
ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਆਸਟ੍ਰੇਲੀਆ ਦੇ ਗੁਰਦਵਾਰੇ ਨੇੜੇ ਲਗਾਏ ਜਾ ਰਹੇ ਕੈਮੀਕਲ ਪਲਾਂਟ ਤੇ ਰੋਕ ਲਗਾਉਣ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਕ ਪੱਤਰ ਲਿਖ ਕੇ ਆਸਟ੍ਰੇਲੀਆ ਦੇ ਗੁਰਦਵਾਰੇ ਨੇੜੇ ਲਗਾਏ ਜਾ ਰਹੇ ਕੈਮੀਕਲ ਫ਼ਰਟੀਲਾਈਜ਼ਰ ਮਿਕਸਿੰਗ ਪਲਾਂਟ 'ਤੇ ਰੋਕ ਲਗਾਉਣ ਲਈ ਆਸਟ੍ਰੇਲੀਆ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਯੂਗਾਲੀ, ਗਰਿਫ਼ਤ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਮਾਵੀ ਵਲੋਂ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖਿਆ ਗਿਆ ਸੀ ਜਿਸ 'ਤੇ ਕਾਰਵਾਈ ਕਰਦਿਆਂ ਲੌਂਗੋਵਾਲ ਨੇ ਵਿਦੇਸ਼ ਮੰਤਰੀ ਪਾਸੋਂ ਇਸ ਸਬੰਧੀ ਦਖ਼ਲ ਮੰਗਿਆ ਹੈ। ਇਸ ਚਿੱਠੀ ਵਿਚ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਕਿਹਾ ਸੀ ਕਿ ਜੇ ਗੁਰਦਵਾਰੇ ਨੇੜੇ ਇਹ ਪਲਾਂਟ ਸਥਾਪਤ ਹੁੰਦਾ ਹੈ ਤਾਂ ਗੁਰਦਵਾਰੇ ਆਉਣ ਵਾਲੀ ਸੰਗਤ ਅਤੇ ਗੁਰੂ ਕੇ ਲੰਗਰਾਂ 'ਤੇ ਪਲਾਂਟ ਵਿਚ ਰਸਾਇਣਕ ਵਰਤੋਂ ਕਾਰਨ ਪੈਦਾ ਹੋਣ ਵਾਲੇ ਦੂਸ਼ਿਤ ਵਾਤਾਵਰਣ ਦਾ ਪ੍ਰਭਾਵ ਪਵੇਗਾ।
Sushma Swaraj
ਮਾਵੀ ਅਨੁਸਾਰ ਗੁਰਦੁਆਰਾ ਸਾਹਿਬ ਵਲੋਂ ਬੱਚਿਆਂ ਦਾ ਸਕੂਲ, ਬਿਰਧ ਆਸ਼ਰਮ, ਲਾਇਬ੍ਰੇਰੀ ਅਤੇ ਸੰਗਤਾਂ ਲਈ ਰਿਹਾਇਸ਼ ਬਣਾਉਣ ਦੀ ਤਜਵੀਜ਼ ਵੀ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਪਲਾਂਟ ਨਾ ਸਥਾਪਤ ਕਰਨ ਦੀ ਮੰਗ ਵੀ ਕੀਤੀ ਸੀ ਜਿਸ ਨੂੰ ਰੱਦ ਕਰ ਦਿਤਾ ਗਿਆ। ਮਾਮਲੇ ਨੂੰ ਗੰਭੀਰ ਦਸਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਆਸਟ੍ਰੇਲੀਆ ਸਰਕਾਰ ਨਾਲ ਜਲਦ ਰਾਬਤਾ ਬਣਾਉਣ ਦੀ ਅਪੀਲ ਕੀਤੀ ਹੈ।