
‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਅਤੇ ‘ਸਿੱਖ ਇਤਿਹਾਸ’ ਪੁਸਤਕ ਸਾਡੇ ਮੱਥੇ ’ਤੇ ਕਲੰਕ : ਸਿਰਸਾ
ਕੋਟਕਪੂਰਾ (ਗੁਰਿੰਦਰ ਸਿੰਘ) : ‘ਰੋਜ਼ਾਨਾ ਸਪੋਕਸਮੈਨ’ ਵਲੋਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਾਪੀਆਂ ਗਈਆਂ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਅਤੇ ‘ਸਿੱਖ ਇਤਿਹਾਸ’ ਹਿੰਦੀ ਪੁਸਤਕ ਸਮੇਤ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਵਾਲੀਆਂ ਅਨੇਕਾਂ ਪੁਸਤਕਾਂ ਬਾਰੇ ਸਮੇਂ ਸਮੇਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਿਥੇ ਜਾਣੂ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉੱਥੇ ਇਸ ਸਮੱਸਿਆ ਦੇ ਹੱਲ ਲਈ ਅਕਸਰ ਸਿੱਖ ਚਿੰਤਕਾਂ, ਵਿਦਵਾਨਾ ਅਤੇ ਪੰਥਦਰਦੀਆਂ ਨੂੰ ਵੀ ਅਪੀਲਾਂ ਕੀਤੀਆਂ ਜਾਂਦੀਆਂ ਹਨ।
Beadbi Kand
ਬੇਅਦਬੀ ਮਾਮਲਿਆਂ ਦੇ ਇਨਸਾਫ ਲਈ ਬਹਿਬਲ ਵਿਖੇ ਲੱਗੇ ਮੋਰਚੇ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਉਕਤ ਦੋਵੇਂ ਕਿਤਾਬਾਂ ਸੰਗਤਾਂ ਨੂੰ ਦਿਖਾਉਂਦਿਆਂ ਆਖਿਆ ਕਿ ਜੇਕਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਕਤ ਕਿਤਾਬਾਂ ਦੇ ਵਿਰੋਧ ਵਿਚ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਪੰਥ ਦੇ ਨਾਮ ’ਤੇ ਸੱਤਾ ਭੋਗਣ ਵਾਲਿਆਂ ਨੂੰ ਜਵਾਬਦੇਹ ਬਣਾਉਂਦੀਆਂ ਤਾਂ ਅੱਜ ਨਾ ਤਾਂ 328 ਪਾਵਨ ਸਰੂਪ ਚੋਰੀ ਹੁੰਦੇ ਤੇ ਨਾ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ।
ਬਲਦੇਵ ਸਿੰਘ ਸਿਰਸਾ ਨੇ ਅੰਕੜਿਆਂ ਸਹਿਤ ਵਰਨਣ ਕਰਦਿਆਂ ਦਸਿਆ ਕਿ ਸਾਡੇ ਸਕੂਲਾਂ-ਕਾਲਜਾਂ ਵਿਚ ਪੜਦੇ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਗੁਰੂ ਸਾਹਿਬਾਨ ਸਮੇਤ ਸਿੱਖ ਇਤਿਹਾਸ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰੋਧ ਵਾਲੀਆਂ ਕਿਤਾਬਾਂ ਪੜ੍ਹਾਈਆਂ ਜਾ ਰਹੀਆਂ ਹਨ
baldev sirsa
ਪਰ ਸਿੱਖਾਂ ਦੀਆਂ ਸਿਰਮੌਰ ਜਥੇਬੰਦੀਆਂ ਸਿਆਸੀ ਦਬਾਅ ਕਾਰਨ ਚੁੱਪ ਰਹਿਣ ਵਿਚ ਹੀ ਭਲਾਈ ਸਮਝਦੀਆਂ ਹਨ। ਉਨਾਂ ਉਕਤ ਪੁਸਤਕਾਂ ਨੂੰ ਸਮੁੱਚੀ ਸਿੱਖ ਕੌਮ ਦੇ ਮੱਥੇ ’ਤੇ ਵਡਾ ਕਲੰਕ ਦਸਿਆ। ਜ਼ਿਕਰਯੋਗ ਹੈ ਕਿ ਗੁਰਬਿਲਾਸ ਪਾਤਸ਼ਾਹੀ ਛੇਵੀਂ ਪੁਸਤਕ ਦਾ ਵਿਰੋਧ ਕਰਨ ਦੇ ਦੋਸ਼ ਹੇਠ ਪ੍ਰਵਾਸੀ ਭਾਰਤੀ ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਉਸ ਸਮੇਂ ਦੇ ਅਕਾਲ ਤਖ਼ਤ ਦੇ ਮੁੱਖ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪੰਥ ’ਚੋਂ ਛੇਕ ਦਿਤਾ ਸੀ ਤੇ ਜਦੋਂ ਸ.ਜੋਗਿੰਦਰ ਸਿੰਘ ਸਪੋਕਸਮੈਨ ਨੇ ਕਾਲਾ ਅਫ਼ਗ਼ਾਨਾ ਨੂੰ ਪੰਥ ’ਚੋਂ ਛੇਕਣ ਦੇ ਢੰਗ ਤਰੀਕਿਆਂ ਦਾ ਵਿਰੋਧ ਕੀਤਾ ਤਾਂ ਉਨਾਂ ਨੂੰ ਵੀ ਪੰਥ ਵਿਚੋਂ ਛੇਕ ਦਿਤਾ ਗਿਆ। ਇਥੇ ਇਹ ਦਸਣਾ ਵੀ ਜ਼ਰੂੂਰੀ ਹੈ ਕਿ ਦੇਸ਼ ਦੇ ਦਖਣੀ ਅਤੇ ਪਛਮੀ ਸੂਬਿਆਂ ਵਿਚ ਸ਼੍ਰੋਮਣੀ ਕਮੇਟੀ ਵਲੋਂ ਹਿੰਦੀ ਭਾਸ਼ਾ ਵਿਚ ਛਾਪ ਕੇ ਵੰਡੀ ਜਾ ਰਹੀ ਪੁਸਤਕ ‘ਸਿੱਖ ਇਤਿਹਾਸ’ ਦਾ ਖ਼ੁਲਾਸਾ ਵੀ ‘ਰੋਜ਼ਾਨਾ ਸਪੋਕਸਮੈਨ’ ਨੇ ਹੀ ਕੀਤਾ ਸੀ।