ਦੀਵਾਲੀ ਨਾਲ ਜੁੜਿਆ ਇਤਿਹਾਸ-ਮਿਥਿਹਾਸ
Published : Oct 24, 2022, 9:48 am IST
Updated : Oct 24, 2022, 9:48 am IST
SHARE ARTICLE
History-mythology associated with Diwali
History-mythology associated with Diwali

ਬੰਦੀ ਛੋੜ ਦਿਵਸ ਦਾ ਜਬਰ ਤੇ ਜ਼ੁਲਮ ਖ਼ਿਲਾਫ਼ ਡਟਣ ਦਾ ਸੰਦੇਸ਼ ਮਨਾਂ ’ਚ ਵਸਾਉਣ ਦੀ ਜ਼ਰੂਰਤ!

 

ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਾਹੀ, ਸੁਤੰਤਰ ਤੇ ਬੇਬਾਕ ਜੀਵਨ ਸ਼ੈਲੀ ਸਮੇਂ ਦੀ ਹਕੂਮਤ ਨੂੰ ਰੜਕਣ ਲੱਗੀ। ਸਿੱਖ ਕੌਮ ਦੀ ਯੁੱਧ ਕਲਾ ’ਚ ਨਿਪੁੰਨਤਾ ਤੋਂ ਮੁਗ਼ਲ ਹਕੂਮਤ ਨੂੰ ਭੈਅ ਆਉਣ ਲੱਗਾ। ਗੁਰੂ ਘਰ ਦੇ ਵਿਰੋਧੀਆਂ ਨੇ ਮੁਗ਼ਲ ਸ਼ਾਸਕ ਨੂੰ ਗੁਰੂ ਸਾਹਿਬ ਬਾਰੇ ਭੜਕਾਉਣਾ ਸ਼ੁਰੂ ਕੀਤਾ। ਗੁਰੂ ਜੀ ਵਲੋਂ ਆਤਮ ਰਖਿਆ ਲਈ ਤਿਆਰ ਕੀਤੀ ਜਾਣ ਵਾਲੀ ਗੁਰੂ ਕੇ ਸਿੱਖਾਂ ਦੀ ਫ਼ੌਜ ਨੂੰ ਵਿਰੋਧੀਆਂ ਵਲੋਂ ਮੁਗ਼ਲ ਹਕੂਮਤ ਨੂੰ ਚੁਣੌਤੀ ਦੇਣ ਦੀ ਕਾਰਵਾਈ ਸਮੇਤ ਬਹੁਤ ਕੁੱਝ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ। ਜਹਾਂਗੀਰ ਨੂੰ ਵੀ ਜਾਪਦਾ ਸੀ ਕਿ ਸ਼ਾਇਦ ਗੁਰੂ ਸਾਹਿਬ ਇਹ ਸਾਰੀ ਤਿਆਰੀ ਮੁਗ਼ਲ ਹਕੂਮਤ ਤੋਂ ਅਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਕਰ ਰਹੇ ਹਨ।

ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਝੀਆਂ ਸਕੀਮਾਂ ਲਗਾਉਣੀਆਂ ਸ਼ੁਰੂ ਕਰਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ੍ਹ ’ਚ ਬੰਦੀ ਬਣਾ ਦਿਤਾ। ਜਹਾਂਗੀਰ ਨੇ ਬਹਾਨਾ ਬਣਾਇਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੀਤੇ ਜੁਰਮਾਨੇ ਦੀ ਭਰਪਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਨਹੀਂ ਕੀਤੀ ਗਈ। ਇਤਿਹਾਸਕਾਰਾਂ ਅਨੁਸਾਰ ਜਹਾਂਗੀਰ ਵਲੋਂ ਵੱਖ-ਵੱਖ ਰਿਆਸਤਾਂ ਦੇ ਬਵੰਜਾ ਰਾਜਿਆਂ ਦੀਆਂ ਰਿਆਸਤਾਂ ਹਥਿਆਉਣ ਉਪ੍ਰੰਤ ਉਨ੍ਹਾਂ ਨੂੰ ਵੀ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ’ਚ ਰਖਿਆ ਹੋਇਆ ਸੀ।

ਇੱਥੇ ਗੁਰੂ ਸਾਹਿਬ ਵਲੋਂ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਭਰੇ ਸਰਕਾਰੀ ਖ਼ਜ਼ਾਨੇ ’ਚੋਂ ਆ ਰਿਹਾ ਭੋਜਨ ਖਾਣ ਤੋਂ ਵੀ ਇਨਕਾਰ ਕੀਤੇ ਜਾਣ ਦਾ ਹਵਾਲਾ ਮਿਲਦਾ ਹੈ। ਬੰਦੀ ਰਾਜੇ ਕਿਲ੍ਹੇ ’ਚੋਂ ਅਪਣੀ ਆਜ਼ਾਦੀ ਦਾ ਵਿਚਾਰ ਤਿਆਗ ਘੋਰ ਨਿਰਾਸ਼ਾ ਦੇ ਆਲਮ ’ਚ ਚਲੇ ਗਏ ਸਨ। ਗੁਰੂ ਸਾਹਿਬ ਨੇ ਕਿਲ੍ਹੇ ’ਚ ਬੰਦੀ ਦੇ ਦਿਨਾਂ ਨੂੰ ਪ੍ਰਮਾਤਮਾ ਦੀ ਮਿਹਰ ਵਜੋਂ ਸਵੀਕਾਰਿਆ ਤੇ ਬੰਦੀ ਰਾਜਿਆਂ ਨੂੰ ਸਮਝਾਇਆ ਕਿ ਇਹੋ ਜਿਹੇ ਜ਼ਾਲਮ ਸਿਰਫ਼ ਸਰੀਰਾਂ ਨੂੰ ਬੰਦੀ ਬਣਾ ਸਕਦੇ ਹਨ, ਆਤਮਾ ਨੂੰ ਨਹੀਂ। ਗੁਰੂ ਸਾਹਿਬ ਨੇ ਫੁਰਮਾਇਆ ਕਿ ਇਸ ਜ਼ਾਲਮ ਦੀ ਬੰਦੀ ਨਾਲ ਮੈਨੂੰ ਪ੍ਰਮਾਤਮਾ ਦੇ ਸਿਮਰਨ ’ਚ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ  ਮਿਲਿਆ ਹੈ। ਗੁਰੂ ਸਾਹਿਬ ਦੇ ਚੜ੍ਹਦੀ ਕਲਾ ਵਾਲੇ ਵਿਚਾਰਾਂ ਦਾ ਰਾਜਿਆਂ ਦੇ ਮਨਾਂ ’ਤੇ ਭਾਰੀ ਅਸਰ ਹੋਇਆ।

ਗੁਰੂ ਸਾਹਿਬ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹਰ ਪਲ ਉਸ ਦੇ ਹੁਕਮ ਅਨੁਸਾਰ ਬਿਤਾਉਣ ਦੇ ਸਿੱਖੀ ਸਿਧਾਂਤ ਦੇ ਨਾਲ-ਨਾਲ ਪ੍ਰਉਪਕਾਰ ਦਾ ਵਿਸ਼ਵ ਅਲੋਕਾਰੀ ਕਾਰਜ ਕੀਤਾ। ਗੁਰੂ ਸਾਹਿਬ ਦੀ ਤਰਕਹੀਣ ਕਿਲ੍ਹਾ ਬੰਦੀ ਦਾ ਸਿੱਖਾਂ ਸਮੇਤ ਸਭਨਾਂ ਧਰਮਾਂ ਦੇ ਲੋਕਾਂ ਵਲੋਂ ਵਿਰੋਧ ਹੋਣ ’ਤੇ ਮੁਗ਼ਲ ਹਕੂਮਤ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਨਿਰਣਾ ਕੀਤਾ। ਗੁਰੂ ਸਾਹਿਬ ਨੇ ਮੁਗ਼ਲ ਹਕੂਮਤ ਅੱਗੇ ਖ਼ੁਦ ਦੀ ਰਿਹਾਈ ਦੇ ਨਾਲ-ਨਾਲ ਬਵੰਜਾ ਰਾਜਿਆਂ ਦੀ ਰਿਹਾਈ ਦੀ ਵੀ ਸ਼ਰਤ ਰੱਖੀ। ਗੁਰੂ ਸਾਹਿਬ ਵਲੋਂ ਪਹਿਨੇ ਬਵੰਜਾ ਕਲੀਆਂ ਵਾਲੇ ਪਵਿੱਤਰ ਚੋਲੇ ਨਾਲ ਉਨ੍ਹਾਂ ਬਵੰਜਾ ਰਾਜਿਆਂ ਦੀ ਵੀ ਰਿਹਾਈ ਹੋਈ।

ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਹੋਣ ਉਪ੍ਰੰਤ ਗੁਰੂ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਸਿੱਖ ਸੰਗਤਾਂ ਨੇ ਉਨ੍ਹਾਂ ਦੀ ਆਮਦ ਦੀ ਖ਼ੁਸ਼ੀ ’ਚ ਜਿੱਥੇ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਉੱਥੇ ਹੀ ਸਮੂਹ ਸਿੱਖ ਸੰਗਤਾਂ ਨੇ ਆਪੋ ਅਪਣੇ ਘਰਾਂ ਦੇ ਬਨੇਰਿਆਂ ’ਤੇ ਵੀ ਦੀਪਮਾਲਾ ਕੀਤੀ। ਉਸ ਦਿਨ ਤੋਂ ਲੈ ਕੇ ਸਿੱਖ ਕੌਮ ਦਾ ਦੀਵਾਲੀ ਨਾਲ ਸਬੰਧ ਹੋਰ ਵੀ ਗਹਿਰਾ ਹੋ ਗਿਆ ਤੇ ਸਿੱਖਾਂ ਨੇ ਦੀਵਾਲੀ ਨੂੰ “ਬੰਦੀ ਛੋੜ ਦਿਵਸ” ਵਜੋਂ ਮਨਾਉਣਾ ਸ਼ੁਰੂ ਕੀਤਾ। ਸਿੱਖਾਂ ਵਲੋਂ ਗੁਰੂ ਸਾਹਿਬ ਦੀ ਆਮਦ ਦੀ ਖ਼ੁਸ਼ੀ ’ਚ ਹਰਿਮੰਦਰ ਸਾਹਿਬ ਵਿਖੇ ਮਨਾਈ ਦੀਵਾਲੀ ਵਿਸ਼ਵ ਪ੍ਰਸਿੱਧ ਹੈ।

ਹਰਿਮੰਦਰ ਸਾਹਿਬ ਵਿਖੇ ਕੀਤੀ ਜਾਣ ਵਾਲੀ ਆਤਿਸ਼ਬਾਜ਼ੀ ਤੇ ਦੀਪਮਾਲਾ ਦਾ ਨਜ਼ਾਰਾ ਵਿਲੱਖਣ ਹੁੰਦਾ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ “ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ।” ਇਸ ਪਵਿੱਤਰ ਅਸਥਾਨ ਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਤੇ ਗੁਰੂ ਸਾਹਿਬ ਨੂੰ ਸੀਸ ਝੁਕਾਉਣ ਲਈ ਸਿੱਖਾਂ ਸਮੇਤ ਹਰ ਧਰਮ ਦੀਆਂ ਸੰਗਤਾਂ ਹਰ ਵਰ੍ਹੇ ਹੁਮ-ਹੁਮਾ ਕੇ ਪੁਜਦੀਆਂ ਹਨ।

ਸਿੱਖ ਕੌਮ ਵਲੋਂ ਜਬਰ ਤੇ ਜ਼ੁਲਮ ਨਾਲ ਟਕਰਾਉਣ ’ਚ ਵਿਖਾਏ ਜਾਣ ਵਾਲੇ ਜੋਸ਼ ਤੋਂ ਮੁਗ਼ਲ ਹਕੂਮਤ ਬਹੁਤ ਹੈਰਾਨ ਪ੍ਰੇਸ਼ਾਨ ਸੀ। ਮੁਗ਼ਲਾਂ ਵਲੋਂ ਵਿਖਾਇਆ ਜਾਂਦਾ ਭੈਅ ਸਿੱਖਾਂ ਨੂੰ ਡਰਾਉਣ ਜਾਂ ਧਮਕਾਉਣ ’ਚ ਇਕ ਤਰ੍ਹਾਂ ਨਾਲ ਅਸਫਲ ਹੁੰਦਾ ਵੇਖ ਮੁਗ਼ਲਾਂ ਨੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਸਿੱਖਾਂ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਆਮਦ ’ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣ ਲਗੀਆਂ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪ੍ਰੰਤ ਮੁਗ਼ਲਾਂ ਵਲੋਂ ਸਿੱਖ ਕੌਮ ’ਤੇ ਕੀਤੇ ਜਾਣ ਵਾਲੇ ਅਤਿਆਚਾਰਾਂ ’ਚ ਭਾਰੀ ਇਜ਼ਾਫ਼ਾ ਹੋਇਆ।

ਪਰ ਸਿੱਖ ਜੰਗਲਾਂ ਤੇ ਵੀਰਾਨ ਥਾਵਾਂ ’ਤੇ ਸਮਾਂ ਗੁਜ਼ਾਰਦੇ ਹੋਏ ਵੀ ਹਰਿਮੰਦਰ ਸਾਹਿਬ ਦੇ ਦੀਦਾਰਿਆਂ ਲਈ ਜ਼ਰੂਰ ਪਹੁੰਚਦੇ। ਮੁਗ਼ਲਾਂ ਵਲੋਂ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਲਈ ਵੀ ਸਿੱਖ ਸੰਗਤਾਂ ਦੀ ਆਮਦ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਸ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਮਨੀ ਸਿੰਘ ਜੀ ਨੇ ਮੁਗ਼ਲ ਹਕੂਮਤ ਤੋਂ ਬੰਦੀ ਛੋੜ ਦਿਵਸ ਮਨਾਉਣ ਦੀ ਇਜਾਜ਼ਤ ਮੰਗੀ। ਮੁਗ਼ਲ ਹਕੂਮਤ ਨੇ ਦੁਸ਼ਟ ਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦੇ ਦਿਤੀ।

ਭਾਈ ਮਨੀ ਸਿੰਘ ਜੀ ਵਲੋਂ ਸਿੱਖ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਦੀ ਕੀਤੀ ਅਪੀਲ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਬੰਦੀ ਛੋੜ ਦਿਵਸ ਮੌਕੇ ਇਕੱਤਰ ਸਿੱਖ ਸੰਗਤਾਂ ’ਤੇ ਮੁਗ਼ਲ ਹਕੂਮਤ ਵਲੋਂ ਕੀਤੇ ਜਾਣ ਵਾਲੇ ਅਤਿਆਚਾਰ ਦੀ ਭਾਈ ਮਨੀ ਸਿੰਘ ਨੂੰ ਖ਼ਬਰ ਲੱਗੀ ਤਾਂ ਉਨ੍ਹਾਂ ਸਿੱਖਾਂ ਨੂੰ ਬੰਦੀ ਛੋੜ ਦਿਵਸ ਮਨਾਉਣ ਲਈ ਸ੍ਰੀ ਦਰਬਾਰ ਸਾਹਿਬ ਨਾ ਪਹੁੰਚਣ ਦੀ ਅਪੀਲ ਕਰ ਦਿਤੀ। ਭਾਈ ਮਨੀ ਸਿੰਘ ਵਲੋਂ ਕੀਤੀ ਅਪੀਲ ਕਬੂਲਦਿਆਂ ਬਹੁਤ ਘੱਟ ਗਿਣਤੀ ’ਚ ਸਿੱਖ ਦਰਬਾਰ ਸਾਹਿਬ ਪਹੁੰਚੇ ਤਾਂ ਲੋਹੀ ਲਾਖੀ ਹੋਈ ਮੁਗ਼ਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਉਣ ਦੀਆਂ ਚਾਲਾਂ ਸ਼ੁਰੂ ਕਰ ਦਿਤੀਆਂ।

ਭਾਈ ਮਨੀ ਸਿੰਘ ਵਲੋਂ ਮੁਗ਼ਲ ਹਕੂਮਤ ਨੂੰ ਬੰਦੀ ਛੋੜ ਦਿਵਸ ਮਨਾਉਣ ਲਈ ਅਦਾ ਕੀਤੇ ਜਾਣ ਵਾਲੇ ਟੈਕਸ ਦੀ ਅਦਾਇਗੀ ਤੋਂ ਇਨਕਾਰ ਕਰ ਦਿਤੇ ਜਾਣ ਨਾਲ ਮੁਗ਼ਲ ਹਕੂਮਤ ਨੂੰ ਭਾਈ ਮਨੀ ਸਿੰਘ ਦੀ ਗਿ੍ਰਫ਼ਤਾਰੀ ਦਾ ਬਹਾਨਾ ਮਿਲ ਗਿਆ। ਮੁਗ਼ਲ ਹਕੂਮਤ ਵਲੋਂ ਭਾਈ ਸਾਹਿਬ ਨੂੰ ਗਿ੍ਰਫ਼ਤਾਰ ਕਰ ਕੇ ਇਸਲਾਮ ਕਬੂਲਣ ਜਾਂ ਮੌਤ ਲਈ ਤਿਆਰ ਰਹਿਣ ਦਾ ਫੁਰਮਾਨ ਸੁਣਾਇਆ ਗਿਆ। ਭਾਈ ਮਨੀ ਸਿੰਘ ਜੀ ਨੇ ਸਿੱਖ ਗੁਰੂਆਂ ਤੇ ਸ਼ਹੀਦਾਂ ਵਲੋਂ ਹੱਸ ਹੱਸ ਕੇ ਸ਼ਹਾਦਤਾਂ ਦੇਣ ਦੇ ਗੌਰਵਮਈ ਇਤਿਹਾਸ ’ਤੇ ਪਹਿਰਾ ਦਿੰਦਿਆਂ ਮੁਗ਼ਲਾਂ ਦੀਆਂ ਗਿੱਦੜ ਭਬਕੀਆਂ ਨੂੰ ਠੋਕਰ ਮਾਰ ਸ਼ਹਾਦਤ ਨੂੰ ਪ੍ਰਵਾਨ ਕੀਤਾ। 

ਭਾਈ ਸਾਹਿਬ ਨੇ ਗਰਜਵੀਂ ਆਵਾਜ਼ ’ਚ ਕਿਹਾ ਮੈਨੂੰ ਜਾਨ ਨਹੀਂ ਸਿੱਖੀ ਪਿਆਰੀ ਹੈ। ਮੇਰੀ ਜ਼ਿੰਦਗੀ ਤਾਂ ਮੇਰੇ ਗੁਰੂਆਂ ਦੀ ਅਮਾਨਤ ਹੈ। ਮੈਂ ਇਸ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ ਨਿਭਾਉਣ ਲਈ ਲੇਖੇ ਲਾ ਕੇ ਅਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ। ਮੁਗ਼ਲ ਹਕੂਮਤ ਵਲੋਂ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿਤਾ ਗਿਆ। ਭਾਈ ਮਨੀ ਸਿੰਘ ਵਲੋਂ ਸਿੱਖੀ ਸਿਦਕ ਨਿਭਾਉਣ ਲਈ ਦਿਤੀ ਸ਼ਹਾਦਤ ਦਾ ਦਿਨ ਬੇਸ਼ੱਕ ਦੀਵਾਲੀ ਵਾਲਾ ਨਹੀਂ ਸੀ ਪਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਜ਼ਰੂਰ ਬਣਿਆ।

ਇਸ ਤਰ੍ਹਾਂ ਸਿੱਖ ਕੌਮ ਦੇ ਕੁਰਬਾਨੀਆਂ ਭਰਪੂਰ ਮਾਣਮੱਤੇ ਇਤਿਹਾਸ ਦੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵਾਲੀ ਦੂਜੀ ਗੌਰਵਮਈ ਘਟਨਾ ਦਾ ਸਬੰਧ ਵੀ ਬੰਦੀ ਛੋੜ ਦਿਵਸ ਨਾਲ ਜੁੜ ਗਿਆ। ਕੌਮ ਵਲੋਂ ਬੰਦੀ ਛੋੜ ਦਿਵਸ ਮਨਾਏ ਜਾਣ ਦਾ ਮਨੋਰਥ ਗੁਰੂ ਸਾਹਿਬ ਤੇ ਭਾਈ ਮਨੀ ਸਿੰਘ ਵਾਂਗ ਜਬਰ ਤੇ ਜ਼ੁਲਮ ਨਾਲ ਜ਼ਿੰਦਗੀ ਦੀ ਕੀਮਤ ’ਤੇ ਟਕਰਾਉਣ ਦੇ ਵਿਲੱਖਣ ਜਜ਼ਬੇ ਨਾਲ ਹੀ ਪੂਰਾ ਹੋ ਸਕਦਾ ਹੈ। ਗੁਰੂ ਸਾਹਿਬ ਤੇ ਸ਼ਹੀਦਾਂ ਵਲੋਂ ਪਾਏ ਪਰਉਪਕਾਰ ਤੇ ਇਨਸਾਨੀਅਤ ਦੀ ਰਖਵਾਲੀ ਦੇ ਪੂਰਨਿਆਂ ’ਤੇ ਪਹਿਰਾ ਦੇਣ ਦੀ ਪ੍ਰਪਕਤਾ ਮਨਾਂ ’ਚ ਪੈਦਾ ਕਰਨ ਨਾਲ ਹੀ ਬੰਦੀ ਛੋੜ ਦਿਵਸ ਮਨਾਉਣ ਦਾ ਮਨੋਰਥ ਪੂਰਾ ਹੋਣਾ ਹੈ।

ਮੋਬਾਈਲ : 98786-05965 , ਬਿੰਦਰ ਸਿੰਘ ਖੁੱਡੀ ਕਲਾਂ

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement