
ਸ਼੍ਰੋਮਣੀ ਕਮੇਟੀ ਨੇ ਅਜਾਇਬ ਘਰ ’ਚ ਸਾਬਕਾ PM ਮਰਹੂਮ ਡਾ. ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦਾ ਕੀਤੀ ਸੀ ਫ਼ੈਸਲਾ
Harjinder Singh Dhami: ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸ਼ਹੀਦਾਂ ਦੀ ਸਲਾਨਾ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਦੀਵਾਨ ਹਾਲ ਵਿਖੇ ਕਰਵਾਇਆ ਗਿਆ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ।
ਇਸ ਮੌਕੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਤਰਨਾ ਦਲ ਹਰੀਆਂ ਵੇਲਾਂ ਵਾਲੇ ਜ਼ਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਅਤੇ ਹੋਰ ਜਥੇਬੰਦੀਆਂ ਪਹੁੰਚੀਆਂ।
ਇਸ ਮੌਕੇ ’ਤੇ ਉਹਨਾਂ ਨੇ ਕਿਹਾ ਕਿ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਹਰ ਸਾਲ ਇਸੇ ਤਰ੍ਹਾਂ ਮਨਾਈ ਜਾਵੇ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਧਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਮਿਲੀ ਹੈ। ਜਿਸ ਵਿਚ ਉਨ੍ਹਾਂ ਰੋਸ ਪ੍ਰਗਟਾਇਆ ਲਿਖਿਆ ਕਿ ਮਰਹੂਮ ਡਾ. ਮਨਮੋਹਨ ਸਿੰਘ ਦੀ ਤਸਵੀਰ ਅਜਾਇਬ ਘਰ ਵਿਚ ਨਾ ਲਗਾਈ ਜਾਵੇ। ਇਸ ਉੱਤੇ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਫ਼ੈਸਲੇ ਉੱਤੇ ਮੁੜ ਵਿਚਾਰ ਕਰੇਗੀ।
ਅਕਾਲ ਤਖ਼ਤ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਵਿਚਾਲੇ ਪਣਪੇ ਤਣਾਅ ਬਾਰੇ ਗੱਲ ਕਰਦਿਆਂ ਧਾਮੀ ਨੇ ਕਿਹਾ ਕਿ ਤਖ਼ਤਾਂ ਵਿਚਕਾਰ ਤਣਾਅ ਨਹੀਂ ਹੁੰਦਾ ਬਲਕਿ ਇਹ ਤਾਂ ਫ਼ਾਨੀ ਸਰੀਰਾਂ ਦਾ ਝਗੜਾ ਹੁੰਦਾ ਹੈ। ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੂਰੀਆਂ ਨੂੰ ਛੇਤੀ ਤੋਂ ਛੇਤੀ ਮਿਟਾ ਦਿੱਤਾ ਜਾਵੇ।
ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਵਲੋਂ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਬਾਰੇ ਪੁੱਛੇ ਸਵਾਲ ਉੱਤੇ ਧਾਮੀ ਨੇ ਕਿਹਾ ਕਿ ਜੋ ਵੀ ਵਿਅਕਤੀ ਅਕਾਲ ਤਖ਼ਤ ਸਾਹਿਬ ਉੱਤੇ ਆ ਕੇ ਆਪਣੀ ਗਲਤੀ ਸਵੀਕਾਰ ਕਰ ਲੈਂਦਾ ਹੈ ਉਸ ਨੂੰ ਵਾਹਿਗੁਰੂ ਮੁਆਫ਼ ਕਰ ਕੇ ਆਪਣੇ ਸੀਨੇ ਨਾਲ ਲਗਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਮਹਾਨ ਹਨ ਅਤੇ ਸਿੱਖ ਦਾ ਅਕਾਲ ਤਖ਼ਤ ਸਾਹਿਬ ਬਿਨਾਂ ਗੁਜ਼ਾਰਾ ਨਹੀਂ ਹੈ।