
ਕਰੀਬ ਸਾਢੇ ਤਿੰਨ ਸਾਲ ਪਹਿਲਾਂ ਜ਼ਿਲ੍ਹੇ ਦੇ ਭਗਤਾ ਭਾਈ ਦੇ ਪਿੰਡ ਗੁਰੂਸਰ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਬੇਅਦਬੀ ਦੇ ਕਥਿਤ ਅੱਧੀ ਦਰਜਨ ਡੇਰਾ ਪ੍ਰੇਮੀਆਂ.......
ਬਠਿੰਡਾ : ਕਰੀਬ ਸਾਢੇ ਤਿੰਨ ਸਾਲ ਪਹਿਲਾਂ ਜ਼ਿਲ੍ਹੇ ਦੇ ਭਗਤਾ ਭਾਈ ਦੇ ਪਿੰਡ ਗੁਰੂਸਰ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਬੇਅਦਬੀ ਦੇ ਕਥਿਤ ਅੱਧੀ ਦਰਜਨ ਡੇਰਾ ਪ੍ਰੇਮੀਆਂ ਦੀ ਜ਼ਮਾਨਤਾਂ ਅਦਾਲਤ ਨੇ ਰੱਦ ਕਰ ਦਿਤੀਆਂ ਹਨ। ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਲਜੀਤ ਸਿੰਘ ਲਾਂਬਾ ਦੀ ਅਦਾਲਤ ਨੇ ਪ੍ਰੇਮੀਆਂ ਵਲੋਂ ਜ਼ਮਾਨਤਾਂ ਸਬੰਧੀ ਲਗਾਈਆਂ ਅਰਜ਼ੀਆਂ 'ਤੇ ਫ਼ੈਸਲਾ ਸੁਣਾਉਂਦਿਆਂ ਇਨ੍ਹਾਂ ਨੂੰ ਅਸਵੀਕਾਰ ਕਰ ਦਿਤਾ। ਜਦੋਂ ਕਿ ਇਸ ਕਾਂਡ 'ਚ ਕਥਿਤ ਮੁੱਖ ਦੋਸ਼ੀ ਜਤਿੰਦਬੀਰ ਸਿੰਘ ਜਿੰਮੀ ਅਰੋੜਾ ਨੇ ਲੰਘੀ 21 ਫ਼ਰਵਰੀ ਨੂੰ ਬਹਿਸ ਵਾਲੇ ਦਿਨ ਹੀ ਅਪਣੀ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ ਸੀ।
ਦਸਣਾ ਬਣਦਾ ਹੈ ਕਿ ਦਿਆਲਪੁਰਾ ਪੁਲਿਸ ਵਲੋਂ 20 ਅਕਤੂਬਰ 2015 ਨੂੰ ਪਿੰਡ ਦੇ ਗੁਰਦੂਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਇਕਬਾਲ ਸਿੰਘ ਦੇ ਬਿਆਨਾਂ ਉਪਰ ਅਗਿਆਤ ਮੁਲਜ਼ਮਾਂ ਵਿਰੁਧ ਧਾਰਾ 295 ਏ ਅਤੇ 120 ਬੀ ਤਹਿਤ 161 ਨੰਬਰ ਮੁਕੱਦਮਾ ਦਰਜ ਕੀਤਾ ਸੀ। ਬਾਅਦ ਵਿਚ ਹੋਈ ਪੜਤਾਲ ਦੌਰਾਨ ਇਸ ਕੇਸ ਵਿਚ ਅੱਧੀ ਦਰਜਨ ਡੇਰਾ ਪ੍ਰੇਮੀਆਂ ਨੂੰ ਕਥਿਤ ਦੋਸ਼ੀਆਂ ਵਜੋਂ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚ ਮੁੱਖ ਕਥਿਤ ਦੋਸ਼ੀ ਜਤਿੰਦਰਬੀਰ ਉਰਫ਼ ਜਿੰਮੀ ਅਰੋੜਾ, ਬਲਜੀਤ ਸਿੰਘ, ਰਾਜਵੀਰ ਸਿੰਘ, ਦੀਪਕ ਕੁਮਾਰ, ਰਜਿੰਦਰ ਕੁਮਾਰ ਅਤੇ ਸੁਖਮੰਦਰ ਸਿੰਘ ਸ਼ਾਮਲ ਹਨ।