
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੇ ਹੁਕਮ, ਕਿਹਾ- ਅੰਗਰੇਜ਼ਾਂ ਵੱਲੋਂ ਲਿਆਂਦਾ ਗਿਆ ਸੀ ‘ਹਾਰਮੋਨੀਅਮ’
ਜਥੇਦਾਰ ਨੇ SGPC ਨੂੰ ਅਗਲੇ 3 ਸਾਲਾਂ 'ਚ ਹਾਰਮੋਨੀਅਮ ਬਾਹਰ ਕਰਨ ਲਈ ਕਿਹਾ
1842 ਵਿੱਚ ਹੋਈ ਸੀ ਖੋਜ ਅਤੇ 1901 'ਚ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਇਆ ਸੀ ਹਾਰਮੋਨੀਅਮ ਨਾਲ ਕੀਰਤਨ
ਅੰਮ੍ਰਿਤਸਰ : ਆਉਣ ਵਾਲੇ ਤਿੰਨ ਸਾਲਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਹਾਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਖ਼ਤਮ ਹੋ ਜਾਵੇਗੀ। ਤਿੰਨ ਸਾਲਾਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਹਰਮੋਨੀਅਮ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦੇਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਇਸ ਹੁਕਮ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।
SGPC
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਹਾਰਮੋਨੀਅਮ ਕਦੇ ਵੀ ਗੁਰੂ ਸਾਹਿਬਾਨ ਵੱਲੋਂ ਵਰਤਿਆ ਜਾਣ ਵਾਲਾ ਸਾਜ਼ ਨਹੀਂ ਸੀ। ਭਾਰਤ ਵਿੱਚ, ਹਾਰਮੋਨੀਅਮ ਅੰਗਰੇਜ਼ਾਂ ਦੁਆਰਾ ਦਿੱਤਾ ਗਿਆ ਇੱਕ ਸਾਜ਼ ਹੈ। ਹਾਰਮੋਨੀਅਮ ਨੂੰ ਬ੍ਰਿਟਿਸ਼ ਰਾਜ ਦੌਰਾਨ ਭਾਰਤ ਲਿਆਂਦਾ ਗਿਆ ਸੀ ਅਤੇ 1901 ਉਹ ਸਾਲ ਸੀ ਜਦੋਂ ਰਾਗੀ ਜਥਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲੀ ਵਾਰ ਹਾਰਮੋਨੀਅਮ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ। ਦੱਸ ਦੇਈਏ ਕਿ 122 ਸਾਲ ਬਾਅਦ ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ 125 ਸਾਲ ਬਾਅਦ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
SGPC President Harjinder Singh Dhami
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਰਮੋਨੀਅਮ ਦੀ ਵਰਤੋਂ ਨੂੰ ਇੱਕ ਵਾਰ ਵਿਚ ਬੰਦ ਨਹੀਂ ਕਰੇਗੀ। ਇਸ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਲੇ ਜਥੇ ਹੌਲੀ-ਹੌਲੀ ਇਸ ਦੀ ਵਰਤੋਂ ਬੰਦ ਕਰ ਦੇਣਗੇ ਤਾਂ ਜੋ ਰੋਜ਼ਾਨਾ ਆਉਣ ਵਾਲੇ ਸ਼ਰਧਾਲੂ ਵੀ ਇਸ ਤਬਦੀਲੀ ਦੇ ਅਨੁਕੂਲ ਹੋ ਸਕਣ। ਇਸ ਦੀ ਬਜਾਏ, ਹੁਣ ਸਿਰਫ ਪੁਰਾਣੇ ਤਾਰਾਂ ਵਾਲੇ ਯੰਤਰਾਂ ਦੀ ਵਰਤੋਂ ਕੀਤੀ ਜਾਵੇਗੀ।
ਹਾਰਮੋਨੀਅਮ ਦੇ ਡਿਜ਼ਾਈਨ ਨੂੰ ਪਹਿਲੀ ਵਾਰ 1842 ਵਿੱਚ ਇੱਕ ਫਰਾਂਸੀਸੀ ਖੋਜੀ, ਅਲੈਗਜ਼ੈਂਡਰ ਡੇਬੇਨ ਦੁਆਰਾ ਪੇਟੈਂਟ ਕੀਤਾ ਗਿਆ ਸੀ। ਇਹ ਸਾਜ਼ 19ਵੀਂ ਸਦੀ ਦੇ ਅਖੀਰ ਵਿੱਚ ਭਾਰਤ ਲਿਆਂਦਾ ਗਿਆ ਸੀ ਅਤੇ ਪਹਿਲੀ ਵਾਰ 1901 ਵਿੱਚ ਰਾਗੀ ਜਥਿਆਂ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਕਰਨ ਲਈ ਵਰਤਿਆ ਗਿਆ ਸੀ।
Darbar Sahib
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਲੇ 15 ਜਥੇ ਹਨ, ਜੋ 24 ਘੰਟਿਆਂ ਵਿੱਚੋਂ 20 ਘੰਟੇ ਕੀਰਤਨ ਕਰਦੇ ਹਨ। ਇਹ ਜਥੇ ਦਿਨ ਅਤੇ ਰੁੱਤ ਅਨੁਸਾਰ 31 ਮੁੱਖ ਰਾਗਾਂ ਵਿੱਚੋਂ ਇੱਕ-ਇੱਕ ਰਾਗ ਚੁਣਦੇ ਅਤੇ ਉਹਨਾਂ ਦਾ ਗਾਇਨ ਕਰਦਾ ਹੈ। ਇਨ੍ਹਾਂ ਵਿੱਚੋਂ 5 ਜਥੇ ਅਜਿਹੇ ਹਨ ਜੋ ਬਿਨਾਂ ਹਾਰਮੋਨੀਅਮ ਤੋਂ ਕੀਰਤਨ ਕਰਨਾ ਜਾਣਦੇ ਹਨ। ਇਹ ਜਥੇ ਰਬਾਬ ਅਤੇ ਸਰੰਦਾ ਵਰਗੇ ਸਾਜ਼ਾਂ ਦੀ ਵਰਤੋਂ ਕਰਦੇ ਹਨ। ਹੋਰਨਾਂ ਦੀ ਸਿਖਲਾਈ ਵੀ ਸ਼ੁਰੂ ਹੋ ਗਈ ਹੈ। ਅਗਲੇ ਤਿੰਨ ਸਾਲਾਂ ਵਿੱਚ ਇਹ ਸਾਰੇ ਜਥੇ ਹਾਰਮੋਨੀਅਮ ਤੋਂ ਬਗੈਰ ਯਾਨੀ ਤੰਤੀ ਸਾਜ਼ਾਂ ਨਾਲ ਕੀਰਤਨ ਕਰ ਸਕਣਗੇ।