
24 ਨਵੰਬਰ ਦੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਉਜਾਗਰ ਕੀਤੀ ਧਰਮੀ ਫ਼ੌਜੀਆਂ ਦੀ ਦਾਸਤਾਨ ਸਬੰਧੀ ਧਰਮੀ ਫ਼ੌਜੀਆਂ ਨੇ ਕੀਤਾ ਧਨਵਾਦ
ਧਾਰੀਵਾਲ (ਇੰਦਰ ਜੀਤ): ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪ੍ਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਧਰਮੀ ਫ਼ੌਜੀਆਂ ਦਾ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਅਤੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਸੌਹੀ ਸਮੇਤ ਸਮੁੱਚੇ ਧਰਮੀ ਫ਼ੌਜੀਆਂ ਨੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਸਮੇਤ ਹੋਰ ਸਟਾਫ਼ ਦਾ ਧਨਵਾਦ ਕਰਦਿਆਂ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੇ ਹਮੇਸ਼ਾ ਹੀ ਸੱਚ ਅਤੇ ਹੱਕ ’ਤੇ ਪਹਿਰਾ ਦਿੰਦੇ ਹੋਏ ਨਿਡਰਤਾ ਨਾਲ ਸੱਚ ਲਿਖਣ ਦੇ ਰਾਹ ਤੋਂ ਕਦੇ ਭਟਕੇ ਨਹੀਂ।
ਸਮੇਂ ਸਮੇਂ ਤੇ ਸਰਕਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚ ਨੂੰ ਕੌੜਾ ਸਮਝ ਕੇੇ ਅਦਾਰਾ ਲਈ ਕਈ ਤਰ੍ਹਾਂ ਦੀਆਂ ਔਕੜਾਂ ਖੜੀਆਂ ਕੀਤੀਆਂ ਗਈਆਂ ਜਦਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੇ ਡੇਰਾਵਾਦ ਅਤੇ ਪਾਖੰਡੀਆਂ ਵਿਰੁਧ ਖੁਲ੍ਹ ਕੇ ਲਿਖਿਆ ਅਤੇ ਸਿੱਖੀ ਦੇ ਪ੍ਰਚਾਰ ਲਈ ਵੀ ਕੋਈ ਕਸਰ ਨਹੀਂ ਛੱਡੀ।
ਧਰਮੀ ਫ਼ੌਜੀਆਂ ਨੇ ਕਿਹਾ ਕਿ 24 ਨਵੰਬਰ ਦੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਜੋ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਦਰਦ ਨੂੰ ਬਹੁਤ ਹੀ ਸੁਨਹਿਰਾ ਅੱਖਰਾਂ ਵਿਚ ਛਾਪਿਆ ਹੈ ਅਤੇ ਧਰਮੀ ਫ਼ੌਜੀ ਹਮੇਸ਼ਾ ਹੀ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੀ ਚੜ੍ਹਦੀਕਲਾ ਲਈ ਅਰਦਾਸ ਕਰਦੇ ਰਹਿਣਗੇ।
ਧਰਮੀ ਫ਼ੌਜੀਆਂ ਨੇ ਕਿਹਾ ਕਿ ਸਵਰਗਵਾਸੀ ਸ. ਜੋਗਿੰਦਰ ਸਿੰਘ ਅਤੇ ਮੈਡਮ ਜਗਜੀਤ ਕੌਰ ਵਲੋਂ ਸੱਭ ਤੋਂ ਪਹਿਲਾਂ ਧਰਮੀ ਫ਼ੌਜੀਆਂ ਦਾ ਦਸ ਦਸ ਹਜ਼ਾਰ ਰੁਪਏ ਦੀ ਸਹਾਇਤਾ ਦੇ ਕੇ ਧਰਮੀ ਫ਼ੌਜੀਆਂ ਦੇ ਜਖਮਾਂ ’ਤੇ ਮੱਲਮ ਲਗਾਈ ਅਤੇ ਧਰਮੀ ਫ਼ੌਜੀਆਂ ਦੀ ਆਵਾਜ਼ ਨੂੰ ਅਪਣੀ ਅਖ਼ਬਾਰ ਵਿਚ ਢੁਕਵਾਂ ਸਥਾਨ ਦਿੰਦੇ ਆ ਰਹੇ ਹਨ।
ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਸੌਹੀ, ਕੈਪਟਨ ਜਰਨੈਲ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਰਾਮ ਸਿੰਘ ਧਾਰੋਵਾਲੀ, ਸੁਜਾਨ ਸਿੰਘ ਗਿੱਲ ਮੱਝ ਤੋਂ ਇਲਾਵਾ ਹੋਰ ਹਾਜ਼ਰ ਸਨ।