
Panthak News: ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ 25 ਫ਼ਰਬਰੀ ਤਕ ਵੋਟਰ ਸੂਚੀਆਂ ਬਣਾਉਣ ਦੀ ਹਦਾਇਤ
Panthak News: ਪਿਛਲੇ ਹਫ਼ਤੇ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਵਲੋਂ ਪੰਜਾਬ ਹਿਮਾਚਲ ਪ੍ਰਦੇਸ਼ ਤੇ ਯੂ.ਟੀ. ਚੰਡੀਗੜ੍ਹ ਦੇ ਸਿੱਖ ਗੁਰਦਵਾਰਾ ਕਮਿਸ਼ਨਰ ਨੂੰ ਲਿਖੇ ਪੱਤਰ ਰਾਹੀਂ, ਸਿੱਖ ਵੋਟਰ ਫ਼ਾਰਮ ਭਰਨ ਦੀ ਆਖ਼ਰੀ ਤਰਕੀ ਫਿਰ ਡੇਢ ਮਹੀਨਾ ਹੋਰ ਵਧਾਉਣ ਯਾਨੀ 15 ਦਸੰਬਰ ਤਕ ਕਰਨ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਮੈਂਬਰਾਂ ਦੀ ਚੋਣ ਦੀ ਆਸ ਪੱਕੀ ਹੋ ਗਈ ਹੈ।
ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਵੋਟਰ ਫ਼ਾਰਮ ਭਰਨ ਦੀ ਆਖ਼ਰੀ ਤਰੀਕ ਹੁਣ ਪੰਜਵੀਂ ਵਾਰ ਵਧਾਈ ਗਈ ਹੈ ਜੋ ਪਹਿਲਾਂ 31 ਅਕਤੂਬਰ, 30 ਸਤੰਬਰ, 31 ਅਗਸਤ, 31 ਮਾਰਚ ਸੀ। ਜ਼ਿਕਰਯੋਗ ਹੈ ਕਿ ਇਹ ਵੋਟਰ ਫ਼ਾਰਮ ਭਰਨ ਦੀ ਪ੍ਰਕਿਰਿਆ ਪਿਛਲੇ ਸਾਲ 15 ਅਕਤੂਬਰ ਤੋਂ ਸ਼ੁਰੂ ਹੋਈ ਸੀ। ਹੁਣ 13 ਨਵੰਬਰ ਨੂੰ ਜਾਰੀ ਚਿੱਠੀ ’ਚ ਸਿੱਖ ਵੋਟਰ ਫ਼ਾਰਮ ਭਰਨ ਦੀ ਆਖ਼ਰੀ ਤਰੀਕ 15 ਦਸੰਬਰ ਤਕ ਵਧਾਉਣ ਦੇ ਨਾਲ ਨਾਲ ਚੀਫ਼ ਕਮਿਸ਼ਨਰ ਨੇ 8 ਨੁਕਾਤੀ ਪ੍ਰੋਗਰਾਮਾਂ ਵੀ ਜਾਰੀ ਕੀਤਾ ਹੈ।
ਜਿਸ ਮੁਤਾਬਕ 16 ਦਸੰਬਰ 2024 ਤੋਂ 2 ਜਨਵਰੀ 2025 ਤਕ, ਵੋਟਰ ਫ਼ਾਰਮਾਂ ਦੀਆਂ ਮੁਢਲੀਆਂ ਲਿਸਟਾਂ ਛਾਪ ਕੇ ਕੇਂਦਰਾਂ ’ਤੇ ਲਗਾਈਆਂ ਜਾਣਗੀਆਂ ਜਦੋਂ ਕਿ 3 ਜਨਵਰੀ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੋਟਰ ਲਿਸਟਾਂ ਛਾਪ ਕੇ ਲਾਉਣਗੇ। ਜਨਵਰੀ 24 ਤਕ ਸ਼ਿਕਾਇਤਾਂ ’ਤੇ ਇਤਰਾਜ ਮੰਗੇ ਜਾਣਗੇ, 5 ਫ਼ਰਵਰੀ ਤਕ ਇਤਰਾਜਾਂ ਦਾ ਹੱਲ ਕੱਢਣ ਤੇ ਵੋਟਰ ਲਿਸਟਾਂ ’ਚ ਸੁਧਾਈ ਕਰ ਕੇ 24 ਫ਼ਰਵਰੀ ਤਕ ਸਪਲੀਮੈਂਟਰੀ ਵੋਟਰ ਲਿਸਟਾਂ ਛਾਪ ਕੇ 25 ਫ਼ਰਵਰੀ ਨੂੰ ਪੱਕੀਆਂ ਵੋਟਰ ਲਿਸਟਾਂ ਛਪ ਜਾਣਗੀਆਂ ਜਿਨ੍ਹਾਂ ਨੂੰ ਆਧਾਰ ਮੰਨ ਕੇ 159 ਮੈਂਬਰੀ ਜਨਰਲ ਹਾਊਸ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।
ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਰਾਹੀਂ ਪੰਜਾਬ ਦੇ ਕਮਿਸ਼ਨਰ ਦੇ ਸੂਤਰਾਂ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਪਤਾ ਲੱਗਾ ਹੈ ਕਿ 25 ਫ਼ਰਵਰੀ ਨੂੰ ਵੋਟਰ ਸੂਚੀਆਂ ਛਪਣ ਉਪਰੰਤ ਚੋਣ ਪ੍ਰਕਿਰਿਆ ਨੂੰ 35-40 ਦਿਨ ਲੱਗਦੇ ਹਨ ਅਤੇ ਇਸ ਸ਼੍ਰੋਮਣੀ ਕਮੇਟੀ ਹਾਊਸ ਦੇ 159 ਮੈਂਬਰ, ਅਪ੍ਰੈਲ 2025 ’ਚ ਚੁਣੇ ਜਾਣ ਦੀ ਪੱਕੀ ਆਸ ਹੈ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਤਕ 51 ਲੱਖ ਸਿੱਖ ਮਰਦਾਂ ਤੇ ਸਿੱਖ ਬੀਬੀਆਂ ਨੇ ਵੋਟਰ ਫ਼ਾਰਮ ਭਰ ਦਿਤੇ ਹਨ ਅਤੇ 15 ਦਸੰਬਰ ਤਕ ਰਹਿ ਚੁੱਕੇ ਸਿੱਖ ਵੋਟਰ ਹੋਰ ਭਰ ਦੇਣਗੇ। ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ’ਚ ਪੈਂਦੇ 13 ਹਜ਼ਾਰ ਤੋਂ ਵੱਧ ਪਿੰਡਾਂ ਤੇ 200 ਦੇ ਕਰੀਬ ਛੋਟੇ ਵੱਡੇ ਕਸਬਿਆਂ ਤੇ ਸ਼ਹਿਰਾਂ ਦੇ ਗੁਰਦਵਾਰਿਆਂ ’ਤੇ ਲੱਗੇ ਸਪੀਕਰਾਂ ਰਾਹੀਂ 21 ਸਾਲ ਤੋਂ ਵੱਧ ਉਮਰ ਦੇ ਲੜਕੇ ਤੇ ਲੜਕੀਆਂ ਨੂੰ ਵੋਟਰ ਫ਼ਾਰਮ ਭਰਨ ਦੀ ਬੇਨਤੀ ਕੀਤੀ ਜਾ ਰਹੀ ਹੈ।
ਹਰਿਆਣਾ ਦੀ ਵੱਖਰੀ ਗੁਰਦਵਾਰਾ ਕਮੇਟੀ ਸਬੰਧੀ 2015 ’ਚ ਐਕਟ ਬਣਨ ਕਰ ਕੇ 120 ਸੀਟਾਂ ਵਾਲੀ ਸ਼੍ਰੋਮਣੀ ਕਮੇਟੀ ਦੀਆਂ ਹੁਣ ਕੁੱਲ 112 ਸੀਟਾਂ ਰਹਿ ਗਈਆਂ ਹਨ। ਇਨ੍ਹਾਂ ’ਚ 110 ਸੀਟਾਂ ਪੰਜਾਬ ਦੀਆਂ ਹਨ ਜਿੱਥੋਂ 157 ਮੈਂਬਰ ਚੁਣੇ ਜਾਣਗੇ ਕਿਉਂਕਿ 47 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹਨ। ਇਕ ਇਕ ਮੈਂਬਰ ਹਿਮਾਚਲ ਤੇ ਯੂਟੀ ਚੰਡੀਗੜ੍ਹ ਤੋਂ ਚੁਣਿਆ ਜਾਣਾ ਹੈ।
13 ਸਾਲ ਪਹਿਲਾਂ ਸਤੰਬਰ 2011 ’ਚ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਸਹਿਜਧਾਰੀ ਸਿੱਖ ਵੋਟਰਾਂ ਨੂੰ ਲਾਂਭੇ ਕਰਨ ਨਾਲ ਲੰਮੇ ਅਦਾਲਤੀ ਕੇਸਾਂ ’ਚ ਪਈਆਂ ਰਹੀਆਂ। ਦੇਸ਼ ਦੀ ਆਜ਼ਾਦੀ ਉਪਰੰਤ ਇਹ ਚੋਣਾਂ 1953, 1959, 1964, 1978,1996, 2004 ਤੇ 2011 ’ਚ ਹੋਈਆਂ ਸਨ, ਜਦੋਂ ਕਿ ਗੁਰਦਵਾਰਾ ਐਕਟ ਅਨੁਸਾਰ ਜਨਰਲ ਹਾਊਸ ਦੀ ਮਿਆਦ ਕਵੇਲ 5 ਸਾਲ ਹੁੰਦੀ ਹੈ