
Panthak News: ਪੰਥਕ ਕਾਨਫ਼ਰੰਸਾਂ ਦੀਆਂ ਸਟੇਜਾਂ ਉਪਰ ਲਗਦੇ ਦੋਸ਼ਾਂ ਨਾਲ ਪੰਥਕ ਹਲਕੇ ਹੋ ਰਹੇ ਹਨ ਸ਼ਰਮਸਾਰ
Panthak News: ਬੀਤੇ ਕਲ ਰੱਖੜ ਪੁੰਨਿਆ ਅਤੇ ਅੱਜ ਪਿੰਡ ਲੌਂਗੋਵਾਲ ਵਿਖੇ ਹੋਈਆਂ ਪੰਥਕ ਕਾਨਫ਼ਰੰਸਾਂ ਦੀਆਂ ਰੋਜ਼ਾਨਾ ਸਪੋਕਸਮੈਨ ਸਮੇਤ ਵੱਖ-ਵੱਖ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਖ਼ਬਰਾਂ ਨੇ ਜਿਥੇ ਪੰਥਕ ਹਲਕਿਆਂ ’ਚ ਚਰਚਾ ਛੇੜੀ ਹੈ, ਉਥੇ ਪੰਥਕ ਹਲਕਿਆਂ ਦੇ ਜਾਗਰੂਕ ਵਰਗ ਦੀ ਚਿੰਤਾ ਵਿਚ ਵਾਧਾ ਵੀ ਕੀਤਾ ਹੈ।
ਰੱਖੜ ਪੁੰਨਿਆ ਮੌਕੇ ਜੇਕਰ ਸਿਆਸੀ ਕਾਨਫ਼ਰੰਸਾਂ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸੱਤਾਧਾਰੀ ਧਿਰ ਵਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਵਲੋਂ ਸੰਸਦ ਵਿਚ ਕਦੇ ਵੀ ਪੰਥ ਜਾਂ ਪੰਜਾਬ ਦੀ ਗੱਲ ਨਾ ਕਰਨ ਦਾ ਮਿਹਣਾ ਮਾਰਿਆ। ਇਸੇ ਤਰ੍ਹਾਂ ਅਕਾਲੀ ਦਲ ਬਾਦਲ ਦੀ ਸਟੇਜ ਤੋਂ ਸੁਖਬੀਰ ਸਿੰਘ ਬਾਦਲ ਨੇ ਜਿਥੇ ਅਪਣੇ ਵਿਰੋਧੀਆਂ ’ਤੇ ਰੱਜ ਟਕੌਰਾਂ ਕੀਤੀਆਂ ਅਤੇ ਸੰਗੀਨ ਦੋਸ਼ ਲਾਏ, ਉਥੇ ਅਕਾਲੀ ਦਲ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਬਦਲੇ ਭਾਜਪਾ ਅਤੇ ਆਰ ਐਸ ਐਸ ਉਪਰ ਦਲੀਲਾਂ ਨਾਲ ਦੋਸ਼ ਲਾਉਣ ਤੋਂ ਗੁਰੇਜ਼ ਨਾ ਕੀਤਾ।
ਇਸੇ ਤਰ੍ਹਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਲੱਗੀਆਂ ਸਟੇਜਾਂ ਉਪਰ ਵੀ ਇਕ ਦੂਜੇ ਦੀ ਰੱਜ ਕੇ ਨੁਕਤਾਚੀਨੀ ਕੀਤੀ ਗਈ। ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਜਦੋਂ ਅਪੈ੍ਰਲ 1999 ਵਿਚ ਖ਼ਾਲਸਾ ਸਾਜਨਾ ਦਿਵਸ ਦੀ 300 ਸਾਲਾ ਸ਼ਤਾਬਦੀ ਮੌਕੇ ਸਾਰੀ ਸਿੱਖ ਕੌਮ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਮਤਭੇਦਾਂ ਦੇ ਚਲਦਿਆਂ ਅਕਾਲ ਤਖ਼ਤ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ 300 ਸਾਲਾ ਸਮਾਗਮਾਂ ਦੀ ਸੰਪੂਰਨਤਾ ਤਕ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਉਪਰ ਰੋਕ ਲਾ ਦਿਤੀ ਸੀ ਪਰ ਹੁਣ ਅਕਾਲੀਆਂ ਦੇ ਵੱਖ-ਵੱਖ ਧੜਿਆਂ ਦੇ ਆਗੂਆਂ ਦੀ ਤਿੱਖੀ ਅਤੇ ਨਿੰਦਣਯੋਗ ਬਿਆਨਬਾਜ਼ੀ ਦੇ ਬਾਵਜੂਦ ਤਖ਼ਤਾਂ ਦੇ ਜਥੇਦਾਰਾਂ ਵਲੋਂ ਚੁੱਪੀ ਵੱਟਣ ਦੇ ਮਾਮਲੇ ਵਿਚ ਪੰਥਕ ਹਲਕਿਆਂ ਦਾ ਮਾਯੂਸ ਅਤੇ ਨਿਰਾਸ਼ ਹੋਣਾ ਸੁਭਾਵਕ ਹੈ।
ਪੰਥਕ ਹਲਕਿਆਂ ਨੂੰ ਅਜੇ ਵੀ ਆਸ-ਉਮੀਦ ਹੈ ਕਿ ਤਖ਼ਤਾਂ ਦੇ ਜਥੇਦਾਰ ਦੋਹਾਂ ਧਿਰਾਂ ਨੂੰ ਚੁੱਪ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ ਕਿਉਂਕਿ ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਪੰਥਦਰਦੀ ਉਕਤ ਵਰਤਾਰੇ ਨਾਲ ਸ਼ਰਮਸਾਰ ਹੋ ਰਹੇ ਹਨ। ਤਖ਼ਤਾਂ ਦੇ ਜਥੇਦਾਰਾਂ ਕੋਲ 30 ਅਗੱਸਤ ਨੂੰ ਬਾਦਲ ਦਲ ਦੀਆਂ ਦੋਨੋਂ ਧਿਰਾਂ ਦੇ ਮਾਮਲੇ ਵਿਚ ਸੁਣਾਏ ਜਾਣ ਵਾਲੇ ਫ਼ੈਸਲੇ ਤੋਂ ਪਹਿਲਾਂ ਦੋਹਾਂ ਧਿਰਾਂ ਨੂੰ ਫ਼ਜ਼ੂਲ ਦੀ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਕਰਨ ਤੋਂ ਰੋਕਣ ਦੇ ਅਧਿਕਾਰ ਹਨ।
ਰੱਖੜ ਪੁੰਨਿਆ ਮੌਕੇ ਨਰਾਜ਼ ਧੜੇ ਦੇ ਆਗੂਆਂ ਵਲੋਂ ਕਾਨਫ਼ਰੰਸ ਨਹੀਂ ਕੀਤੀ ਗਈ ਪਰ ਪੰਥਕ ਕਾਨਫ਼ਰੰਸ ਵਿਚ ਬੁਲਾਰਿਆਂ ਨੇ ਜਿਥੇ ਪੰਥਕ ਮੁੱਦਿਆਂ ਸਬੰਧੀ 7 ਮਤੇ ਪਾਸ ਕੀਤੇ, ਸੌਦਾ ਸਾਧ ਨੂੰ ਮਾਫ਼ੀ ਦੇਣ ਦੇ ਮਾਮਲੇ ਵਿਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਮੰਗ ਕੀਤੀ, ਉੱਥੇ ਬਾਦਲ ਦਲ ਨੂੰ ਵੀ ਕਈ ਮੁੱਦਿਆਂ ’ਤੇ ਕਟਹਿਰੇ ਵਿਚ ਖੜਾ ਕੀਤਾ।