ਸਪੀਕਰ ਵਲੋਂ ਨਾਭਾ ਵਿਖੇ ‘ਜੈਤੋ ਦਾ ਮੋਰਚਾ’ 100 ਸਾਲਾ ਸ਼ਤਾਬਦੀ ਸਬੰਧੀ ਸਨਮਾਨ ਸਮਾਗਮ ’ਚ ਕੀਤੀ ਸ਼ਿਰਕਤ
Punjab News: ਨਾਭਾ (ਬਲਵੰਤ ਹਿਆਣਾ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੈਤੋ ਦਾ ਮੋਰਚਾ ਜਬਰ ਦਾ ਸਬਰ ਨਾਲ ਮੁਕਾਬਲੇ ਦੀ ਇਕ ਲਾਮਿਸਾਲ ਉਦਾਹਰਨ ਹੈ ਅਤੇ ਇਸ ਮੋਰਚੇ ਦੇ ਸ਼ਹੀਦਾਂ ਦੇ ਪ੍ਰਵਾਰਾਂ ਦਾ ਸਨਮਾਨ ਪੰਜਾਬ ਵਿਧਾਨ ਸਭਾ ਵਿਖੇ ਕੀਤਾ ਜਾਵੇਗਾ। ਸਪੀਕਰ ਸੰਧਵਾਂ ਅੱਜ ਨਾਭਾ ਵਿਖੇ ਮਹਾਰਾਜਾ ਰਿਪੁਦਮਨ ਸਿੰਘ ਦੇ ਵੰਸ਼ਜ ਰਾਣੀ ਪ੍ਰੀਤੀ ਸਿੰਘ ਨਾਭਾ ਤੇ ਕੰਵਰ ਅਭੈ ਉਦੈ ਪ੍ਰਤਾਪ ਸਿੰਘ ਦੀ ਸਰਪ੍ਰਸਤੀ ਹੇਠ ਸ਼ਾਹੀ ਪ੍ਰਵਾਰ ਨਾਭਾ, ਦੀਵਾਨ ਟੋਡਰ ਮੱਲ ਵਿਰਾਸਤੀ ਫ਼ਾਊਂਡੇਸ਼ਨ ਪੰਜਾਬ ਅਤੇ ਜੀ.ਐਨ.ਆਈ. ਕੈਨੈਡਾ ਵਲੋਂ ‘ਜੈਤੋ ਦੇ ਮੋਰਚੇ’ ਦੇ ਸ਼ਹੀਦ ਪ੍ਰਵਾਰਾਂ ਦੇ ਸਨਮਾਨ ਲਈ ਕਰਵਾਏ ਸਮਾਗਮ ਮੌਕੇ ਪੁੱਜੇ ਹੋਏ ਸਨ।
ਸਪੀਕਰ ਸੰਧਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਜਾਣ ਲੈਣ ਕਿ ਪੰਜਾਬ ਦੇ ਸਿੱਖਾਂ ਨੇ ਜੈਤੋ ਦੇ ਮੋਰਚੇ ਵਰਗੇ ਅਨੇਕਾਂ ਮੋਰਚੇ ਲਗਾ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰੰਤੂ ਅਪਣੇ ਹੱਕ ਲਏ ਬਗੈਰ ਕਦੇ ਪਿੱਛੇ ਨਹੀਂ ਹਟੇ, ਇਸ ਲਈ ਕੇਂਦਰ ਸਰਕਾਰ ਅੜੀ ਦਾ ਤਿਆਗ ਕਰ ਕੇ ਅੰਦਲੋਨ ਕਰ ਰਹੇ ਕਿਸਾਨਾਂ ਦੇ ਮਸਲੇ ਤੁਰਤ ਹੱਲ ਕਰੇ।
ਸਪੀਕਰ ਸੰਧਵਾਂ ਨੇ ਕਿਹਾ ਕਿ ਜੈਤੋ ਦਾ ਮੋਰਚਾ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਪੰਥ ਪ੍ਰਸਤੀ ਵਿਚੋਂ ਪੈਦਾ ਹੋਇਆ ਸੀ, ਇਸ ਮੋਰਚੇ ’ਚ ਸੈਂਕੜੇ ਸ਼ਹੀਦੀਆਂ ਤੇ ਸਿੱਖਾਂ ਨੇ ਅਨੇਕਾਂ ਤਸੀਹੇ ਸਬਰ ਤੇ ਸਿਦਕ ਨਾਲ ਝੱਲੇ ਅਤੇ ਅੰਤ ’ਚ ਜਿੱਤ ਪ੍ਰਾਪਤ ਕੀਤੀ, ਜਿਸ ਕਰ ਕੇ ਮਹਾਤਮਾ ਗਾਂਧੀ ਨੂੰ ਵੀ ਇਹ ਕਹਿਣਾ ਪਿਆ ਕਿ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ।
ਇਸ ਮੌਕੇ ਪੁੱਜੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮਹਾਰਾਜਾ ਰਿਪੁਦਮਨ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਜੈਤੋ ਦੇ ਮੋਰਚੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਰਾਣੀ ਪ੍ਰੀਤੀ ਸਿੰਘ ਨਾਭਾ ਤੇ ਕੰਵਰ ਅਭੈ ਉਦੈ ਪ੍ਰਤਾਪ ਸਿੰਘ ਧਨਵਾਦ ਅਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਤੇ ਸਮੁੱਚੇ ਹਿੱਸਾ ਲੈਣ ਵਾਲਿਆਂ ਨੂੰ ਨਮਨ ਕਰਦਿਆਂ ਕਿਹਾ ਕਿ ਉਹ ਸਿੱਖ ਪੰਥ ਦੇ ਸਦਾ ਰਿਣੀ ਰਹਿਣਗੇ
ਜਿਸ ਨੇ ਉਨ੍ਹਾਂ ਦੇ ਪੁਰਖੇ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਅੰਗਰੇਜ਼ ਹਕੂਮਤ ਵਲੋਂ ਦਿਤੇ ਤਸੀਹਿਆਂ ਦੇ ਵਿਰੋਧ ਵਿਚ ਖ਼ੁਦ ਗੋਲੀਆਂ ਖਾਧੀਆਂ ਤੇ ਸ਼ਹਾਦਤਾਂ ਦਿਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸਿੱਖ ਕੌਮ ਉਨ੍ਹਾਂ ਦੇ ਪੂਰਵਜਾਂ ਨੂੰ ਧਰਮੀ ਤੇ ਸ਼ਹੀਦ ਦਾ ਦਰਜਾ ਦਿੰਦੀ ਹੈ। ਸਮਾਰੋਹ ਮੌਕੇ ਜੈਤੋ ਦੇ ਮੋਰਚੇ ਦੀ 100 ਸਾਲਾ ਸ਼ਤਾਬਦੀ ਨੂੰ ਮਨਾਉਂਦਿਆਂ ਸ਼ਹੀਦਾਂ ਦੇ ਪ੍ਰਵਾਰਾਂ ਨੂੰ ਸਨਮਾਨਤ ਕੀਤਾ ਗਿਆ।