
ਉਨ੍ਹਾਂ ਦਸਿਆ ਕਿ ਇਸ ਦਿਹਾੜੇ ਮੌਕੇ ਗੁਰਦਵਾਰਾ ਗੁਰ ਨਾਨਕ ਦਰਬਾਰ ਕਰਾਚੀ ਅਤੇ ਹੈਦਰਾਬਾਦ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏੇ ਜਾਣਗੇ
ਅੰਮ੍ਰਿਤਸਰ (ਪਰਮਿੰਦਰ ਅਰੋੜਾ): ਸ੍ਰੀ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਪਾਕਿਸਤਾਨ ਦੇ ਕਰਾਚੀ ਵਿਖੇ 10 ਤੋਂ 13 ਨਵੰਬਰ ਤਕ ਮਨਾਇਆ ਜਾ ਰਿਹਾ ਹੈ। ਇਹ ਬਾਰੇ ਜਾਣਕਾਰੀ ਦਿੰਦੇ ਹੋਏ ਪਾਕਿਸਤਾਨ ਸਿੱਖ ਕੌਂਸਲ ਦੇ ਪ੍ਰਧਾਨ ਸ. ਰਮੇਸ਼ ਸਿੰਘ ਖ਼ਾਲਸਾ ਨੇ ਦਸਿਆ ਕਿ ਸਿੰਧ ਦੀ ਸੰਗਤਾਂ ਨੇ ਫ਼ੈਸਲਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸਿੰਧ ਵਿਖੇ ਵੀ ਵੱਡੀ ਪੱਧਰ 'ਤੇ ਮਨਾਇਆ ਜਾਵੇ।
ਉਨ੍ਹਾਂ ਦਸਿਆ ਕਿ ਇਸ ਦਿਹਾੜੇ ਮੌਕੇ ਗੁਰਦਵਾਰਾ ਗੁਰ ਨਾਨਕ ਦਰਬਾਰ ਕਰਾਚੀ ਅਤੇ ਹੈਦਰਾਬਾਦ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏੇ ਜਾਣਗੇ। ਇਸ ਸਮਾਗਮ ਨੂੰ ਸਮਰਪਿਤ ਸਿੰਧ ਦੀਆਂ ਸੰਗਤਾਂ ਨੇ ਸਹਿਜ ਪਾਠ ਆਰੰਭ ਕੀਤੇ ਹੋਏ ਹਨ। 12 ਨਵੰਬਰ ਨੂੰ ਸਿੰਧ ਦੇ ਗੁਰਦਵਾਰਾ ਗੁਰੂਨਾਨਕ ਦਰਬਾਰ ਵਿਖੇ ਮੁੱਖ ਸਮਾਗਮ ਹੋਵੇਗਾ ਜਿਸ ਵਿਚ ਰਾਗੀ, ਕਥਾ ਵਾਚਕ ਗੁਰੂ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕਰਨਗੇ।
Kartarpur Sahib
ਉਨ੍ਹਾਂ ਕਿਹਾ ਕਿ ਸੰਗਤ ਵਿਚ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਸ. ਖ਼ਾਲਸਾ ਨੇ ਦਸਿਆ ਕਿ 9 ਨਵੰਬਰ ਨੂੰ ਸਿੰਧ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਪੁੱਜ ਕੇ ਇਤਿਹਾਸਕ ਮੌਕੇ ਦੀ ਚਸ਼ਮਦੀਦ ਗਵਾਹ ਬਣੇਗੀ। ਸ. ਖ਼ਾਲਸਾ ਨੇ ਦਸਿਆ ਇਸ ਤੋਂ ਪਹਿਲਾਂ ਕਰਾਚੀ ਤੋਂ ਸੰਗਤ ਨੇ ਪਹਿਲੀ ਵਾਰ ਰੇਲ ਨਗਰ ਕੀਰਤਨ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਤਕ ਸਜਾਇਆ ਗਿਆ ਸੀ ਜੋ ਕਿ 24 ਘੰਟੇ ਬਾਅਦ ਨਨਕਾਣਾ ਸਾਹਿਬ ਪੁੱਜਾ ਸੀ।