 
          	ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦਾ ਸਹਾਰਾ ਲੈਣ ਦੀ ਤਿਆਰੀ ਵਿੱਢੀ
ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹਟਾਏ ਗਏ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਜ਼ੁਬਾਨ ਬੰਦ ਕਰਨ ਲਈ ਹੁਣ ਧਰਮ ਦਾ ਡਰ ਦਿਖਾ ਕੇ ਧਾਰਮਕ ਡੰਡਾ ਇਸਤੇਮਾਲ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਗਿਆਨੀ ਇਕਬਾਲ ਸਿੰਘ ਦੀ ਜ਼ੁਬਾਨ ਨੂੰ ਬੰਦ ਕਰਨ ਲਈ ਅਗਲੇ ਕੁੱਝ ਦਿਨਾਂ ਵਿਚ ਅਕਾਲ ਤਖ਼ਤ ਸਾਹਿਬ 'ਤੇ ਧਾਰਮਕ ਫ਼ਤਵਾਂ ਜਾਰੀ ਕੀਤੇ ਜਾਣ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ।
ਜਾਣਕਾਰੀ ਮੁਤਾਬਕ ਸੌਦਾ ਸਾਧ ਮਾਫ਼ੀ ਕਾਂਡ ਵਿਚ ਬੜੇ ਹੀ ਨਜ਼ਦੀਕ ਰਹੇ ਗਿਆਨੀ ਇਕਬਾਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਸੌਦਾ ਸਾਧ ਨੂੰ ਮਾਫ਼ੀ ਕਾਂਡ ਬਾਰੇ ਅਪਣੇ ਕੋਲ ਮੌਜੂਦ ਜਾਣਕਾਰੀ ਮੁਹਈਆ ਕਰਵਾ ਕੇ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਅਪਣੇ ਪੁਰਾਣੇ ਮਿੱਤਰਾਂ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਹਨ। ਗਿਆਨੀ ਇਕਬਾਲ ਸਿੰਘ ਦੀ ਇਸ ਕਾਰਵਾਈ ਕਾਰਨ ਲੋਕ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਨੱਕ ਰਾਹੀਂ ਚਣੇ ਚਬਾਉਣੇ ਪੈ ਸਕਦੇ ਹਨ। ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਕੋਲ ਜਿੱਤਣ ਦੇ ਮੌਕੇ ਤਾਂ ਪਹਿਲਾਂ ਹੀ ਨਾਂਹ ਦੇ ਬਾਰਬਰ ਹਨ ਤੇ ਹੁਣ ਗਿਆਨੀ ਇਕਬਾਲ ਸਿੰਘ ਦੇ ਮਾਸਟਰ ਸਟਰੋਕ ਨੇ ਰਹੀ ਕਸਰ ਵੀ ਖ਼ਤਮ ਕਰ ਦਿਤੀ ਹੈ। ਇਸ ਦੇ ਤੋੜ ਵਜੋਂ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦਾ ਸਹਾਰਾ ਲੈਣ ਦੀ ਤਿਆਰੀ ਵਿੱਢੀ ਹੈ।
ਸੂਤਰਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਜਲਦ ਹੀ ਗਿਆਨੀ ਇਕਬਾਲ ਸਿੰਘ ਨੂੰ ਆਚਰਣਹੀਣਤਾ, ਭ੍ਰਿਸ਼ਟਾਚਾਰ ਅਤੇ ਇਕ ਵਿਆਹੁਤਾ ਇਸਤਰੀ ਦੇ ਹੁੰਦੇ ਦੂਜੀ ਸ਼ਾਦੀ ਕਰਨ ਅਤੇ ਅਜਿਹੇ ਹੋਰ ਕਈ ਦੋਸ਼ਾਂ ਤਹਿਤ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰ ਕੇ ਮਿਸਾਲੀ ਸਜ਼ਾ ਦੇਣ ਦੀਆਂ ਮੁਢਲੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਸ ਕਾਰਜ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਦਾ ਵੀ ਪੂਰਾ ਸਹਿਯੋਗ ਹਾਸਲ ਹੈ।
 
                     
                
 
	                     
	                     
	                     
	                     
     
     
     
     
     
                     
                     
                     
                     
                    