
ਭਾਈ ਗੁਰਬਖ਼ਸ਼ ਸਿੰਘ ਹਕੂਮਤ ਸਿਰ ਆਪਣਾ ਠੀਕਰਾ ਭੰਨ ਕੇ ਭਾਰਤ 'ਚ ਸਿੱਖ ਕੌਮ ਨਾਲ ਹੋ ਰਹੀਆਂ ਦੁਸ਼ਵਾਰੀਆਂ ਪ੍ਰਤੀ ਆਪਣੇ ਖੂਨ ਨਾਲ ਦੁਨੀਆ 'ਚ ਦਸਤਕ ਦੇ ਗਿਆ ਹੈ
ਅੰਮ੍ਰਿਤਸਰ 21 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ ) ਦਮਦਮੀ ਟਕਸਾਲ ਦੇ ਮੁਖੀ ਗਿ: ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ ਇਨਸਾਫ਼ ਲਈ ਜਾਨ ਨਿਛਾਵਰ ਕਰ ਕੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਪੰਥ ਪ੍ਰਸਤ ਅਤੇ ਕੌਮ ਦਾ ਸੱਚਾ ਸੁੱਚਾ ਸੂਰਬੀਰ ਸਪੂਤ ਹੋਣ ਦਾ ਪ੍ਰਮਾਣ ਦਿੱਤਾ ਹੈ ਜਿਸ ਲਈ ਉਹ ਕੌਮ 'ਚ ਸਦਾ ਸਤਿਕਾਰੇ ਜਾਂਦੇ ਰਹਿਣਗੇ। ਭਾਈ ਖ਼ਾਲਸਾ ਦੀ ਮੌਤ 'ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਕਿਹਾ ਕਿ ਭਾਈ ਖ਼ਾਲਸਾ ਦੀ ਪਿਛਲੀ ਕਾਰਗੁਜ਼ਾਰੀ ਪ੍ਰਤੀ ਹਰੇਕ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਹਨ ਪਰ ਉਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਹਿਰਦਤਾ ਨਾਲ ਆਪਣੇ ਬੋਲ ਪੁਗਾਉਣ ਦਿਆਂ ਕੌਮੀ ਕਾਰਜ ਲਈ ਜਾਨ ਦੀ ਆਹੂਤੀ ਦੇ ਕੇ ਦਿੱਤੀ ਗਈ ਗਈ ਸ਼ਹਾਦਤ 'ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਉਹਨਾਂ ਇਸ ਨੂੰ ਸਿੱਖ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਨਾਲ ਸਬੰਧਤ ਭਾਈ ਗੁਰਬਖ਼ਸ਼ ਸਿੰਘ ਹਕੂਮਤ ਸਿਰ ਆਪਣਾ ਠੀਕਰਾ ਭੰਨ ਕੇ ਭਾਰਤ 'ਚ ਸਿੱਖ ਕੌਮ ਨਾਲ ਹੋ ਰਹੀਆਂ ਦੁਸ਼ਵਾਰੀਆਂ ਪ੍ਰਤੀ ਆਪਣੇ ਖੂਨ ਨਾਲ ਦੁਨੀਆ 'ਚ ਦਸਤਕ ਦੇ ਗਿਆ ਹੈ। ਉਹਨਾਂ ਵੱਲੋਂ ਚੁੱਕੇ ਗਏ ਕਦਮ ਨੇ ਭਾਰਤੀ ਨਿਆਂ ਵਿਵਸਥਾ ਅਤੇ ਸਿਸਟਮ ਨੂੰ ਕਟਹਿਰੇ 'ਚ ਖੜਾ ਕਰਦਿਤਾ ਹੈ। ਕਿੰਨੀ ਅਫ਼ਸੋਸ ਦੀ ਗਲ ਹੈ ਕਿ ਭਾਈ ਖ਼ਾਲਸਾ ਵੱਲੋਂ ਕੀਤੀਆਂ ਗਈਆਂ ਲਗਾਤਾਰ ਭੁੱਖ ਹੜਤਾਲਾਂ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਵਾਰ-ਵਾਰ ਦਿੱਤਾ ਜਾਂਦਾ ਰਿਹਾ ਭਰੋਸਾ ਮਹਿਜ਼ ਫੋਕੇ ਸਿੱਧ ਹੋਏ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਦਮਦਮੀ ਟਕਸਾਲ ਸਮੇਤ ਵੱਖ ਵੱਖ ਸਿੱਖ ਸੰਸਥਾਵਾਂ ਜਥੇਬੰਦੀਆਂ ਵੱਲੋਂ ਸਮੇਂ ਸਮੇਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਸ਼ਬਦੀ ਕਲੋਲਾਂ ਰਾਹੀਂ ਭਰੋਸਾ ਦੇਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਗਿਆ। ਸਵਾਲ ਪੈਦਾ ਹੁੰਦਾ ਹੈ ਕਿ ਸਜਾਵਾਂ ਪੂਰੀਆਂ ਕਰ ਲਏ ਜਾਣ 'ਤੇ ਵੀ ਸਿੱਖ ਬੰਦੀਆਂ ਨੂੰ ਰਹਾਅ ਕਿਉਂ ਨਹੀਂ ਕੀਤਾ ਜਾ ਰਿਹਾ।ਕੀ ਭਾਰਤ 'ਚ ਦੋਹਰੇ ਮਾਪਦੰਡ ਅਤੇ ਕਾਲੇ ਕਾਨੂੰਨ ਸਿਰਫ਼ ਘੱਟਗਿਣਤੀਆਂ ਜਾਂ ਸਿੱਖ ਕੌਮ ਲਈ ਹੀ ਹਨ। ਉਹਨਾਂ ਸਿੱਖ ਕੈਦੀਆਂ ਦੀ ਰਿਹਾਈ ਸੰਬੰਧੀ ਕੇਂਦਰ ਸਰਕਾਰ ਨੂੰ ਬਿਨਾ ਸਮਾਂ ਗਵਾਏ ਗੰਭੀਰਤਾ ਦਿਖਾਉਣ ਸੰਬੰਧਿਤ ਰਾਜਾਂ ਨੂੰ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਉਣ ਅਤੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਲਈ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਉਹਨਾਂ ਭਾਈ ਖ਼ਾਲਸਾ ਦੀ ਕੁਰਬਾਨੀ ਵਿਅਰਥ ਨਾ ਜਾਣ ਦੇਣ ਅਤੇ ਸੰਬੰਧਿਤ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਮੰਚ 'ਤੇ ਉਠਾਏ ਜਾਣ ਦੀ ਸਮੁੱਚੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਇਨਸਾਫ਼ ਲਈ ਦੁਸ਼ਮਣ ਵਲ ਸੇਧਿਤ ਹੋ ਕੇ ਸੰਘਰਸ਼ ਕਰਨਾ ਹੀ ਭਾਈ ਗੁਰਬਖ਼ਸ਼ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਪੰਥਕ ਵਿਚਾਰਾਂ ਕਰਨ ਦਮਦਮੀ ਟਕਸਾਲ ਹੈੱਡ ਕੁਆਟਰ ਪਹੁੰਚੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ, ਭਾਈ ਈਸ਼ਰ ਸਿੰਘ, ਭਾਈ ਅਜੈਬ ਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।