
ਅਪਣਾ ਸਮਾਗਮ ਮੁਲਤਵੀ ਕਰਨ ਢਡਰੀਆਂ ਵਾਲੇ: ਜਥੇਦਾਰ
ਅੰਮ੍ਰਿਤਸਰ, 23 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਭਾਈ ਰਣਜੀਤ ਸਿੰਘ ਢਡਰੀਆ ਵਾਲੇ ਦੇ ਚੋਹਲਾ ਸਾਹਿਬ ਵਿਖੇ ਹੋ ਰਹੇ ਸਮਾਗਮ ਨੂੰ ਮੁਲਤਵੀ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕੁੱਝ ਜਥੇਬੰਦੀਆਂ ਵਲੋ ਸਮਾਗਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਭਾਈ ਗੁਰਬਖ਼ਸ਼ ਸਿੰਘ ਦੀ ਹੋਈ ਬੇਕਵਕਤੀ ਮੌਤ ਕਰ ਕੇ ਕੌਮ ਪਹਿਲਾਂ ਹੀ ਦੁਖੀ ਹੈ, ਇਸ ਲਈ ਢਡਰੀਆ ਵਾਲੇ ਨੂੰ ਚਾਹੀਦਾ ਹੈ ਕਿ ਉਹ ਕੁੱਝ ਦਿਨਾਂ ਲਈ ਅਪਣਾ ਸਮਾਗਮ ਮੁਲਤਵੀ ਕਰ ਦੇਣ।ਉਨ੍ਹਾਂ ਕਿਹਾ ਕਿ ਢਡਰੀਆਂ ਵਾਲੇ ਦੇ ਸਮਾਗਮ ਵਿਰੁਧ ਕੁੱਝ ਜਥੇਬੰਦੀਆਂ ਦੀਆਂ ਅਕਾਲ ਤਖ਼ਤ 'ਤੇ ਵੀ ਸ਼ਿਕਾਇਤਾਂ ਪੁੱਜੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜਥੇਬੰਦੀਆ ਨੇ ਢਡਰੀਆਂ ਵਾਲੇ ਦੇ ਸਮਾਗਮ ਤੇ ਰੋਕ ਲਗਾਉਣ ਲਈ ਮੰਗ ਪੱਤਰ ਦਿਤੇ ਹਨ।
Giani Gurbachan Singh
ਸਮਾਗਮ ਨੂੰ ਰੱਦ ਕਰਾਉਣ ਵਾਲੀਆ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਲਿਖ ਕੇ ਦਿਤਾ ਹੈ ਕਿ ਢਡਰੀਆਂ ਵਾਲੇ ਦੇ ਸਮਾਗਮ ਤੇ ਰੋਕ ਲਗਾਈ ਜਾਵੇ ਪਰ ਪ੍ਰ੍ਰਸ਼ਾਸਨ ਨੇ ਉਸ ਨੂੰ 26 ਤੇ 27 ਦੋ ਦਿਨ ਸਮਾਗਮ ਕਰਨ ਦੀ ਆਗਿਆ ਦੇ ਦਿਤੀ ਹੈ ਜਿਸ ਕਾਰਨ ਵਿਰੋਧ ਕਰਨ ਵਾਲੀਆ ਜਥੇਬੰਦੀਆਂ ਵਿਚ ਰੋਸ ਵੱਧ ਗਿਆ ਹੈ ਤੇ ਸਮਾਗਮ ਨੂੰ ਰੋਕਣ ਲਈ ਕੁੱਝ ਜਥੇਬੰਦੀਆਂ ਬਜ਼ਿੱਦ ਹਨ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇ ਦੋਹਾਂ ਧਿਰਾਂ ਵਿਚਕਾਰ ਕੋਈ ਟਕਰਾਅ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਵਰਨਣਯੋਗ ਹੈ ਕਿ ਦਮਦਮੀ ਟਕਸਾਲ ਭਿੰਡਰਾਂਵਾਲਿਆਂ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਤੇ ਭਾਈ ਢਡਰੀਆਂ ਵਾਲਿਆਂ ਵਿਚਾਲੇ ਪਿਛਲੇ ਲੰਮੇ ਸਮੇਂ ਤੋਂ ਟਕਰਾਅ ਚਲਦਾ ਆ ਰਿਹਾ ਹੈ। ਢਡਰੀਆਂ ਵਾਲਾ ਜਿਥੇ ਟਕਸਾਲ ਵਾਲਿਆਂ ਨੂੰ ਪੰਥ ਦੋਖੀ ਤੇ ਸਰਕਾਰੀ ਟਾਊਟ ਦੱਸ ਕੇ ਭੰਡਦਾ ਆ ਰਿਹਾ ਹੈ।