
ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਜਹਾਜ਼ ਨਾਲ ਜਾਣੇ ਜਾਂਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਜਿਨ੍ਹਾਂ 376 ਸਾਥੀਆਂ ਸਮੇਤ 3 ਅਪ੍ਰੈਲ 1914 'ਚ ਇਕ ਜਹਾਜ਼............
ਅੰਮ੍ਰਿਤਸਰ : ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਜਹਾਜ਼ ਨਾਲ ਜਾਣੇ ਜਾਂਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਜਿਨ੍ਹਾਂ 376 ਸਾਥੀਆਂ ਸਮੇਤ 3 ਅਪ੍ਰੈਲ 1914 'ਚ ਇਕ ਜਹਾਜ਼ ਜਿਸ ਦਾ ਨਾਮ ਕਾਮਾਗਾਟਾਮਾਰੂ ਜਹਾਜ਼ ਰਖਿਆ, ਉਸ ਰਾਹੀਂ ਸਮੁੰਦਰੀ ਰਸਤੇ ਤੋਂ ਕਈ ਮੁਲਕਾਂ ਤੋਂ ਹੁੰਦੇ ਹੋਏ 22 ਮਈ 1914 ਨੂੰ ਕੈਨੇਡਾ ਪਹੁੰਚੇ। ਇਨ੍ਹਾਂ ਵਿਚ 351 ਸਿੱਖ ਤੇ 21 ਪੰਜਾਬੀ ਮੁਸਲਮਾਨ ਸਨ। ਇਥੇ ਉਨ੍ਹਾਂ ਨੂੰ ਕੈਨੇਡਾ ਦੀ ਹਕੂਮਤ ਨੇ ਉਤਰਨ ਦੀ ਇਜ਼ਾਜ਼ਤ ਨਹੀਂ ਦਿਤੀ ਅਤੇ ਰਾਤ ਨੂੰ ਉਥੋਂ ਦੀ ਅੰਗਰੇਜ਼ ਹਕੂਮਤ ਨੇ ਇਨ੍ਹਾਂ ਦੇ ਜਹਾਜ਼ ਤੇ ਹਮਲਾ ਕਰ ਦਿਤਾ ਜਿਸ ਦੌਰਾਨ ਕਈ ਦੇਸ਼-ਭਗਤ ਉਥੇ ਸ਼ਹੀਦ ਹੋਏ ਅਤੇ ਵਾਪਸੀ ਪਰਤਦੇ ਸਮੇਂ ਕੱਲਕਤਾ ਦੇ ਬਜਬਜ ਘਾਟ ਵਿਖੇ 29
ਸਤੰਬਰ 1914 ਨੂੰ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਰਕਾਰ ਦੀ ਅਣਦੇਖੀ ਕਾਰਨ ਹਾਲੇ ਤਕ ਬਾਬਾ ਗੁਰਦਿੱਤ ਸਿੰਘ ਦੀ ਕੋਈ ਯਾਦਗਾਰ ਨਹੀਂ ਬਣ ਸਕੀ। ਬਾਬਾ ਗੁਰਦਿੱਤ ਸਿੰਘ ਨੇ ਭਾਰਤ ਦੀ ਆਜ਼ਾਦੀ 'ਚ ਵਿਸ਼ੇਸ਼ ਯੋਗਦਾਨ ਪਾਇਆ ਅਤੇ 1947 ਦੀ ਦੇਸ਼ ਵੰਡ ਤੋਂ ਬਾਅਦ ਗੁਰਦਿੱਤ ਸਿੰਘ ਨੇ ਅੰਮ੍ਰਿਤਸਰ ਦੇ ਕਟੜਾ ਦਲ ਸਿੰਘ, ਨੇੜੇ ਗੁ. ਮਾਤਾ ਕੌਲਾਂ ਵਿਖੇ ਕੇਹਰ ਸਿੰਘ ਦੇ ਘਰ ਵਿਖੇ ਕਿਰਾਏ ਦੇ ਮਕਾਨ 'ਚ ਰਹਿਣਾ ਸ਼ੁਰੂ ਕਰ ਦਿਤਾ। ਬਾਬਾ ਜੀ ਨੂੰ ਇਸੇ ਥਾਂ 'ਤੇ ਗਿਆਨੀ ਜ਼ੈਲ ਸਿੰਘ, ਜਥੇਦਾਰ ਸੋਹਨ ਸਿੰਘ ਜਲਾਲਉਸਮਾ, ਕਵੀ ਵੀਰ ਸਿੰਘ ਵੀਰ, ਸੇਠ ਰਾਧਾ ਕ੍ਰਿਸ਼ਨ, ਜਥੇਦਾਰ ਮੋਹਨ ਸਿੰਘ ਨਾਗੋਕੇ ਕਈ ਵਾਰ ਉਨ੍ਹਾਂ ਨੂੰ ਇਸੇ ਮਕਾਨ 'ਚ ਮਿਲਣ
ਆਉਂਦੇ ਸਨ ਤੇ ਮੀਟਿੰਗ ਵੀ ਇਨ੍ਹਾਂ ਦੇ ਗ੍ਰਹਿ ਵਿਖੇ ਰੱਖੀ ਜਾਂਦੀ ਸੀ। ਉਨ੍ਹਾਂ ਅਪਣਾ ਅੰਤਮ ਸਮਾਂ ਇਥੇ ਬਿਤਾਇਆ ਅਤੇ 24 ਜੁਲਾਈ 1954 ਨੂੰ ਉਹ ਇਸੇ ਥਾਂ 'ਤੇ ਅਕਾਲ ਚਲਾਣਾ ਕਰ ਗਏ ਸਨ ਤੇ ਉਨ੍ਹਾਂ ਦਾ ਸਸਕਾਰ 25 ਜੁਲਾਈ 1954 ਨੂੰ ਉਨ੍ਹਾਂ ਦੇ ਜੱਦੀ ਪਿੰਡ ਸਰਹਾਲੀ ਵਿਚ ਕੀਤਾ ਗਿਆ ਸੀ। ਪਰ ਅਫ਼ਸੋਸ ਇਸ ਘਰ ਦੀ ਥਾਂ ਜੋ ਕਟੜਾ ਦਲ ਸਿੰਘ ਵਿਖੇ ਹੈ ਤੇ ਹੁਣ ਕਾਰਪੋਰੇਸ਼ਨ ਵਲੋਂ ਕਈ ਸਾਲਾਂ ਪਹਿਲਾਂ ਟਿਊਬਵੈਲ ਲਗਾਇਆ ਗਿਆ, ਜੋ ਕਾਫ਼ੀ ਸਮੇਂ ਤੋਂ ਬੰਦ ਹੈ। ਅਫਸੋਸ ਦੀ ਗੱਲ ਹੈ ਕਿ ਦੇਸ਼ ਭਗਤਾਂ ਦਾ ਮੁੱਲ ਇਸ ਤਰ੍ਹਾਂ ਪੈ ਰਿਹਾ ਹੈ ਬਾਬਾ ਗੁਰਦਿੱਤ ਸਿੰਘ ਦੇ ਅੰਤਮ ਸਵਾਸ ਦੇ ਜਿਸ ਗ੍ਰਹਿ ਵਿਖੇ ਲਏ ਹੋਣ ਉਸ ਜਗ੍ਹਾਂ ਤੇ ਕੂੜੇ ਦੇ ਢੇਰ ਤੇ ਟੁੱਟਾ ਹੋਇਆ
ਟਿਊਬਵੈਲ ਨਜ਼ਰ ਆ ਰਿਹਾ ਹੈ। ਇਥੇ ਰਹਿੰਦੀ ਸੁਤੰਤਰਤਾ ਸੈਨਾਨੀ ਵੀਰ ਸਿੰਘ ਵੀਰ ਦੀ ਪਤਨੀ 99 ਸਾਲਾ ਸੁਰਜੀਤ ਕੌਰ ਕੋਲੋਂ ਗੁਰਦਿਤ ਸਿੰਘ ਦੀ 64 ਸਾਲ ਪੁਰਾਣੀ ਫ਼ੋਟੋ ਮਿਲੀ ਹੈ। ਸੁਰਜੀਤ ਕੌਰ ਨੇ ਦਸਿਆ ਕਿ ਇਹ ਫ਼ੋਟੋ ਉਸ ਸਮੇਂ ਕੇਹਰ ਸਿੰਘ ਵਲੋਂ ਯਾਦਗਾਰ ਦੇ ਤੌਰ 'ਤੇ ਸੰਭਾਲਣ ਲਈ ਦਿਤੀ ਗਈ ਸੀ।
ਇਸ ਮੌਕੇ ਸੁਤੰਤਰਤਾ ਸੈਨਾਨੀ ਦੇ ਪਰਵਾਰਾਂ ਵਿਚੋਂ ਗਿਆਨ ਸਿੰਘ ਸੱਗੂ, ਅਨੂਪ ਸਿੰਘ ਘਾਲਾਮਾਲਾ, ਕਰਮਜੀਤ ਸਿੰਘ ਕੇਪੀ, ਅਮਰਜੀਤ ਸਿੰਘ ਭਾਟੀਆ ਨੇ ਮੰਗ ਕੀਤੀ ਕਿ ਨਵਜੋਤ ਸਿੰਘ ਸਿੱਧੂ ਸੁਤੰਤਰਤਾ ਸੈਨਾਨੀਆਂ ਦੀਆਂ ਯਾਦਗਾਰਾਂ ਬਣਾਉਣ ਨਾ ਕਿ ਉਨ੍ਹਾਂ ਨੂੰ ਅਣਗੌਲਿਆ ਕਰਨ।