ਇਹ ਮਾਰਚ ਵਾਈਵੀਐਸ ਚੌਕ ਤੋਂ ਸ਼ੁਰੂ ਹੋ ਕੇ 18 ਕਿਲੋਮੀਟਰ ਚੱਲ ਕੇ ਮੁੜ ਵਾਈਵੀਐਸ ਚੌਕ ਉਤੇ ਖ਼ਤਮ ਹੋਇਆ।
ਮੋਹਾਲੀ : ਕੌਮੀ ਇਨਸਾਫ਼ ਮੋਰਚੇ ਵਲੋਂ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਪੱਕਾ ਇਨਸਾਫ਼ ਮੋਰਚਾ ਲਗਾਇਆ ਹੋਇਆ ਹੈ ਤੇ ਅੱਜ ਇਸੇ ਮੋਰਚੇ ਨੇ ਰੋਸ ਮਾਰਚ ਵੀ ਕੱਢਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਦਿਨੋ-ਦਿਨ ਵਧਦਾ ਜਾ ਰਿਹਾ ਹੈ।
ਅੱਜ ਦਾ ਇਹ ਰੋਸ ਮਾਰਚ ਮੋਰਚੇ ਵਾਲੇ ਸਥਾਨ ਤੋਂ ਆਰੰਭ ਹੋਇਆ। ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਜੱਥੇਬੰਦੀਆਂ ਅਤੇ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸੰਗਤਾਂ ਨੇ ਅਪਣੇ ਗਲਾਂ ਵਿਚ ਸੰਗਲ ਪਾ ਕੇ ਰੋਸ ਵੀ ਜਾਹਰ ਕੀਤਾ। ਸੰਗਤਾਂ ਦੇ ਹੱਥਾਂ ਵਿਚ ਕਾਲੇ ’ਤੇ ਕੇਸਰੀ ਝੰਡੇ ਦੂਰੋਂ ਹੀ ਨਜ਼ਰ ਆ ਰਹੇ ਸਨ। ਇਸ ਰੋਸ ਮਾਰਚ ਅੱਜ ਸਵੇਰੇ 11 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਇਆ।
ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਰੋਸ ਮਾਰਚ ਦੇ ਅੱਗੇ ਅਤੇ ਆਸ-ਪਾਸ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਚੱਲ ਰਹੇ ਸਨ, ਜਿਨ੍ਹਾਂ ਦੀ ਅਗਵਾਈ ਜਗਜੀਤ ਸਿੰਘ ਜੱਲ੍ਹਾ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਇਥੇ ਪੰਜਾਬ ਅਤੇ ਹਰਿਆਣਾ ਵਿਚੋਂ ਵੀ ਵੱਡੀ ਗਿਣਤੀ ਵਿਚ ਸੰਗਤ ਪੁੱਜੀ। ਇਹ ਮਾਰਚ ਵਾਈਵੀਐਸ ਚੌਕ ਤੋਂ ਸ਼ੁਰੂ ਹੋ ਕੇ 18 ਕਿਲੋਮੀਟਰ ਚੱਲ ਕੇ ਮੁੜ ਵਾਈਵੀਐਸ ਚੌਕ ਉਤੇ ਖ਼ਤਮ ਹੋਇਆ। ਇਸ ਨਾਲ ਟ੍ਰੈਫਿਕ ਵੀ ਪ੍ਰਭਾਵਿਤ ਹੋਈ ਪਰ ਸੰਗਤਾਂ ਵਿਚ ਬਹੁਤ ਜੋਸ਼ ਦੇਖਿਆ ਗਿਆ।