ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਲਦ ਭੇਜੀ ਜਾਵੇਗੀ ਕਾਰਵਾਈ ਦੀ ਰਿਪੋਰਟ : ਪ੍ਰਧਾਨ
Jathedar Gargajj Sought a Report From the Chief Khalsa Diwan Latest News in Punjabi ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ’ਤੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ ਪੱਤਰ ਜਾਰੀ ਕਰ ਕੇ ਚੱਲ ਰਹੇ ਮਾਮਲੇ ਸਬੰਧੀ ਰਿਪੋਰਟ ਮੰਗੀ ਹੈ।
ਪੱਤਰ ਵਿਚ ਲਿਖਿਆ ਹੈ ਕਿ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੱਤ੍ਰਿਕਾ ਨੰਬਰ ਅ:ਤ/25/338 ਮਿਤੀ 3-10-2025 ਰਾਹੀਂ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਕਿਹੜੇ ਮੈਂਬਰ ਅੰਮ੍ਰਿਤਧਾਰੀ ਹਨ ਅਤੇ ਕਿਹੜੇ ਨਹੀਂ, ਨਾਲ ਹੀ ਪੱਤ੍ਰਿਕਾ ਨੰਬਰ ਅ:ਤ/25/187 ਮਿਤੀ 23-7-2025 ਅਨੁਸਾਰ ਦਿਤੀਆਂ ਹਦਾਇਤਾਂ ਪੁਰ ਹੁਣ ਤੀਕ ਦੀ ਕੀਤੀ ਕਾਰਵਾਈ ਦੀ ਸਪੱਸ਼ਟ ਜਾਣਕਾਰੀ ਪੰਜ ਦਿਨਾਂ ਦੇ ਅੰਦਰ-ਅੰਦਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਲਈ ਕਿਹਾ ਗਿਆ ਸੀ ਪਰ ਤੁਸੀਂ ਕੋਈ ਜਵਾਬ ਨਹੀਂ ਦਿਤਾ। ਜਿਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਉਕਤ ਮਾਮਲੇ 'ਤੇ ਜਾਣਕਾਰੀ 27-10-2025 ਤਕ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ। ਇਸ ਸਬੰਧੀ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਦੀਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੈ ਅਤੇ ਜਲਦ ਹੀ ਕਾਰਵਾਈ ਸਬੰਧੀ ਰਿਪੋਰਟ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇ ਦਿਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਚੀਫ਼ ਖ਼ਾਲਸਾ ਦੀਵਾਨ ਦਾ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਫ਼ੀ ਸੁਰਖੀਆਂ ਵਿਚ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਅਨੁਸਾਰ ਮੈਂਬਰਾਂ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਤੇ ਇਸ ਸਬੰਧੀ ਇਕ ਫਾਰਮ ਵੀ ਭਰਾਇਆ ਜਾਂਦਾ ਹੈ ਪਰੰਤੂ ਪਿਛਲੇ ਸਮੇਂ ਤੋਂ ਚੀਫ਼ ਖ਼ਾਲਸਾ ਦੀਵਾਨ ਦੇ ਕਈ ਮੈਂਬਰ ਨਾ ਤਾਂ ਅੰਮ੍ਰਿਤਧਾਰੀ ਹਨ ਤੇ ਦੂਸਰਾ ਪ੍ਰਬੰਧਾਂ ਵਿਚ ਅਣਗਹਿਲੀ ਕਰ ਰਹੇ ਸਨ, ਜਿਸ ਕਰ ਕੇ ਚੀਫ਼ ਖ਼ਾਲਸਾ ਦੀਵਾਨ ਦੀ ਸ਼ਾਖ ਨੂੰ ਢਾਹ ਵੀ ਲੱਗ ਰਹੀ ਹੈ।
ਇਸ ਸਮੇਂ ਚੀਫ਼ ਖ਼ਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿਜਰ ਹਨ, ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ ਤੇ ਉਨ੍ਹਾਂ ਨੇ ਕਿਸੇ ਹੋਰ ਪਾਰਟੀ ਨਾਲ ਸਬੰਧਤ ਹੋਣ ਕਰ ਕੇ ਕਈ ਮੈਂਬਰਾਂ ਨੂੰ ਬਾਹਰ ਵੀ ਕੱਢਿਆ ਹੈ, ਜਿਨ੍ਹਾਂ ਵਿਚ ਭਗਵੰਤ ਪਾਲ ਸਿੰਘ ਸੱਚਰ ਜੋ ਕਿ ਕਾਂਗਰਸ ਨਾਲ ਸਬੰਧਤ ਹਨ, ਹਰਮਹਿੰਦਰ ਸਿੰਘ ਮਜੀਠੀਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ, ਜਿਆਦਾ ਵਿਰੋਧ ਹੋਣ ਕਾਰਨ ਇਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਸੀ। ਇਸ ਤੋਂ ਇਲਾਵਾ ਕਈ ਹੋਰ ਮੈਂਬਰ ਸੁਖਜਿੰਦਰ ਸਿੰਘ ਪ੍ਰਿੰਸ, ਅਵਤਾਰ ਸਿੰਘ, ਸਤਨਾਮ ਸਿੰਘ ਮੁੰਬਈ ਆਦਿ ਨੂੰ ਵੀ ਦੀਵਾਨ ’ਚੋਂ ਬਾਹਰ ਕੀਤਾ ਹੋਇਆ ਹੈ।
ਇਨ੍ਹਾਂ ਦਾ ਕਸੂਰ ਬਸ ਇਹੀ ਸੀ ਕਿ ਇਨ੍ਹਾਂ ਨੇ ਦੀਵਾਨ ਵਿਚ ਹੋ ਰਹੀਆਂ ਅਣਗਹਿਲੀਆਂ ਵਿਰੁਧ ਆਵਾਜ਼ ਉਠਾਈ ਸੀ। ਜਥੇਦਾਰ ਗੜਗੱਜ ਨੇ ਇਸ ਸਬੰਧੀ ਚੀਫ਼ ਖ਼ਾਲਸਾ ਦੀਵਾਨ ਨੂੰ ਪੱਤਰ ਜਾਰੀ ਕਰ ਕੇ ਇਸ ਸਬੰਧੀ ਅਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ।
(For more news apart from Jathedar Gargajj Sought a Report From the Chief Khalsa Diwan Latest News in Punjabi stay tuned to Rozana Spokesman.)
