
ਉਮੀਦਵਾਰ ਤੇ ਵੋਟਰ ਦੇ ਅੰਮ੍ਰਿਤਧਾਰੀ ਹੋਣ 'ਤੇ ਵਿਵਾਦ
ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਦੇ ਚੀਫ਼ ਖ਼ਾਲਸਾ ਦੀਵਾਨ ਦੀ ਚੋਣ ਦੇ ਮਾਮਲੇ 'ਚ ਹਰ ਮੈਂਬਰ ਸਮੇਤ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੇ ਅੰਮ੍ਰਿਤਧਾਰੀ ਹੋਣ ਦੀ ਲਾਈ ਸ਼ਰਤ ਦੇ ਪ੍ਰਤੀਕਰਮ ਵਜੋਂ ਸਿੱਖ ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਨੇ ਰੋਜ਼ਾਨਾ ਸਪੋਕਸਮੈਨ ਰਾਹੀਂ ਕੁੱਝ ਸਵਾਲ ਪੁੱਛੇ ਹਨ।
ਪ੍ਰੋ. ਘੱਗਾ ਨੇ ਕਿਹਾ ਕਿ ਗਿ. ਗੁਰਬਚਨ ਸਿੰਘ ਨੇ ਸਤੰਬਰ 2011 'ਚ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਮੌਕੇ ਵੀ ਚੋਣ ਲੜਨ ਵਾਲੇ ਹਰ ਉਮੀਦਵਾਰ ਲਈ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਰੱਖੀ ਸੀ ਪਰ ਬਹੁਤਿਆਂ ਵਲੋਂ ਗਿ. ਗੁਰਬਚਨ ਸਿੰਘ ਦੇ ਹੁਕਮ ਨੂੰ ਨਜ਼ਰਅੰਦਾਜ ਕਰ ਦੇਣ ਦੇ ਬਾਵਜੂਦ ਜਥੇਦਾਰ ਚੁੱਪ ਰਹਿਣ 'ਚ ਹੀ ਭਲਾਈ ਸਮਝਣ ਲੱਗੇ। ਪ੍ਰੋ. ਘੱਗਾ ਦੇ ਦਲੀਲਪੂਰਵਕ ਤੇ ਸਖ਼ਤ ਸਵਾਲਾਂ ਦੇ ਜਵਾਬ ਦੇਣੇ ਗਿ. ਗੁਰਬਚਨ ਸਿੰਘ ਲਈ ਜਿਥੇ ਔਖੇ ਸਿੱਧ ਹੋਣਗੇ, ਉਥੇ ਉਹ ਜਥੇਦਾਰ ਦੀਆਂ ਮੁਸ਼ਕਲਾਂ 'ਚ ਹੋਰ ਵਾਧਾ ਕਰਨ ਦਾ ਸਬਬ ਬਣ ਸਕਦੇ ਹਨ। ਪ੍ਰੋ. ਘੱਗਾ ਨੇ ਸਵਾਲ ਕੀਤਾ ਕਿ ਸਤੰਬਰ 2011 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਮੌਕੇ ਅਕਾਲ ਤਖਤ ਦਾ ਫੁਰਮਾਨ ਨਾ ਮੰਨਦਿਆਂ ਬਿਨਾਂ ਅੰਮ੍ਰਿਤ ਛਕੇ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵਿਰੁਧ ਜਥੇਦਾਰਾਂ ਨੇ ਕੀ ਕਾਰਵਾਈ ਕੀਤੀ? ਅਪਣੇ ਪੁੱਤਰ-ਧੀ ਦੇ ਵਿਆਹ ਸਮਾਗਮਾਂ ਜਾਂ ਹੋਰ ਰਿਸ਼ਤੇਦਾਰੀਆਂ 'ਚ ਖ਼ੁਸ਼ੀ ਦੇ ਸਮਾਰੋਹਾਂ ਮੌਕੇ ਮੀਟ, ਸ਼ਰਾਬ ਅਤੇ ਅੰਡੇ ਦੀ ਵਰਤੋਂ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਜਾਂ ਅਹੁਦੇਦਾਰਾਂ ਵਿਰੁਧ ਹੁਣ ਤਕ ਜਥੇਦਾਰਾਂ ਵਲੋਂ ਕੋਈ ਵੀ ਕਾਰਵਾਈ ਕਰਨ ਦੀ ਜੁਰਅੱਤ ਕਿਉਂ ਨਾ ਵਿਖਾਈ ਗਈ?
chief khalsa diwan
ਨਿਰੰਕਾਰੀਆਂ, ਨੂਰਮਹਿਲੀਆਂ, ਸੌਦਾ ਸਾਧ ਦੇ ਚੇਲਿਆਂ ਅਤੇ ਆਰਐਸਐਸ ਦੇ ਸਮਾਗਮਾਂ 'ਚ ਸ਼ਾਮਲ ਹੋਣ ਵਾਲੇ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਰੁਧ ਕਾਰਵਾਈ ਕਰਨ ਤੋਂ ਜਥੇਦਾਰ ਕਿਉਂ ਸੰਕੋਚ ਕਰਦੇ ਹਨ? ਕਿਉਂਕਿ ਉਕਤ ਚਾਰੇ ਸੰਸਥਾਵਾਂ ਜਾਂ ਜਥੇਬੰਦੀਆਂ ਨਾਲ ਤਾਲਮੇਲ ਰੱਖਣ ਵਾਲੇ ਸਿੱਖ ਦਾ ਬਾਈਕਾਟ ਕਰਨ ਵਾਲੇ ਅਕਾਲ ਤਖ਼ਤ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋ ਚੁੱਕਾ ਹੈ। ਪ੍ਰੋ. ਘੱਗਾ ਨੇ ਦਾਅਵਾ ਕੀਤਾ ਕਿ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੂੰ ਤਲਬ ਕਰਨ ਦੀ ਕਦੇ ਜੁਰਅੱਤ ਨਹੀਂ ਵਿਖਾ ਸਕੇ ਕਿਉਂਕਿ ਸੁਖਬੀਰ ਬਾਦਲ ਦੀਆਂ ਤਸਵੀਰਾਂ ਪਿਛਲੇ ਸਾਲ ਹੋਲੀ ਖੇਡਣ ਮੌਕੇ ਵਾਇਰਲ ਹੋਈਆਂ ਅਤੇ ਹੁਣ ਚੰਡੀਗੜ੍ਹ ਵਿਖੇ ਵਿਧਾਨ ਸਭਾ ਦਾ ਘਿਰਾਉ ਕਰਨ ਗਏ ਸੁਖਬੀਰ ਬਾਦਲ ਤੇ ਉਸ ਦੇ ਸਾਥੀਆਂ 'ਤੇ ਪਾਣੀ ਦੀਆਂ ਹੋਈਆਂ ਵਾਛੜਾਂ ਮੌਕੇ ਵੀ ਸੁਖਬੀਰ ਬਾਦਲ ਦਾ ਕੋਈ ਕਕਾਰ ਵਿਖਾਈ ਨਹੀਂ ਦਿਤਾ। ਪ੍ਰੋ. ਘੱਗਾ ਨੇ ਜਥੇਦਾਰਾਂ ਨੂੰ ਪੁਛਿਆ ਕਿ ਹੋਰਨਾਂ ਸਿੱਖਾਂ 'ਤੇ ਅੰਮ੍ਰਿਤਧਾਰੀ ਹੋਣ ਦੀ ਡਿਕਟੇਟਰਸ਼ਿਪ ਚਲਾਉਣ ਵਾਲੇ ਜਥੇਦਾਰ ਕੀ ਸੁਖਬੀਰ ਸਿੰਘ ਬਾਦਲ ਨੂੰ ਇਹ ਪੁੱਛਣ ਦੀ ਜੁਰਅੱਤ ਵਿਖਾਉਣਗੇ ਕਿ ਉਸ ਨੇ ਅਜੇ ਤਕ ਅੰਮ੍ਰਿਤ ਕਿਉਂ ਨਹੀਂ ਛਕਿਆ?