
ਜਿਸ ਬੇਬਾਕੀ ਨਾਲ ‘ਜਥੇਦਾਰ’ ਹਰ ਪਲੇਟਫ਼ਾਰਮ ਤੇ ਅਕਾਲੀ ਦਲ ਦੇ ਆਗੂਆਂ ਨੂੰ ਖਰੀਆਂ ਖਰੀਆਂ ਸੁਣਾ ਰਹੇ ਹਨ, ਉਸ ਤੋਂ ਅਕਾਲੀ ਦਲ ਦੇ ਕੁੱਝ ਆਗੂ ਨਾਰਾਜ਼ ਚਲ ਰਹੇ ਹਨ
ਅੰਮ੍ਰਿਤਸਰ (ਪਰਮਿੰਦਰ ਅਰੋੜਾ): ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਲਦ ਹੀ ‘ਜਥੇਦਾਰ’ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਪਿੱਛੇ ਮੁੱਖ ਕਾਰਨ ਇਹ ਹੈ ਕਿ ਜਿਸ ਬੇਬਾਕੀ ਨਾਲ ਗਿਆਨੀ ਹਰਪ੍ਰੀਤ ਸਿੰਘ ਹਰ ਪਲੇਟਫ਼ਾਰਮ ਤੇ ਅਕਾਲੀ ਦਲ ਦੇ ਆਗੂਆਂ ਨੂੰ ਖਰੀਆਂ ਖਰੀਆਂ ਸੁਣਾ ਰਹੇ ਹਨ ਉਸ ਤੋਂ ਅਕਾਲੀ ਦਲ ਦੇ ਕੁੱਝ ਆਗੂ ਨਾਰਾਜ਼ ਚਲ ਰਹੇ ਹਨ।
ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ‘ਜਥੇਦਾਰ’ ਵਲੋਂ ਵੱਖ ਵੱਖ ਸਮੇਂ ’ਤੇ ਦਿਤੀਆਂ ਜਾ ਰਹੀਆਂ ਸਲਾਹਾਂ ਨੂੰ ਮੰਨ ਰਹੇ ਹਨ, ਪਰ ਕੁੱਝ ਆਗੂਆਂ ਦਾ ਕਹਿਣਾ ਹੈ ਕਿ ‘ਜਥੇਦਾਰ’ ਵਲੋਂ ਸੁਣਾਈਆਂ ਜਾਂਦੀਆਂ ਖਰੀਆਂ ਖਰੀਆਂ ਕਾਰਨ ਕਈ ਵਾਰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਹੈ। ਅਕਾਲੀ ਦਲ ਦਾ ਵੱਡਾ ਹਿੱਸਾ ‘ਜਥੇਦਾਰ’ ਦੇ ਸਮਰਥਨ ਵਿਚ ਹੈ ਫਿਰ ਵੀ ‘ਜਥੇਦਾਰ’ ਦੇ ਨੇੜਲੇ ਸੂਤਰ ਦਾਅਵਾ ਕਰਦੇ ਹਨ ਕਿ ‘ਜਥੇਦਾਰ’ ਫ਼ੈਸਲਾ ਲੈ ਚੁੱਕੇ ਹਨ ਤੇ ਜਲਦ ਹੀ ਉਹ ਅਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਾਲੇ ਅਹੁਦੇ ਨੂੰ ਤਿਆਗ ਸਕਦੇ ਹਨ। ਕੱੁਝ ਲੋਕਾਂ ਦੀ ਇਹ ਵੀ ਖਵਾਹਿਸ਼ ਹੈ ਕਿ ‘ਜਥੇਦਾਰ’ ਅਪਣੇ ਆਪ ਨੂੰ ਸਿਰਫ਼ ਪੂਜਾ ਪਾਠ ਤਕ ਸੀਮਤ ਰੱਖੇ।
‘ਜਥੇਦਾਰ’ ਕੌਮ ਦੀ ਅਗਵਾਈ ਕਰਨ ਦੇ ਯਤਨ ਹੀ ਨਾ ਕਰੇ। ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਤਰ੍ਹਾਂ ਨਾਲ ਬੀਤੇ ਸਮੇ ਵਿਚ ਪੰਥਕ ਮਸਲਿਆਂ ਤੇ ਧਿਆਨ ਕੇਂਦਰਤ ਕਰ ਕੇ ਵੱਖ ਵੱਖ ਪੰਥਕ ਮਸਲਿਆਂ ਦੇ ਹੱਲ ਲਈ ਯਤਨ ਕੀਤੇ ਹਨ ਉਹ ਵੀ ਕੁੱਝ ਲੋਕਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੇ। ‘ਜਥੇਦਾਰ’ ਅੱਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰ ਨਿਵਾਇਆ ਹੈ, ਉਸ ਨੂੰ ਵੀ ਕੁੱਝ ਡੇਰੇਦਾਰ ਬਰਦਾਸ਼ਤ ਨਹੀਂ ਕਰ ਰਹੇ। ਇਨ੍ਹਾਂ ਡੇਰਦਾਰਾਂ ਦੀ ਨਜ਼ਰ ਵਿਚ ‘ਜਥੇਦਾਰ’ ਸਿਰਫ਼ ਅਕਾਲੀ ਦਲ ਦਾ ਬੁਲਾਰਾ ਹੋਣਾ ਚਾਹੀਦਾ ਹੈ ਪਰ ‘ਜਥੇਦਾਰ’ ਅਕਾਲੀ ਦਲ ਦੀ ਅਧੀਨਗੀ ਕਬੂਲ ਕਰਨ ਦੀ ਬਜਾਏ ਪੰਥ ਨੂੰ ਨਾਲ ਲੈ ਕੇ ਚਲਣ ਵਿਚ ਵਿਸ਼ਵਾਸ ਰੱਖ ਰਿਹਾ ਹੈ।