
ਪੰਥਪ੍ਰਸਤਾਂ ਲਈ ਹੁਣ ਅਕਾਲੀ ਦਲ ’ਚ ਕੋਈ ਥਾਂ ਨਹੀਂ ਬਚੀ : ਜਥੇਦਾਰ ਗੁਰਜੀਤ ਸਿੰਘ
ਚੰਡੀਗੜ੍ਹ (ਭੁੱਲਰ): ਅਕਾਲੀ ਦਲ ’ਚ ਲੋਹ ਪੁਰਸ਼ ਵੱਜੋਂ ਮਸ਼ਹੂਰ ਰਹੇ ਸਵਰਗੀ ਪਾਰਟੀ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦੋਹਤੇ ਗੁਰਜੀਤ ਸਿੰਘ ਤਲਵੰਡੀ ਵਲੋਂ ਪਾਰਟੀ ਲੀਡਰਸ਼ਿਪ ਨੂੰ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਇੰਨ ਬਿੰਨ ਲਾਗੂ ਕਰਨ ਦੀ ਦਿਤੀ ਸਲਾਹ ਮਹਿੰਗੀ ਪੈ ਗਈ ਹੈ। ਬੀਤੇ ਦਿਨ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਹੀਂ ਬਿਨਾਂ ਕੋਈ ਨੋਟਿਸ ਦਿਤੇ ਪਾਰਟੀ ’ਚੋਂ ਬਰਖ਼ਾਸਤ ਕਰ ਦਿਤਾ ਗਿਆ ਹੈ।
ਗੁਰਜੀਤ ਸਿੰਘ ਤਲਵੰਡੀ ਅਕਾਲੀ ਦਲ ਦੇ ਜਨਰਲ ਸਕੱਤਰ ਸਨ। ਪਿਛਲੇ ਦਿਨੀ ਜਦੋਂ ਅਕਾਲੀ ਦਲ ਨੇ ਅਕਾਲ ਤਖ਼ਤ ਦੇ ਫ਼ੈਸਲਿਆਂ ਨੂੰ ਮੰਨਣ ਤੋਂ ਕਿਨਾਰਾ ਕਰਨਾ ਸ਼ੁਰੂ ਕੀਤਾ ਸੀ ਤਾਂ ਉਸ ਤੋਂ ਬਾਅਦ ਗੁਰਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਸਾਰੇ ਫ਼ੈਸਲੇ ਮੰਨਣ ਦੀ ਸਲਾਹ ਦਿਤੀ ਸੀ। ਇਸ ਤੋਂ ਇਲਾਵਾ ਉਹ ਇਸ ਗੱਲ ਦੇ ਹੱਕ ’ਚ ਵੀ ਪਾਰਟੀ ਨੂੰ ਦਲੀਲ ਨਾਲ ਦਸ ਰਹੇ ਸਨ ਕਿ ਕਾਨੂੰਨੀ ਤੌਰ ’ਤੇ ਪਾਰਟੀ ਦੀ ਮਾਨਤਾ ਨੂੰ ਅਕਾਲ ਤਖ਼ਤ ਦੀ 7 ਮੈਂਬਰੀ ਕਮੇਟੀ ਬਾਰੇ ਫ਼ੈਸਲਾ ਮੰਨਣ ਨਾਲ ਕੋਈ ਖ਼ਤਰਾ ਨਹੀਂ ਹੈ।
ਪਾਰਟੀ ’ਚੋਂ ਬਰਖ਼ਾਸਤਗੀ ਬਾਅਦ ਗੁਰਜੀਤ ਸਿੰਘ ਤਲਵੰਡੀ ਨੇ ਸਖ਼ਤ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਨਾਲ ਖੜਨ ਕਾਰਨ ਖ਼ਮਿਆਜ਼ਾ ਭੁਗਤਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਕੌਮੀ ਜਨਰਲ ਸਕੱਤਰ ਸੀ ਅਤੇ ਜ਼ਿਲ੍ਹਾ ਪ੍ਰਧਾਨ ਰਾਹੀਂ ਬਰਖ਼ਾਸਤਗੀ ਬਿਲਕੁਲ ਗ਼ਲਤ ਹੈ ਅਤੇ ਇਸ ਵੇਲੇ ਪਾਰਟੀ ਦਾ ਢਾਂਚਾ ਵੀ ਭੰਗ ਹੈ।
ਕਾਰਜਕਾਰੀ ਪ੍ਰਧਾਨ ਦੀ ਦੇਖ ਰੇਖ ’ਚ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਅਕਾਲੀ ਦਲ ਦੇ ਲੋਹ ਪੁਰਸ਼ ਜਥੇਦਾਰ ਤਲਵੰਡੀ ਦੇ ਪਰਵਾਰ ’ਚੋਂ ਹਾਂ। ਉਹ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਨੀ ਵੀ ਸਨ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਪਾਰਟੀ ਨੂੰ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਸਲਾਹ ਦਿਤੀ ਸੀ ਅਤੇ ਪੰਥ ਪ੍ਰਸਤੀ ਦੀ ਗੱਲ ਕਰਨ ਕਰ ਕੇ ਹੀ ਮੈਨੂੰ ਨਿਸ਼ਾਨਾ ਬਣਾਇਆ ਗਿਆ ਜਦ ਕਿ ਮੈਂ ਕਦੇ ਪਾਰਟੀ ਅਨੁਸ਼ਾਸਨ ਨਹੀਂ ਤੋੜਿਆ। ਉਨ੍ਹਾਂ ਕਿਹਾ ਕਿ ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ ਦਲ ’ਚ ਪੰਥ ਪ੍ਰਸਤਾਂ ਦੀ ਕੋਈ ਥਾਂ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਪੰਥ, ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਪਹਿਲਾਂ ਹੈ ਤਾਂ ਪਾਰਟੀ ਤੇ ਹੋਰ ਗੱਲਾਂ ਬਾਅਦ ’ਚ।