
ਹੁਣ ਮੋਜੂਦਾ ਸਮੇਂ ਵਿੱਚ ਵੀ ਹਥਿਆਰਾਂ ਦੀ ਜੰਗ ਨਹੀਂ ਬਲਕਿ ਸੰਸਾਰ ਪੱਧਰ ਤੇ ਚੰਗੇ ਵਿਚਾਰਾਂ ਨਾਲ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਅਬੋਹਰ, 23 ਮਾਰਚ (ਤੇਜਿੰਦਰ ਸਿੰਘ ਖਾਲਸਾ) ਸਿੱਖ ਕੌਮ ਵਿੱਚ ਮੋਜੂਦਾ ਸਮੇਂ ਹਰ ਇੱਕ ਨੂੰ ਸ਼ਹੀਦ ਕਹਿਣ ਦੀ ਖੇਡ ਬਣ ਗਈ ਹੈ ਜਦ ਕਿ ਸੱਚ ਲਈ ਮਰਨਾ ਮਹਾਨ ਸ਼ਹਾਦਤ ਤਾਂ ਹੋ ਸਕਦੀ ਹੈ ਪਰ ਕਿਸੇ ਦਾ ਸਾਰੀ ਜਿੰਦਗੀ ਸੱਚ ਲਈ ਜੂਝਣਾ ਵੀ ਕਿਸੇ ਕੁਰਬਾਨੀ ਤੋਂ ਘੱਟ ਨਹੀਂ। ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਕੇ ਸ਼ਹੀਦੀ ਪਾ ਗਏ ਪਰ ਗੁਰੂ ਨਾਨਕ ਸਾਹਿਬ ਨੇ ਜੋਗੀਆਂ, ਮੁਲਾਣਿਆਂ, ਪੰਡਤਾਂ, ਬਾਹਮਣਾਂ, ਕਾਜੀਆਂ ਆਦਿ ਨੂੰ ਗਿਆਨ ਨਾਲ ਸੱਚ ਦਾ ਰਾਹ ਵਿਖਾਉਣ ਲਈ ਜੋ ਜੂਝਣਾ ਪਿਆ ਉਹ ਵੀ ਕਿਸੇ ਕੁਰਬਾਨੀ ਤੋਂ ਘੱਟ ਨਹੀਂ। ਹੁਣ ਮੋਜੂਦਾ ਸਮੇਂ ਵਿੱਚ ਵੀ ਹਥਿਆਰਾਂ ਦੀ ਜੰਗ ਨਹੀਂ ਬਲਕਿ ਸੰਸਾਰ ਪੱਧਰ ਤੇ ਚੰਗੇ ਵਿਚਾਰਾਂ ਨਾਲ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਕਤ ਵਿਚਾਰ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਅੱਜ ਨੇੜਲੇ ਪਿੰਡ ਮੰਡੀ ਲਾਧੂਕਾ ਦੀ ਦਾਣਾ ਮੰਡੀ ਵਿੱਚ ਸਜਾਏ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੌਰਾਨ ਸੰਗਤਾਂ ਨਾਲ ਗੁਰਮਤਿ ਵਿਚਾਰ ਦੀ ਸਾਂਝ ਪਾਉਂਦੇ ਹੋਏ ਕਹੇ। ਇਸ ਦੌਰਾਨ 223 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਘਰ ਵਿੱਚ ਦਾਖਲਾ ਲਿਆ। ਸਥਾਨਕ ਦਾਣਾ ਮੰਡੀ ਵਿੱਚ ਭਾਰੀ ਤਦਾਦ ਵਿੱਚ ਜੁੱੜੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਹਲਾਤਾਂ ਦੇ ਮੱਦੇਨਜ਼ਰ ਵਕਤ ਵਿਚਾਰ ਕੇ ਲਿਆ ਗਿਆ ਫੈਸਲਾ ਹੀ ਮਨੁੱਖ ਨੂੰ ਸਹੀ ਰਸਤੇ ਵੱਲ ਲੈ ਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਸਿੱਖ ਸਮਾਜ ਜਾਤਾਂ ਵਿੱਚ ਵੰਡਿਆ ਪਿਆ ਹੈ ਜਦ ਕਿ ਰੱਬ ਨੇ ਜਾਤਾਂ ਨਹੀਂ ਬਲਕਿ ਇਨਸਾਨ ਬਣਾਇਆ ਸੀ, ਜਾਤਾਂ ਵਿੱਚ ਸ਼ਾਤਰ ਲੋਕਾਂ ਨੇ ਮਨੁੱਖਤਾ ਨੂੰ ਵੰਡ ਦਿੱਤਾ, ਜਦ ਕਿ ਹੁਣ ਭਾਰਤ ਦਾ ਮੋਜੂਦਾ ਸਿਸਟਮ ਵੀ ਜਾਤ-ਪਾਤ ਨੂੰ ਮਾਨਤਾ ਦਿੰਦਾ ਹੈ, ਜਿਸ ਤੋਂ ਖੰਡੇ ਦੀ ਪਾਹੁਲ ਲੈਣ ਵਾਲੇ ਸਿੰਘ ਵੀ ਨਹੀਂ ਬੱਚ ਸਕਦੇ। ਉਨ੍ਹਾਂ ਕਿਹਾ ਕਿ ਗੁਰੂ ਗਿਆਨ ਦੀ ਵਿਚਾਰਧਾਰਾ ਨੂੰ ਪ੍ਰਫੂਲਤ ਕਰਨ ਲਈ ਸਿਸਟਮ ਵਿੱਚ ਬਦਲਾਅ ਲਿਆਉਣਾ ਹੀ ਪਵੇਗਾ ਜਦ ਕਿ ਨੌਕਰੀਆਂ ਜਾਂ ਹੋਰ ਸਹੂਲਤਾਂ ਜਾਤ ਦੇਖ ਕੇ ਨਹੀਂ ਬਲਕਿ ਇਨਸਾਨ ਦਾ ਆਰਥਿਕ ਪੱਧਰ ਦੇਖ ਕੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਭਾਈ ਢਡਰੀਆਂ ਵਾਲੇ ਨੇ ਸੰਗਤਾਂ ਨੂੰ ਅਪਣੀ ਜਿੰਦਗੀ ਵਿੱਚ ਚੰਗਾ ਟੀਚਾ ਅਪਣਾਉਣ ਦੀ ਸਾਲਾਹ ਦਿੰਦੇ ਹੋਏ ਕਿਹਾ ਕਿ ਮਨੁੱਖ ਦੀ ਜਿੰਮੇਵਾਰੀ ਵਧੀਆ ਤਦ ਮੰਨੀ ਜਾਵੇਗੀ, ਜਦ ਉਸ ਦਾ ਟੀਚਾ ਸਰਬੋਤਮ ਹੋਵੇ। ਉਨ੍ਹਾਂ ਕਿਹਾ ਕਿ ਟੀਚਾ ਮਿੱਥ ਕੇ ਨਿਭਾਈ ਜਿੰਮੇਵਾਰੀ, ਕੰਮ ਤੇ ਕੀਤੀ ਮਿਹਨਤ ਅਤੇ ਉਕਤ ਟੀਚੇ ਨੂੰ ਹਾਸਲ ਕਰਨ ਲਈ ਆਈ ਮੌਤ ਦੀ ਵੀ ਤਦ ਹੀ ਕਦਰ ਪੈਂਦੀ ਹੈ ਜਦ ਤੁਹਾਡਾ ਟੀਚਾ ਚੰਗਾ ਹੁੰਦਾ ਹੋਇਆ ਸਮਾਜ ਨੂੰ ਸੇਧ ਦੇਣ ਵਾਲਾ ਹੋਵੇ।