
ਜਦ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਇਆ ਅਤੇ 12 ਅਕਤੂਬਰ ਨੂੰ ਵਾਪਰੇ ਬੇਅਦਬੀ ਕਾਂਡ ਅਤੇ 14 ਅਕਤੂਬਰ ਦੇ ਪੁਲਸੀਆ ਅਤਿਆਚਾਰ.......
ਕੋਟਕਪੂਰਾ : ਜਦ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਇਆ ਅਤੇ 12 ਅਕਤੂਬਰ ਨੂੰ ਵਾਪਰੇ ਬੇਅਦਬੀ ਕਾਂਡ ਅਤੇ 14 ਅਕਤੂਬਰ ਦੇ ਪੁਲਸੀਆ ਅਤਿਆਚਾਰ ਤੋਂ ਬਾਅਦ ਭਾਵੇਂ ਅਕਾਲੀ ਦਲ ਬਾਦਲ ਤੋਂ ਬਿਨਾਂ ਸਾਰੀਆਂ ਸਿਆਸੀ ਪਾਰਟੀਆਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਪੀੜਤ ਪਰਵਾਰਾਂ ਨਾਲ ਦੁਖ ਵੰਡਾਉਣ ਲਈ ਹਾਜ਼ਰੀਆਂ ਭਰੀਆਂ ਤੇ ਬਾਦਲ ਦਲ ਨੂੰ ਸੋਸ਼ਲ ਮੀਡੀਆ ਰਾਹੀਂ ਫਿਟਕਾਰਾਂ ਦਾ ਸਾਹਮਣਾ ਵੀ ਕਰਨਾ ਪਿਆ,
ਉਸੇ ਤਰ੍ਹਾਂ ਹੁਣ 1 ਜੂਨ ਤੋਂ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਦੇ ਅੱਜ 22ਵੇਂ ਦਿਨ ਵੀ ਬਾਦਲ ਦਲ ਦਾ ਕੋਈ ਆਗੂ, ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਕਿਸੇ ਵੀ ਅਹੁਦੇਦਾਰ ਜਾਂ ਮੈਂਬਰ ਨੇ ਹਾਜ਼ਰੀ ਭਰਨ ਦੀ ਜ਼ਰੂਰਤ ਨਹੀਂ ਸਮਝੀ। ਸੱਤਾਧਾਰੀ ਧਿਰ ਵਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਖ਼ੁਦ ਮੁਤਵਾਜ਼ੀ ਜਥੇਦਾਰਾਂ ਤੇ ਉਨ੍ਹਾਂ ਦੇ ਸਾਥੀਆਂ ਨਾਲ ਲੰਮੀ ਗੱਲਬਾਤ ਕਰਨ ਉਪਰੰਤ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਦੀ ਪੇਸ਼ਕਸ਼ ਵੀ ਕਰ ਕੇ ਗਏ ਸਨ। ਹੁਣ ਸੋਸ਼ਲ ਮੀਡੀਆ ਰਾਹੀਂ ਇਕ ਵਾਰ ਫਿਰ ਜਥੇਦਾਰਾਂ,
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਆਗੂਆਂ ਵਿਰੁਧ ਦੂਸ਼ਣਬਾਜ਼ੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅੱਜ 22ਵੇਂ ਦਿਨ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਇਨਸਾਫ਼ ਮੋਰਚੇ ਦਾ ਨਾ ਤਾਂ ਕੋਈ ਲੁਕਵਾਂ ਏਜੰਡਾ ਹੈ ਤੇ ਨਾ ਹੀ ਇਸ ਸੰਘਰਸ਼ 'ਚੋਂ ਕਿਸੇ ਨੂੰ ਸਿਆਸੀ ਰੋਟੀਆਂ ਸੇਕਣ ਦੀ ਇਜਾਜ਼ਤ ਹੈ ਪਰ ਫਿਰ ਵੀ ਹਰਸਿਮਰਤ ਕੌਰ ਬਾਦਲ ਬੁਖਲਾਹਟ 'ਚ ਆ ਕੇ ਗ਼ਲਤ ਬਿਆਨਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ 'ਚ ਵਿਰੋਧੀ ਧਿਰ ਦਾ ਆਗੂ ਸੁਖਪਾਲ ਸਿੰਘ ਖਹਿਰਾ ਅਪਣੇ ਦਸ ਵਿਧਾਇਕ ਸਾਥੀਆਂ ਸਮੇਤ ਦੋ ਵਾਰ ਇਨਸਾਫ਼ ਮੋਰਚੇ ਦੇ ਸਮਰਥਨ 'ਚ
ਹਾਜ਼ਰੀ ਭਰ ਚੁੱਕਾ ਹੈ, ਜੋ ਬਾਦਲਕਿਆਂ ਨੂੰ ਹਜ਼ਮ ਨਹੀਂ ਹੋ ਰਿਹਾ। ਅੱਜ ਇਨਸਾਫ਼ ਮੋਰਚੇ 'ਚ ਕਾਰਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਖਡੂੰਰ ਸਾਹਿਬ ਵਾਲੇ, ਬਾਬਾ ਛਿੰਦਾ ਸਿੰਘ ਹਜ਼ੂਰ ਸਾਹਿਬ, ਬਾਬਾ ਕਰਨੈਲ ਸਿੰਘ ਮੋਗਾ, ਦੀਦਾਰ ਸਿੰਘ ਨਲਵੀ, ਢਾਡੀ ਸਾਧੂ ਸਿੰਘ ਧੰਮੂ, ਬਲਵੀਰ ਸਿੰਘ ਪਾਰਸ, ਕਵੀਸ਼ਰ ਸੁਖਮੰਦਰ ਸਿੰਘ ਸਾਹੋਕੇ ਸਮੇਤ ਭਾਰੀ ਗਿਣਤੀ 'ਚ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ।