
ਪੁਛਿਆ, ਮੁਲਜ਼ਮਾਂ ਦੀ ਪਟੀਸ਼ਨ ਦੇ ਆਧਾਰ ’ਤੇ ਮਾਮਲੇ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਿਉਂ?
Beadbi case: ਕੋਟਕਪੂਰਾ (ਗੁਰਿੰਦਰ ਸਿੰਘ) : ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਤਰ੍ਹਾਂ ਬੇਅਦਬੀ ਕਾਂਡ ਦੇ ਪੀੜਤ ਪ੍ਰਵਾਰ ਸੱਤਾਧਾਰੀ ਧਿਰ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਸੰਤੁਸ਼ਟ ਨਹੀਂ, 14 ਅਕਤੂਬਰ 2015 ਨੂੰ ਬੇਅਦਬੀ ਮਾਮਲਿਆਂ ਦਾ ਇਨਸਾਫ ਮੰਗ ਰਹੇ ਪੁਲਿਸ ਦੀ ਗੋਲੀ ਨਾਲ ਮੌਤ ਦੇ ਘਾਟ ਉਤਾਰ ਦਿਤੇ ਗਏ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਰੋਸ ਪ੍ਰਗਟਾਇਆ ਹੈ ਕਿ ਜਿਵੇਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਬੇਅਦਬੀ ਮਾਮਲਿਆਂ ਦੇ ਮੁੱਦੇ ’ਤੇ ਸਿਰਫ਼ ਸਿਆਸੀ ਰੋਟੀਆਂ ਸੇਕੀਆਂ, ਉਸੇ ਤਰਜ਼ ’ਤੇ ਹੁਣ ਸੱਤਾਧਾਰੀ ਧਿਰ ਵੀ ਪੀੜਤ ਪ੍ਰਵਾਰਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ।
ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਦੀ ਕਮਜ਼ੋਰ ਪੈਰਵਾਈ ਕਾਰਨ ਪਹਿਲਾਂ ਬੇਅਦਬੀ ਅਤੇ ਹੁਣ ਬਹਿਬਲ ਗੋਲੀਕਾਂਡ ਵਾਲੇ ਕੇਸ ਫ਼ਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਅਦਾਲਤ ਵਿਚ ਤਬਦੀਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੀੜਤ ਪ੍ਰਵਾਰਾਂ ਨੂੰ ਪੂਰੀ ਆਸ ਸੀ ਕਿ ਅਦਾਲਤ ਦੇ ਉਕਤ ਫ਼ੈਸਲੇ ਵਿਰੁਧ ਸੂਬਾ ਸਰਕਾਰ ਸੁਪ੍ਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਹੇਠਲੀਆਂ ਅਦਾਲਤਾਂ ਦੇ ਫ਼ੈਸਲੇ ਨੂੰ ਚੁਨੌਤੀ ਦੇਵੇਗੀ ਕਿ ਮੁਕੱਦਮੇ ਦੀ ਸੁਣਵਾਈ ਚੰਡੀਗੜ ਦੀ ਬਜਾਇ ਫ਼ਰੀਦਕੋਟ ਹੀ ਹੋਵੇ ਪਰ ਅਜਿਹਾ ਨਾ ਕਰ ਕੇ ਸੂਬਾ ਸਰਕਾਰ ਨੇ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੀ ਤਰ੍ਹਾਂ ਸਿਰਫ਼ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਮੁਕੱਦਮੇ ਵਿਚ ਨਾਮਜ਼ਦ ਇਕ ਮੁਲਜ਼ਮ ਦੀ ਗੱਲ ਸੁਣ ਕੇ ਅਦਾਲਤ ਨੇ ਉਕਤ ਮਾਮਲਾ ਚੰਡੀਗੜ੍ਹ ਤਬਦੀਲ ਕਰ ਦਿਤਾ, ਜਦਕਿ ਉਕਤ ਮੁਕੱਦਮੇ ਵਿਚ 100 ਤੋਂ ਜਿਆਦਾ ਗਵਾਹ ਹਨ, ਜੋ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹਨ, ਐਨੇ ਗਵਾਹ ਫ਼ਰੀਦਕੋਟ ਤੋਂ ਚੰਡੀਗੜ੍ਹ ਕਿਵੇਂ ਜਾਣਗੇ? ਕਿਉਂਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਣੀ ਸੁਭਾਵਕ ਹੈ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਬਹਿਬਲ ਕਲਾਂ ਗੋਲੀਕਾਂਡ ਮੁਕੱਦਮੇ ਵਿਚ ਸੂਬਾ ਸਰਕਾਰ ਦੀ ਕਮਜ਼ੋਰ ਪੈਰਵਾਈ ਨੂੰ ਲੈ ਕੇ ਉਨ੍ਹਾਂ ਲੋਕ ਸਭਾ ਹਲਕਾ ਫ਼ਰੀਦਕੋਟ ਦੇ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨਾਲ ਗੱਲਬਾਤ ਕਰ ਕੇ ਉਕਤ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਨਾਲ ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਵੀ ਹਾਜ਼ਰ ਸਨ ਪਰ ਮੌਜੂਦਾ ਸਰਕਾਰ ਨੇ ਇਸ ਵੱਲ ਕੋਈ ਧਿਆਨ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ।
ਜ਼ਿਕਰਯੋਗ ਹੈ ਕਿ ਬੇਅਦਬੀ ਕਾਂਡ ਦਾ ਇਨਸਾਫ ਮੰਗ ਰਹੀਆਂ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਪਿੰਡ ਬਹਿਬਲ ਕਲਾਂ ਵਿਖੇ 14 ਅਕਤੂਬਰ 2015 ਨੂੰ ਪੁਲਿਸ ਵਲੋਂ ਢਾਹੇ ਗਏ ਅਤਿਆਚਾਰ ਅਤੇ ਗੋਲੀਬਾਰੀ ਦੌਰਾਨ ਦੋ ਸਿੱਖ ਨੌਜਵਾਨਾਂ ਕਿਸ਼ਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੀ ਮੌਤ ਹੋ ਗਈ ਸੀ। ਜਦਕਿ ਅਨੇਕਾਂ ਸਿੱਖ ਨੌਜਵਾਨ ਜ਼ਖ਼ਮੀ ਹੋ ਗਏ ਸਨ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਦਸਿਆ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਇ ਸਿਰਫ਼ ਸਿਆਸੀ ਰੋਟੀਆਂ ਸੇਕੀਆਂ ਤਾਂ ਪੀੜਤ ਪ੍ਰਵਾਰਾਂ ਨੂੰ ਸਿਰਫ਼ ਆਮ ਆਦਮੀ ਪਾਰਟੀ ਤੋਂ ਹੀ ਇਨਸਾਫ਼ ਦੀ ਆਸ ਜਾਗੀ, ਕਿਉਂਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਉਕਤ ਮਾਮਲਿਆਂ ਦੇ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਿਵਾ ਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਸਨ ਪਰ ਹੁਣ ਉਨ੍ਹਾਂ ਨੇ ਉਕਤ ਵਾਅਦੇ ਅਤੇ ਦਾਅਵੇ ਭੁਲਾ ਦਿਤੇ ਹਨ।
ਉਨ੍ਹਾਂ ਮੰਗ ਕੀਤੀ ਕਿ ਬੇਅਦਬੀ ਕਾਂਡ ਅਤੇ ਬਹਿਬਲ ਗੋਲੀਕਾਂਡ ਮਾਮਲਿਆਂ ਦੀ ਜਾਂਚ ਦੁਬਾਰਾ ਫ਼ਰੀਦਕੋਟ ਅਦਾਲਤ ਵਿਚ ਤਬਦੀਲ ਕਰਵਾਈ ਜਾਵੇ ਤਾਂ ਹੀ ਇਨਸਾਫ਼ ਦੀ ਆਸ ਰੱਖੀ ਜਾ ਸਕਦੀ ਹੈ, ਕਿਉਂਕਿ ਚੰਡੀਗੜ੍ਹ ਅਦਾਲਤ ਵਿਚ ਸੁਣਵਾਈ ਦੌਰਾਨ ਗਵਾਹਾਂ ਅਤੇ ਪੀੜਤਾਂ ਨੂੰ ਜਾਣ ’ਚ ਮੁਸ਼ਕਲ ਆਉਣੀ ਸੁਭਾਵਿਕ ਹੈ।