱਠ ਨਗਰ ਕੀਰਤਨ ਦੀ ਸ਼ਾਨ ਵਧਾ ਰਿਹਾ ਸੀ। ਜੈਕਾਰਿਆਂ ਦੀ ਗੂੰਜ ਨਾਲ ਹੇਸਟਿੰਗਜ਼ ਸ਼ਹਿਰ ਦਾ ਵਖਰਾ ਮਾਹੌਲ ਸਿਰਜਿਆ ਗਿਆ। ਸਥਾਨਕ ਮੈਂਬਰ ਪਾਰਲੀਮੈਂਟ ਕੈਥਰੀਨ ਵੈਡ ਤੇ ਨੈਂਨਸੀ ਲੂ ਵੀ ਪਹੁੰਚੇ।
ਭਾਈ ਗੁਰਨਾਮ ਸਿੰਘ ਖੁਰਦਪੁਰ ਵਾਲਿਆਂ ਦੇ ਰਾਗੀ ਜੱਥੇ ਨੇ ਇਸ ਮੌਕੇ ਕੀਰਤਨ ਅਤੇ ਕਵੀਸ਼ਰੀ ਜੱਥਾ ਭਾਈ ਗੁਰਮੁੱਖ ਸਿੰਘ ਨੇ ਵੀ ਇਸ ਮੌਕੇ ਜੋਸ਼ਮਈ ਕਵਿਤਾਵਾਂ ਸਰਵਣ ਕਰਵਾਈਆਂ। ਨਗਰ ਕੀਰਤਨ ਦੇ ਮੂਹਰੇ ਗਤਕੇ ਦੇ ਜੌਹਰ ਵੀ ਵਿਖਾਏ ਗਏ। ਸੰਗੀਤਕ ਸੁਰਾਂ ਲਈ ਗੋਰਿਆਂ ਦਾ ਬੈਂਡ ਵੀ ਮੰਗਵਾਇਆ ਗਿਆ ਸੀ। ਸਮੂਹ ਮੈਨੇਜਮੈਂਟ ਵਲੋਂ ਸਮੂਹ ਸੰਗਤ ਦਾ ਧਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ੍ਰੀ ਅਖੰਠ ਪਾਠ ਆਰੰਭ ਹੋਏ ਸਨ ਅਤੇ ਐਤਵਾਰ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ ਅਤੇ ਕੀਰਤਨ ਦੀਵਾਨ ਸਜੇਗਾ। ਸਮੂਹ ਸੰਗਤ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਹੈ।