
ਪਿੰਡ ਚੀਦਾ ਦੀ ਸੰਗਤ ਨੇ ਕਥਿਤ ਮੁਲਜ਼ਮ ਨੂੰ ਮੌਕੇ ’ਤੇ ਹੀ ਦਬੋਚ ਲਿਆ ਜੋ ਨਸ਼ੇ ਦੀ ਹਾਲਤ ਵਿਚ ਧੁੱਤ ਪਾਇਆ ਗਿਆ।
ਸਮਾਲਸਰ : ਆਏ ਦਿਨ ਕੋਈ ਨਾ ਕੋਈ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਬੇਅਦਬੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੁਖਾਨੰਦ (ਮੋਗਾ) ਵਿਖੇ ਬੀਤੀ ਰਾਤ ਤਕਰੀਬਨ 11 ਵਜੇ ਦੇ ਕਰੀਬ ਇਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ।
ਜਿੱਥੇ ਇਕ ਸ਼ਰਾਬੀ ਵਿਅਕਤੀ ਵਲੋਂ ਤਿੰਨ ਗੁਟਕਾ ਸਾਹਿਬ ਦੇ ਅੰਗ ਮੰਡੀ ਵਿਚ ਖਿਲਾਰ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਦੀ ਭਿਣਕ ਲੋਕਾਂ ਨੂੰ ਪੈਣ ’ਤੇ ਪਿੰਡ ਸੁਖਾਨੰਦ ਅਤੇ ਨਾਲ ਲੱਗਦੇ ਪਿੰਡ ਚੀਦਾ ਦੀ ਸੰਗਤ ਨੇ ਕਥਿਤ ਮੁਲਜ਼ਮ ਨੂੰ ਮੌਕੇ ’ਤੇ ਹੀ ਦਬੋਚ ਲਿਆ ਜੋ ਨਸ਼ੇ ਦੀ ਹਾਲਤ ਵਿਚ ਧੁੱਤ ਪਾਇਆ ਗਿਆ।
ਪਿੰਡ ਸੁਖਾਨੰਦ ਦੇ ਸਰਪੰਚ ਲਖਵੀਰ ਸਿੰਘ ਅਤੇ ਪਿੰਡ ਚੀਦਾ ਦੇ ਡਾ. ਜਗਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਉਨ੍ਹਾਂ ਥਾਣਾ ਸਮਾਲਸਰ ਦੀ ਪੁਲਿਸ ਨੂੰ ਸੂਚਿਤ ਕਰਕੇ ਉਕਤ ਕਥਿਤ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਕਥਿਤ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣਾ ਪਿੰਡ ਝੰਡੂਕੇ ਦੱਸਿਆ ਹੈ ਜੋ ਕਥਿਤ ਘਟਨਾ ਵਾਲੀ ਥਾਂ ਦੇ ਸਾਹਮਣੇ ਇਥੋਂ ਦੇ ਮਸ਼ਹੂਰ ਡੇਰੇ ਵਿਚ ਲੱਕੜਾਂ ਕੱਟਣ ਦਾ ਕੰਮ ਕਰਦਾ ਦੱਸਿਆ ਜਾਂਦਾ ਹੈ।