
ਦੋਸ਼ੀਆਂ ਨੂੰ ਮਿਲਣੀ ਚਾਹੀਦੀ ਮਿਸਾਲੀ ਸਜ਼ਾ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਕਾਉਂਕੇ ਨੂੰ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕਰਨ ਸਬੰਧੀ ਤਿਵਾੜੀ ਰਿਪੋਰਟ ‘ਤੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼
Giani Raghbir Singh - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਨੱਬਵੇਂ ਦੇ ਦਹਾਕੇ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐੱਸ. ਗਿੱਲ ਰਾਹੀਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਕੀਤੀ ਨਸਲਕੁਸ਼ੀ ਦੀ ਇਕ ਬੇਹੱਦ ਘਿਨਾਉਣੀ ਮਿਸਾਲ ਹੈ, ਜੋ ਦੁਨੀਆਂ ਦੇ ਸਾਹਮਣੇ ਆਉਣੀ ਅਤੇ ਭਾਈ ਕਾਉਂਕੇ ਦੇ ਕਾਤਲਾਂ ਨੂੰ ਬੇਪਰਦ ਕਰਕੇ ਮਿਸਾਲੀ ਸਜ਼ਾਵਾਂ ਮਿਲਣੀਆਂ ਬੇਹੱਦ ਜ਼ਰੂਰੀ ਹਨ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਕੀਤੇ ਲਿਖਤੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਲਗਭਗ 30 ਵਰ੍ਹੇ ਪਹਿਲਾਂ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਵਲੋਂ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕਰ ਕੇ ਭੇਦਭਰੇ ਤਰੀਕੇ ਨਾਲ ਸ਼ਹੀਦ ਕਰਨ ਸਬੰਧੀ ਆਈ.ਪੀ.ਐੱਸ, ਬੀ.ਪੀ. ਤਿਵਾੜੀ ਦੀ ਰਿਪੋਰਟ ‘ਤੇ ਕਾਨੂੰਨੀ ਪੱਖਾਂ ਤੋਂ ਘੋਖ ਕਰਕੇ ਢੁੱਕਵੀਂ ਕਾਰਵਾਈ ਅਤੇ ਭਾਈ ਕਾਉਂਕੇ ਦੇ ਕਾਤਲਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦੇ ਦਿੱਤਾ ਗਿਆ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ 25 ਦਸੰਬਰ 1992 ਨੂੰ ਪੰਜਾਬ ਪੁਲਿਸ ਵਲੋਂ ਘਰੋਂ ਅਗਵਾ ਕਰਕੇ ਨਜਾਇਜ਼ ਹਿਰਾਸਤ ਵਿਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਪੁਲਿਸ ਹਿਰਾਸਤ ਵਿਚੋਂ ਭੱਜਣ ਦਾ ਝੂਠਾ ਮੁਕੱਦਮਾ ਦਰਜ ਕਰਕੇ ਭਗੌੜਾ ਕਰਾਰ ਦਿੱਤਾ ਗਿਆ ਸੀ। ਭਾਈ ਕਾਉਂਕੇ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਸਬੰਧੀ ਪੜਤਾਲ ਕੀਤੇ ਜਾਣ ਦੀ ਭਾਰੀ ਮੰਗ ‘ਤੇ 7 ਜੂਨ 1998 ਨੂੰ ਪੰਜਾਬ ਪੁਲਿਸ ਦੇ ਤਤਕਾਲੀ ਡਾਇਰੈਕਟਰ ਜਨਰਲ ਨੇ ਆਈ.ਪੀ.ਐੱਸ. ਬੀ.ਪੀ. ਤਿਵਾੜੀ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਸੁਰੱਖਿਆ ਨੂੰ ਪੜਤਾਲ ਕਰਨ ਦੇ ਆਦੇਸ਼ ਦਿੱਤੇ ਸਨ।
ਤਿਵਾੜੀ ਨੇ ਆਪਣੀ ਪੜਤਾਲ ਦੌਰਾਨ ਭਾਈ ਕਾਉਂਕੇ ਦੇ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕਹਾਣੀ ਨੂੰ ਸਿਰੇ ਤੋਂ ਝੂਠੇ ਪਾਇਆ ਅਤੇ ਭਾਈ ਕਾਉਂਕੇ ਨੂੰ ਘਰੋਂ ਚੁੱਕ ਕੇ, ਨਜਾਇਜ਼ ਹਿਰਾਸਤ ਵਿਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕਰਨ ਸਬੰਧੀ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ ਅਧਿਆਇ ਸ਼ਾਇਦ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਸਭ ਤੋਂ ਦਰਦਨਾਕ ਵਿਥਿਆ ਹੋਵੇਗੀ, ਜੋ ਇਕ ਲੋਕਰਾਜੀ ਪ੍ਰਣਾਲੀ ਲਈ ਬੇਹੱਦ ਸ਼ਰਮਨਾਕ ਹੈ।
ਹਰ ਸਿੱਖ ਦੇ ਹਿਰਦੇ ਵਿਚ ਭਾਈ ਕਾਉਂਕੇ ਦੀ ਸ਼ਹਾਦਤ ਦਾ ਦਰਦ ਧੁਖ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਹਿਰਦਿਆਂ ਨੂੰ ਰਾਹਤ ਮਹਿਸੂਸ ਹੋ ਸਕੇ। ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਾਰੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਬੇਹੱਦ ਮਿਹਨਤ ਦੇ ਨਾਲ ਭਾਈ ਕਾਉਂਕੇ ਦੇ ਕਤਲ ਦੀ ਤੱਥ-ਆਧਾਰਿਤ ਸੱਚਾਈ ਸਾਹਮਣੇ ਲਿਆਂਦੀ।
(For more news apart from Giani Raghbir Singh, stay tuned to Rozana Spokesman)