
ਗਿਆਨੀ ਇਕਬਾਲ ਸਿੰਘ ਅਪਣੀ ਭੁੱਲ ਸੁਧਾਰਦੇ ਹੋਏ ਅਪਣਾ ਫ਼ੈਸਲਾ ਵਾਪਸ ਲਵੋ ਅਤੇ ਉਨ੍ਹਾਂ ਲੋਕਾਂ ਦੇ ਨਾਮ ਜਨਤਕ ਕਰੋ ਜਿਨ੍ਹਾਂ ਦੇ ਕਹਿਣ 'ਤੇ ਤੁਸੀ ਇਹ ਫ਼ੈਸਲਾ ਲਿਆ ਸੀ।
ਤਰਨਤਾਰਨ, (ਚਰਨਜੀਤ ਸਿੰਘ): ਕੋਲਕੱਤਾ ਦੇ ਗੁਰਦਵਾਰਾ ਜਗਤ ਸੁਧਾਰ ਦੇ ਜਰਨਲ ਸਕੱਤਰ ਸ. ਪ੍ਰਿਤਪਾਲ ਸਿੰਘ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਪੰਥ ਦੋਖੀ ਵਿਅਕਤੀਆਂ ਦੇ ਨਾਮ ਜਨਤਕ ਕਰਨ ਜਿਨ੍ਹਾਂ ਦੇ ਕਹੇ ਲੱਗ ਕੇ ਉਨ੍ਹਾਂ ਗੁਰਦਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਰਨੈਲ ਸਿੰਘ ਬਰਸਾਵਾਂ ਨੂੰ ਪ੍ਰੋਫ਼ੈਸਰ ਦਰਸ਼ਨ ਸਿੰਘ ਦੇ ਪ੍ਰੋਗਰਾਮ ਨਾਲ ਜੋੜ ਕੇ ਤਨਖ਼ਾਹੀਆਂ ਕਰਾਰ ਦਿਤਾ ਸੀ।
ਅੱਜ ਜਾਰੀ ਪੱਤਰ ਵਿਚ ਪ੍ਰਬੰਧਕ ਕਮੇਟੀ ਵਲੋਂ ਕਿਹਾ ਗਿਆ ਕਿ 6 ਅਪ੍ਰੈਲ 2018 ਨੂੰ ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ 'ਤੇ ਪਹਿਰਾ ਦੇਣ ਵਾਲੇ ਗੁਰਸਿੱਖ ਨੂੰ ਬਿਨਾਂ ਕਿਸੇ ਪੁਛ ਪੜਤਾਲ ਦੇ ਤਨਖ਼ਾਹੀਆਂ ਕਰਾਰ ਦੇ ਦਿਤਾ ਸੀ। ਸ੍ਰੀ ਗੁਰੂ ਸਿੰਘ ਸਭਾ ਕੋਲਕੱਤਾ ਦੀ ਪ੍ਰਬੰਧਕ ਕਮੇਟੀ ਨੇ 7 ਅਪ੍ਰੈਲ ਨੂੰ ਮੀਟਿੰਗ ਕਰ ਕੇ ਭਾਈ ਜਰਨੈਲ ਸਿੰਘ ਨਾਲ ਹੋਏ ਧੱਕੇ ਬਾਰੇ ਵਿਚਾਰ ਕੀਤੀ ਸੀ। ਪੱਤਰ ਵਿਚ ਕਿਹਾ ਕਿ ਕਮੇਟੀ ਨੇ ਗਿਆਨੀ ਇਕਬਾਲ ਸਿੰਘ ਦੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਤੇ ਇਸ ਗ਼ੈਰ ਵਿਧਾਨਕ ਫ਼ੈਸਲੇ ਰੱਦ ਕਰਨ ਦਾ ਵੀ ਮਤਾ ਪਾਸ ਕੀਤਾ। ਪੱਤਰ ਵਿਚ ਕਿਹਾ ਗਿਆ ਕਿ ਗਿਆਨੀ ਇਕਬਾਲ ਸਿੰਘ ਅਪਣੀ ਭੁੱਲ ਸੁਧਾਰਦੇ ਹੋਏ ਅਪਣਾ ਫ਼ੈਸਲਾ ਵਾਪਸ ਲਵੋ ਅਤੇ ਉਨ੍ਹਾਂ ਲੋਕਾਂ ਦੇ ਨਾਮ ਜਨਤਕ ਕਰੋ ਜਿਨ੍ਹਾਂ ਦੇ ਕਹਿਣ 'ਤੇ ਤੁਸੀ ਇਹ ਫ਼ੈਸਲਾ ਲਿਆ ਸੀ।
ਪੱਤਰ ਵਿਚ ਕਿਹਾ ਗਿਆ ਕਿ ਗਿਆਨੀ ਇਕਬਾਲ ਸਿੰਘ ਜਿਸ ਪਦਵੀਂ 'ਤੇ ਬੈਠੇ ਹਨ ਆਪ ਨੂੰ ਇਹ ਸੁਨਿਸ਼ਚਿਤ ਕਰਨਾ ਪਵੇਗਾ ਕਿ ਆਉਣ ਵਾਲੇ ਸਮੇਂ ਵਿਚ ਆਪ ਦੇ ਕਿਸੇ ਤਰ੍ਹਾਂ ਨਾਲ ਗ਼ਲਤ ਫ਼ੈਸਲਾ ਕਰ ਕੇ ਕਿਸੇ ਬੇਦੋਸ਼ੇ ਨੂੰ ਸਮਾਜਕ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾ ਹੀ ਕਿਸੇ ਦਾ ਜੀਵਨ ਬਰਬਾਦ ਹੋਵੇ। ਦਸਣਯੋਗ ਹੈ ਕਿ ਭਾਈ ਜਰਨੈਲ ਸਿੰਘ ਨੇ ਗਿਆਨੀ ਇਕਬਾਲ ਸਿੰਘ ਨੂੰ ਫ਼ੋਨ ਕਰ ਕੇ ਕਿਹਾ ਸੀ ਕਿ ਉਨ੍ਹਾਂ ਲੋਕਾਂ ਦਾ ਨਾਮ ਜਨਤਕ ਕਰੋ, ਸੱਤ ਦਿਨਾਂ ਵਿਚ ਮਾਫ਼ੀ ਮੰਗੋ ਤੇ ਅਪਣਾ ਗ਼ਲਤ ਫ਼ੈਸਲਾ ਵਾਪਸ ਲਵੋ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ। ਇਹ ਸੁਣ ਕੇ ਗਿਆਨੀ ਇਕਬਾਲ ਸਿੰਘ ਨੇ ਕਿਹਾ ਸੀ ਕਿ ਇਹ ਫ਼ੈਸਲਾ ਹੈ ਹੁਕਮਨਾਮਾ ਨਹੀਂ ਹੈ।