
ਸਿੱਖ ਕੌਮ ਬਾਦਲ ਮੰਡਲੀ ਨੂੰ ਮਾਫ਼ ਨਹੀਂ ਕਰਨਗੇ, ਜਿਨ੍ਹਾਂ ਦੇ ਪਾਪਾਂ ਦੀ ਲਿਸਟ ਬੇਹੱਦ ਲੰਮੀ ਹੈ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਰਾਭੇ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਹਾਜ਼ਰੀ ਲੁਆਈ ਤੇ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਬੰਦੀ ਸਿੱਖਾਂ ਦੀ ਰਿਹਾਈ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਾ ਕੇ ਕੇਂਦਰ ਸਰਕਾਰ ਨੂੰ ਭੇਜੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿੰਨੇ ਦੁਖ ਦੀ ਗੱਲ ਹੈ, ਜਿਸ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਬੀ.ਐਸ.ਐਫ਼. ਦਾ ਘੇਰਾ ਵਧਾਉਣ ਵਿਰੁਧ ਪੰਜਾਬ ਵਿਧਾਨ ਸਭਾ ਵਿਚ ਪਾਸ ਮਤੇ ਦੀ ਹਮਾਇਤ ਕੀਤੀ, ਅੱਜ ਉਹ ਪਾਰਟੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਕੀਤੀ ਜਾ ਰਹੀ ਹੈ।
Amit Shah
ਆਗੂਆਂ ਹਰਮਨਦੀਪ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ, ਸਤਵਿੰਦਰ ਸਿੰਘ, ਸਤਵੰਤ ਸਿੰਘ ਮਾਣਕ ਨੇ ਕਿਹਾ ਕਿ ਜਿਹੜਾ ਰੋਗ ਰਵਾਇਤੀ ਪਾਰਟੀਆਂ ਨੂੰ ਲੱਗਾ ਸੀ, ਉਹੋ ਰੋਗ ਆਮ ਆਦਮੀ ਪਾਰਟੀ ਨੂੰ ਵੀ ਲੱਗ ਗਿਆ ਹੈ। ਸਿੱਖਾਂ ਨੂੰ ਅਤਿਵਾਦੀ, ਵੱਖਵਾਦੀ ਦਸਣਾ ਤੇ ਜ਼ੁਲਮ ਢਾਹੁਣਾ ਰਵਾਇਤੀ ਪਾਰਟੀਆਂ ਵਾਲਾ ਰਾਹ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਫ਼ੌਜੀ ਹਮਲਾ, ਝੂਠੇ ਮੁਕਾਬਲੇ, ਨਵੰਬਰ-84 ਕਤਲੇਆਮ, ਨਸ਼ੇ, ਬੇਅਦਬੀਆਂ ਅਤਿਵਾਦ ਸੀ।
ਉਕਤ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦਾ ਬੱਚਾ-ਬੱਚਾ ਚਾਹੁੰਦਾ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਹੋਵੇ, ਪਰ ਬਾਦਲ ਮੰਡਲੀ ਨੂੰ ਮਾਫ਼ ਨਹੀਂ ਕਰਨਾ ਚਾਹੁੰਦਾ, ਜਿਨ੍ਹਾਂ ਦੇ ਪਾਪਾਂ ਦੀ ਲਿਸਟ ਬੇਹੱਦ ਲੰਮੀ ਹੈ ਕਿਉਂਕਿ ਇਨ੍ਹਾਂ ਧਰਮ ਯੁੱਧ ਮੋਰਚੇ ਨਾਲ ਗ਼ਦਾਰੀ ਕੀਤੀ, ਝੂਠੇ ਮੁਕਾਬਲੇ ਬਣਾਉਣ ਵਾਲੇ ਡੀ.ਜੀ.ਪੀ. ਲਾਏ, ਬੇਅਦਬੀਆਂ ਕਰਵਾਈਆਂ, ਨਸ਼ਿਆਂ ਦਾ ਪਾਪ ਕੀਤਾ। ਇਸ ਮੌਕੇ ਸੰਗਤਾਂ ਨੂੰ ਬਲਦੇਵ ਸਿੰਘ ਸਰਾਭਾ ਦਾ ਸਹਿਯੋਗ ਕਰ ਕੇ ਮੋਰਚੇ ਨੂੰ ਕਾਮਯਾਬ ਕਰਨਾ ਚਾਹੀਦਾ ਹੈ।