ਕਦੇ ਦੇਖਿਆ ਅਜਿਹਾ ਪਿਤਾ? ਜੋ ਕਦੇ ਪਿਤਾ ਨੂੰ ਤੋਰਦਾ, ਕਦੇ ਪੁੱਤਰਾਂ ਨੂੰ ਤੋਰਦਾ
Published : Dec 27, 2022, 5:26 pm IST
Updated : Dec 27, 2022, 5:26 pm IST
SHARE ARTICLE
Guru Gobind Singh Ji
Guru Gobind Singh Ji

ਇਨਸਾਨੀਅਤ ਤੇ ਮਨੁੱਖਤਾ ਲਈ ਪਿਤਾ ਤੋਂ ਬਾਅਦ ਪੁਤਰਾਂ ਤੇ ਮਾਤਾ ਦਾ ਬਲੀਦਾਨ ਦੇਣਾ ਸਿਰਫ਼ ਤੇ ਸਿਰਫ਼ ਦਸ਼ਮੇਸ਼ ਪਿਤਾ ਦੇ ਹਿੱਸੇ ਹੀ ਆਇਆ ਹੈ।

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਸਾਜਨਾ ਨਾਲ ਸਿੱਖ ਧਰਮ ਨੂੰ ਨਿਡਰਤਾ ਦੀ ਦਾਤ ਬਖ਼ਸ਼ ਕੇ ਹਕੂਮਤੀ ਬੇਇਨਸਾਫ਼ੀਆਂ ਵਿਰੁਧ ਆਵਾਜ਼ ਨੂੰ ਹੋਰ ਪ੍ਰਚੰਡ ਕੀਤਾ। ਕੁਰਬਾਨੀਆਂ ਦੇ ਮਾਮਲੇ ਵਿਚ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਮੇਚ ਦੀ ਉਦਾਹਰਣ ਸੰਸਾਰ ਦੇ ਕਿਸੇ ਵੀ ਇਤਿਹਾਸ ਵਿਚ ਨਹੀਂ ਮਿਲਦੀ। ਇਨਸਾਨੀਅਤ ਤੇ ਮਨੁੱਖਤਾ ਲਈ ਪਿਤਾ ਤੋਂ ਬਾਅਦ ਪੁਤਰਾਂ ਤੇ ਮਾਤਾ ਦਾ ਬਲੀਦਾਨ ਦੇਣਾ ਸਿਰਫ਼ ਤੇ ਸਿਰਫ਼ ਦਸ਼ਮੇਸ਼ ਪਿਤਾ ਦੇ ਹਿੱਸੇ ਹੀ ਆਇਆ ਹੈ।

ਗੁਰੂ ਸਾਹਿਬ ਨੇ ਬਾਲ ਉਮਰੇ ਪਿਤਾ ਨੂੰ ਕਸ਼ਮੀਰੀ ਪੰਡਿਤਾਂ ਦੀ ਰਖਵਾਲੀ ਲਈ ਸ਼ਹਾਦਤ ਲਈ ਤੋਰ ਕੇ ਤੇ ਮੁਗ਼ਲਾਂ ਦੇ ਜ਼ੁਲਮ ਦਾ ਜਵਾਬ ਦੇਣ ਲਈ ਬਾਲ ਪੁਤਰਾਂ ਤੇ ਮਾਤਾ ਦੀ ਕੁਰਬਾਨੀ ਦੇ ਕੇ ਵਿਲੱਖਣ ਇਤਿਹਾਸ ਸਿਰਜਿਆ। ਗੁਰੂ ਸਾਹਿਬ ਵਲੋਂ ਦਿਤੀਆਂ ਪਿਤਾ, ਮਾਤਾ ਤੇ ਪੁਤਰਾਂ ਦੀਆਂ ਕਰਬਾਨੀਆਂ ਨਾ ਨਿੱਜ ਲਈ ਸਨ ਅਤੇ ਨਾ ਹੀ ਵਿਸ਼ੇਸ਼ ਧਰਮ ਲਈ ਸਗੋਂ ਇਹ ਕੁਰਬਾਨੀਆਂ ਇਨਸਾਨੀਅਤ ਲਈ ਸਨ।

ਗੁਰੂ ਸਾਹਿਬ ਦਾ ਪ੍ਰਕਾਸ਼ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖੋਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਪਟਨਾ ਸਾਹਿਬ ਵਿਖੇ ਹੋਇਆ। ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਬੰਗਾਲ ਤੇ ਅਸਾਮ ਦੀ ਯਾਤਰਾ ਉਤੇ ਆਏ ਹੋਏ ਸਨ। ਬਾਲ ਗੋਬਿੰਦ ਰਾਏ ਦੀ ਉਮਰ ਚਾਰ ਕੁ ਵਰ੍ਹੇ ਦੀ ਹੋਵੇਗੀ ਜਦੋਂ ਉਨ੍ਹਾਂ ਦਾ ਪ੍ਰਵਾਰ ਮੁੜ ਆਨੰਦਪੁਰ ਸਾਹਿਬ ਆ ਗਿਆ।

ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਅਧੀਨ ਕਸ਼ਮੀਰ ਦੇ ਗਵਰਨਰ ਵਲੋਂ ਕਸ਼ਮੀਰੀ ਪੰਡਿਤਾਂ ਉਤੇ ਧਾਰਮਕ ਤਸ਼ੱਦਦ ਕੀਤਾ ਜਾ ਰਿਹਾ ਸੀ। ਹਿੰਦੂ ਧਾਰਮਕ ਅਸਥਾਨਾਂ ਨੂੰ ਢਹਿ ਢੇਰੀ ਕਰ ਕੇ ਉਨ੍ਹਾਂ ਨੂੰ ਇਸਲਾਮ ਧਾਰਨ ਲਈ ਮਜਬੂਰ ਕਰ ਰਹੇ ਸਨ। ਕਸ਼ਮੀਰੀ ਪੰਡਤ ਅਪਣੇ ਧਰਮ ਦੀ ਰਖਵਾਲੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ ਤਾਂ ਉਸ ਸਮੇਂ ਬਾਲ ਗੋਬਿੰਦ ਰਾਏ ਦੀ ਉਮਰ ਮਹਿਜ਼ 9 ਵਰ੍ਹਿਆਂ ਦੀ ਸੀ।

ਬਾਲ ਗੋਬਿੰਦ ਰਾਏ ਨੇ ਛੋਟੀ ਉਮਰ ਵਿਚ ਵੱਡੀ ਸੋਚ ਦਾ ਪ੍ਰਮਾਣ ਦਿੰਦਿਆਂ ਪਿਤਾ ਜੀ ਨੂੰ ਧਾਰਮਕ ਆਜ਼ਾਦੀ ਦੀ ਰਖਵਾਲੀ ਲਈ ਮੁਗ਼ਲ ਹਕੂਮਤ ਨਾਲ ਗੱਲ ਕਰਨ ਲਈ ਕਿਹਾ। ਧਾਰਮਕ ਕੱਟੜਤਾ ਵਿਚ ਅੰਨ੍ਹੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਵੀ ਇਸਲਾਮ ਧਾਰਨ ਕਰਨ ਜਾਂ ਮੌਤ ਕਬੂਲਣ ਲਈ ਕਿਹਾ। ਗੁਰੁ ਸਾਹਿਬ ਵਲੋਂ ਇਸਲਾਮ ਧਰਮ ਕਬੂਲਣ ਤੋਂ ਇਨਕਾਰ ਕਰਨ ਉਤੇ ਉਨ੍ਹਾਂ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿਤਾ ਗਿਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਬਾਲ ਗੋਬਿੰਦ ਰਾਏ ਦਸਵੇਂ ਗੁਰੂ ਵਜੋਂ ਗੁਰੂਗੱਦੀ ਉਤੇ ਬਿਰਾਜਮਾਨ ਹੋਏ। ਉਨਾਂ ਸਮਾਜਕ ਸਮਾਨਤਾ, ਸੁਤੰਤਰਤਾ ਤੇ ਸ਼ਾਂਤੀ ਦੀ ਸਥਾਪਨਾ ਲਈ ਲਏ ਸੰਕਲਪ ਦੀ ਪੂਰਤੀ ਲਈ  ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਉਨ੍ਹਾਂ ਹਕੂਮਤੀ ਜ਼ੁਲਮਾਂ ਦਾ ਜਵਾਬ ਦੇਣ ਲਈ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਤੇ ਯੁਧ ਕਲਾ ਵਿਚ ਨਿਪੁੰਨ ਹੋਣ ਲਈ ਕਿਹਾ।

ਗੁਰੂ ਸਾਹਿਬ ਨੇ ਸਿੱਖਾਂ ਲਈ ਘੁੜਸਵਾਰੀ ਤੇ ਸ਼ਸਤਰ ਚਲਾਉਣ ਦੀ ਸਿਖਲਾਈ ਦੇਣ ਦੇ ਪ੍ਰਬੰਧ ਕੀਤੇ। ਖ਼ਾਲਸਾਈ ਜੰਗੀ ਤਿਆਰੀਆਂ ਮੁਗ਼ਲ ਹਕੂਮਤ ਅਤੇ ਪਹਾੜੀ ਰਾਜਿਆਂ ਦੀਆਂ ਅੱਖਾਂ ਵਿਚ ਰੜਕਣ ਲੱਗੀਆਂ ਤੇ ਉਹ ਗੁਰੂ ਜੀ ਨਾਲ ਖ਼ਾਰ ਖਾਣ ਲੱਗੇ। ਦਸਮ ਪਿਤਾ ਦੇ ਘਰ ਚਾਰ ਪੁਤਰਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਹੋਇਆ।

ਗੁਰੁ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਨਿਡਰਤਾ ਨਾਲ ਜ਼ੁਲਮਾਂ ਦਾ ਟਾਕਰਾ ਕਰਨ ਦੀ ਸਿਖਿਆ ਦਿੰਦਿਆਂ ਆਮ ਲੋਕਾਂ ਵਿਚ ਸਾਹਸ ਭਰਿਆ। ਗੁਰੂ ਸਾਹਿਬ ਨੇ ਲੋਕਾਂ ਦੀ ਮਰ ਚੁੱਕੀ ਆਤਮਾ ਨੂੰ ਅਜਿਹਾ ਹਲੂਣਾ ਦਿਤਾ ਕਿ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਡਾਵਾਂਡੋਲ ਹੋਣ ਲਗੀਆਂ। ਮੁਗ਼ਲ ਸ਼ਾਸਕ ਗੁਰੁ ਸਾਹਿਬ ਤੋਂ ਭੈਅ ਖਾਣ ਲੱਗੇ। ਹਕੂਮਤ ਦੀਆਂ ਨਜ਼ਰਾਂ ਹਰ ਸਮੇਂ ਗੁਰੁ ਸਾਹਿਬ ਦੀਆਂ ਕਾਰਵਾਈਆਂ ਉਤੇ ਟਿਕੀਆਂ ਰਹਿਣ ਲਗੀਆਂ।

ਗੁਰੂ ਸਾਹਿਬ ਨੇ ਵੱਡੇ ਪੁਤਰਾਂ ਨੂੰ ਵੀ ਤਲਵਾਰਬਾਜ਼ੀ ਤੇ ਘੁੜਸਵਾਰੀ ਦੀ ਸਿਖਲਾਈ ਦੇ ਕੇ ਯੁਧ ਕਲਾ ਵਿਚ ਨਿਪੁੰਨ ਬਣਾਇਆ। ਦਸਮ ਪਿਤਾ ਨੇ ਅਪਣੇ ਜੀਵਨ ਕਾਲ ਦੌਰਾਨ ਭੰਗਾਣੀ ਦਾ ਯੁਧ, ਨਾਦੌਣ ਦਾ ਯੁੱਧ, ਆਨੰਦਪੁਰ ਸਾਹਿਬ ਦਾ ਯੁਧ, ਨਿਰਮੋਹਗੜ੍ਹ ਦਾ ਯੁਧ ਬਸੌਲੀ ਦਾ ਯੁਧ, ਚਮਕੌਰ ਸਾਹਿਬ ਦਾ ਯੁਧ ਤੇ ਸ੍ਰੀ ਮੁਕਤਸਰ ਸਾਹਿਬ ਦੇ ਯੁਧ ਸਮੇਤ 13 ਧਰਮ ਯੁਧ ਲੜੇ ਜਿਨ੍ਹਾਂ ਵਿਚੋਂ ਇਕ ਵੀ ਯੁਧ ਨਿੱਜ ਲਈ, ਬਦਲੇ ਲਈ, ਸੱਤਾ ਪ੍ਰਾਪਤੀ ਲਈ ਜਾਂ ਧਨ ਪ੍ਰਾਪਤੀ ਲਈ ਨਹੀਂ ਸੀ ਲੜਿਆ। 

ਗੁਰੂ ਸਾਹਿਬ ਦਾ ਉਦੇਸ਼ ਸਮਾਜ ਵਿਚ ਨਿਆਂ ਦੀ ਵਿਵਸਥਾ ਕਾਇਮ ਕਰ ਕੇ ਸੱਭ ਨੂੰ ਸਮਾਨਤਾ ਅਤੇ ਸੁਤੰਤਰਤਾ ਪ੍ਰਦਾਨ ਕਰਵਾਉਣਾ ਸੀ। ਗੁਰੂ ਸਾਹਿਬ ਨੇ ਸ਼ਾਂਤੀ ਦੀ ਸਥਾਪਨਾ ਲਈ ਖ਼ਾਲਸੇ ਨੂੰ ਹਮੇਸ਼ਾ ਯੁਧ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ। ਗੁਰੁ ਸਾਹਿਬ ਨੇ ਅਪਣੇ ਮੁਢਲੇ ਜੀਵਨ ਦਾ ਬਹੁਤਾ ਸਮਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਿਤਾਇਆ।

ਮੁਗ਼ਲ ਹਕੂਮਤ ਨੇ ਕੁਰਾਨ ਦੀਆਂ ਸਹੁੰਆਂ ਖਾ ਕੇ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਬੇਨਤੀਆਂ ਕੀਤੀਆਂ। ਪਰ ਜਿਉਂ ਹੀ ਗੁਰੂ ਸਾਹਿਬ ਨੇ ਪ੍ਰਵਾਰ ਅਤੇ ਖ਼ਾਲਸਾਈ ਫ਼ੌਜਾਂ ਸਮੇਤ ਚਾਲੇ ਪਾਏ ਤਾਂ ਮੁਗ਼ਲ ਹਕੂਮਤ ਨੇ ਸਾਰੀਆਂ ਸਹੁੰਆਂ ਤੋੜ ਕੇ ਗੁਰੂ ਜੀ ਤੇ ਉਨ੍ਹਾਂ ਦੀਆਂ ਫ਼ੌਜਾਂ ਉਤੇ ਹਮਲਾ ਕਰ ਦਿਤਾ। ਸਰਸਾ ਨਦੀ ਦੇ ਕਿਨਾਰੇ ਹੋਏ ਯੁਧ ਦੌਰਾਨ ਖ਼ਾਲਸਾਈ ਫ਼ੌਜਾਂ ਨੇ ਗਿਣਤੀ ਘੱਟ ਹੋਣ ਦੇ ਬਾਵਜੂਦ ਮੁਗ਼ਲ ਫ਼ੌਜਾਂ ਨੂੰ ਮੂੰਹ ਤੋੜ ਜਵਾਬ ਦਿਤਾ।

ਸਰਸਾ ਨਦੀ ਦਾ ਪਾਣੀ ਚੜ੍ਹਨ ਕਾਰਨ ਗੁਰੁ ਸਾਹਿਬ ਦਾ ਪ੍ਰਵਾਰ ਤੇ ਖ਼ਾਲਸਾਈ ਫ਼ੌਜ ਵਿਛੜ ਗਏ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਇਕ ਪਾਸੇ ਅਤੇ ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ ਇਕ ਪਾਸੇ ਰਹਿ ਗਏ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਨੇ ਸਹਾਰਾ ਦੇਣ ਦੇ ਬਹਾਨੇ ਮੁਗ਼ਲ ਹਕੂਮਤ ਦੇ ਸਪੁਰਦ ਕਰ ਦਿਤਾ। ਖ਼ਾਲਸਾਈ ਫ਼ੌਜਾਂ ਤੇ ਮੁਗ਼ਲ ਫ਼ੌਜਾਂ ਵਿਚਕਾਰ ਯੁਧ ਵਿਚ ਗੁਰੁ ਸਾਹਿਬ ਦੇ ਸਿੱਖਾਂ ਦੀ ਸ਼ਹਾਦਤ ਦੇ ਨਾਲ ਨਾਲ ਵੱਡੇ ਸਾਹਿਬਜ਼ਾਦੇ ਵੀ ਬਹਾਦਰੀ ਨਾਲ ਧਰਮ ਯੁਧ ਲੜਦਿਆਂ ਸ਼ਹਾਦਤ ਦਾ ਜਾਮ ਪੀ ਗਏ।

ਇਧਰ ਠੰਢੇ ਬੁਰਜ ਵਿਚ ਕੈਦ ਛੋਟੇ ਸਾਹਿਬਜ਼ਾਦਿਆਂ ਨੂੰ ਮੁਗ਼ਲਾਂ ਨੇ ਅਣਮਨੁੱਖੀ ਤਸੀਹੇ ਦੇ-ਦੇ ਕੇ ਸ਼ਹੀਦ ਕਰ ਦਿਤਾ ਤੇ ਮਾਤਾ ਗੁਜਰੀ ਜੀ ਸੁਆਸ ਤਿਆਗ ਗਏ। ਧਰਮ ਦੀ ਰਖਵਾਲੀ ਲਈ ਪਿਤਾ ਦੀ ਕੁਰਬਾਨੀ ਤੋਂ ਬਾਅਦ ਚਾਰੇ ਪੁਤਰਾਂ ਤੇ ਮਾਤਾ ਜੀ ਦੀ ਸ਼ਹਾਦਤ ਨੂੰ ਦਸਮ ਪਿਤਾ ਵਲੋਂ ਰੱਬ ਦਾ ਭਾਣਾ ਕਹਿ ਕੇ ਖਿੜੇ ਮੱਥੇ ਸਵੀਕਾਰ ਕਰਨਾ ਸ਼ਬਦਾਂ ਦੇ ਬਿਆਨ ਤੋਂ ਬਾਹਰ ਹੈ।

ਗੁਰੂ ਸਾਹਿਬ ਉੱਚ ਕੋਟੀ ਦੇ ਵਿਦਵਾਨ ਤੇ ਦਾਰਸ਼ਨਿਕ ਸਨ। ਆਪ ਗੁਰਮੁਖੀ, ਸੰਸਕ੍ਰਿਤ ਤੇ ਬ੍ਰਜ ਭਾਸ਼ਾ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿਦਵਾਨ ਗਿਆਤਾ ਸਨ। ਮੁਕਤਸਰ ਸਾਹਿਬ ਦੇ ਯੁਧ ਉਪਰੰਤ ਗੁਰੂ ਸਾਹਿਬ ਨਾਦੇੜ ਸਾਹਿਬ ਚਲੇ ਗਏ। ਇਥੇ ਵਜ਼ੀਰ ਖ਼ਾਨ ਨੇ ਅਪਣੇ ਦੋ ਖ਼ਾਸ ਬੰਦੇ ਭੇਜ ਕੇ ਧੋਖੇ ਨਾਲ ਰਾਤ ਸਮੇਂ ਆਰਾਮ ਕਰ ਰਹੇ ਗੁਰੂ ਜੀ ਉਤੇ ਖੰਜਰ ਨਾਲ ਵਾਰ ਕਰਵਾ ਦਿਤਾ।

ਇਹ ਖ਼ੰਜਰ ਗੁਰੂ ਜੀ ਦੀ ਛਾਤੀ ਵਿਚ ਲਗਿਆ। ਜਵਾਬ ਵਿਚ ਗੁਰੂ ਸਾਹਿਬ ਨੇ ਉਸ ਹਮਲਾਵਰ ਨੂੰ ਉਥੇ ਹੀ ਸਦਾ ਦੀ ਨੀਂਦ ਸੁਆ ਦਿਤਾ। ਛਾਤੀ ਦਾ ਜ਼ਖ਼ਮ ਏਨਾ ਡੂੰਘਾ ਸੀ ਕਿ ਹੌਲੀ-ਹੌਲੀ ਗੁਰੂ ਸਾਹਿਬ ਦੇ ਸਾਰੇ ਸ੍ਰੀਰ ਵਿਚ ਜ਼ਹਿਰ ਫੈਲ ਗਿਆ। ਇਥੇ ਹੀ ਸ੍ਰੀ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦੇ ਕੇ ਸਮੁਚੇ ਸਿੱਖ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਤੇ ਅਗਵਾਈ ਅਨੁਸਾਰ ਜੀਵਨ ਬਤੀਤ ਕਰਨ ਲਈ ਕਹਿ ਕੇ ਗੁਰੂ ਸਾਹਿਬ ਨੇ ਸ੍ਰੀਰ ਤਿਆਗ ਦਿਤਾ।

 

 

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement