ਕਸ਼ਮੀਰ ਮਗਰੋਂ ਹੁਣ ਪੰਜਾਬ ’ਚ ਖ਼ਾਲਿਸਤਾਨ ਦੀ ਪਟਕਥਾ ਤਿਆਰੀ ਕੀਤੀ ਜਾ ਰਹੀ ਹੈ : ਜਗਮੋਹਨ ਸਿੰਘ ਰੈਨਾ
ਕਿਹਾ, ਏ.ਪੀ.ਐੱਸ.ਸੀ.ਸੀ. ਨੇ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ
ਸ੍ਰੀਨਗਰ: ਕਸ਼ਮੀਰ ਵਿਚ ਇਕ ਸਿੱਖ ਜਥੇਬੰਦੀ ਨੇ ਕਿਹਾ ਹੈ ਕਿ ਭਾਰਤ-ਕੈਨੇਡਾ ਵਿਵਾਦ ਸਰਕਾਰ ਵਲੋਂ ਵੋਟਾਂ ਹਾਸਲ ਕਰਨ ਲਈ ਇਕ ‘ਸਿਆਸੀ ਹਥਕੰਡਾ’ ਹੈ ਅਤੇ ਸਿੱਖ ਭਾਰਤ ਦਾ ਅਨਿੱਖੜਵਾਂ ਅੰਗ ਹਨ।
ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ (ਏ.ਪੀ.ਐੱਸ.ਸੀ.ਸੀ.) ਦੇ ਪ੍ਰਧਾਨ ਜਗਮੋਹਨ ਸਿੰਘ ਰੈਨਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਹਰ ਚੀਜ਼ ਦਾ ਸਿਆਸੀ ਫਾਇਦਾ ਉਠਾਇਆ ਜਾਂਦਾ ਹੈ। ਸਿੱਖ ਇਸ ਦੇਸ਼ ਦਾ ਅਨਿੱਖੜਵਾਂ ਅੰਗ ਹਨ। ਜਦੋਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਸੱਤਾ ’ਚ ਆਇਆ ਹੈ, ਉਦੋਂ ਤੋਂ ਹੀ ਇਸ ਦਾ ਏਜੰਡਾ ‘ਘਰ ਵਾਪਸੀ’ ਦੀ ਗੱਲ ਕਰਨਾ ਹੀ ਰਿਹਾ ਹੈ, ਚਾਹੇ ਉਹ ਮੁਸਲਮਾਨ ਹੋਵੇ, ਸਿੱਖ ਹੋਵੇ ਜਾਂ ਕੋਈ ਹੋਰ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ।’’
ਉਨ੍ਹਾਂ ਕਿਹਾ, ‘‘ਭਾਰਤ-ਕੈਨੇਡਾ ਦੀ ਸਥਿਤੀ ਇਕ ਸਿਆਸੀ ਡਰਾਮੇਬਾਜ਼ੀ ਹੈ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ। ਇਹ ਸਿਰਫ਼ ਚੋਣਾਂ ’ਚ ਵੋਟਾਂ ਲੈਣ ਲਈ ਹੈ, ਹੋਰ ਕੁਝ ਨਹੀਂ। ਇਹ ਭਾਈਚਾਰਾ ਅਗਾਂਹਵਧੂ ਹੈ, ਇਹ ਦੇਸ਼ ਲਈ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਅਜਿਹਾ ਕਰਦਾ ਰਹੇਗਾ।’’
ਉਨ੍ਹਾਂ ਦੋਸ਼ ਲਾਇਆ ਕਿ ਖਾਲਿਸਤਾਨ ਮੁੱਦਾ ਚਰਚਾ ਦਾ ਵਿਸ਼ਾ ਹੈ ਪਰ ਸਿਆਸੀ ਲਾਹੇ ਲਈ ਕਸ਼ਮੀਰ ਮੁੱਦੇ ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਕਸ਼ਮੀਰ ਵਰਗੇ ਵਿਸ਼ੇ ਨੂੰ ਲੈ ਕੇ ਇਕ ਸਿਆਸੀ ਪਟਕਥਾ ਤਿਆਰ ਕੀਤੀ ਗਈ, ਪਾਕਿਸਤਾਨ ਦੀ ਪਟਕਥਾ ਤਿਆਰ ਕੀਤੀ ਗਈ ਅਤੇ ਹੁਣ ਪੰਜਾਬ ’ਚ ਖਾਲਿਸਤਾਨ ਦੀ ਪਟਕਥਾ ਤਿਆਰ ਕੀਤੀ ਜਾ ਰਹੀ ਹੈ।’’ ਰੈਨਾ ਨੇ ਖਾਲਿਸਤਾਨ ਬਾਰੇ ਕਿਹਾ, ‘‘ਇਹ ਕਿਸੇ ਵੀ ਸਿੱਖ ਨੂੰ ਪਸੰਦ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਜਥੇਬੰਦੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਇਸ ਆਸ ਨਾਲ ਸਮਰਥਨ ਦਿਤਾ ਹੈ ਕਿ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇਗਾ। ਉਨ੍ਹਾਂ ਕਿਹਾ, ‘‘ਪਰ ਹੁਣ ਏ.ਪੀ.ਐੱਸ.ਸੀ.ਸੀ. ਨੇ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਜਨ ਸੰਪਰਕ ਰਾਹੀਂ ਆਦਰਸ਼ ਉਮੀਦਵਾਰ ਲੱਭੇਗੀ। ਉਨ੍ਹਾਂ ਕਿਹਾ, ‘‘ਅਸੀਂ ਸਿੱਖਾਂ ’ਚੋਂ ਹੀ ਉਮੀਦਵਾਰਾਂ ਦੀ ਭਾਲ ਕਰਾਂਗੇ। ਇਹ ਯਕੀਨੀ ਬਣਾਏਗਾ ਕਿ ਸਮਾਜ ’ਚ ਸਿਆਸੀ ਤਾਕਤ ਬਣੀ ਰਹੇ ਅਤੇ ਵੋਟ ਬੈਂਕ ਵਜੋਂ ਵਰਤੀ ਨਾ ਜਾਵੇ।’’