
ਸਿੱਖ ਕਤੇਲਆਮ ਪੀੜਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਲਾ
ਨਵੀਂ ਦਿੱਲੀ: ਨਵੰਬਰ 84 ਵਿਚ ਦਿੱਲੀ ਕੈਂਟ ਵਿਖੇ ਸਿੱਖਾਂ ਦਾ ਕਤਲੇਆਮ ਕਰਨ ਦੇ ਦੋਸ਼ ਵਿਚ ਮੰਡੋਲੀ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੂੰ ਸੁਲਤਾਨਪੁਰੀ ਕਤਲੇਆਮ ਮਾਮਲੇ ਵਿਚ ਅਦਾਲਤ ਵਲੋਂ ਬਰੀ ਕਰਨ ਪਿਛੋਂ ਪੀੜਤਾਂ ਨੇ ਅੱਜ ਰੋਸ ਮਾਰਚ ਕਰ ਕੇ ਮੋਦੀ ਸਰਕਾਰ ਦੀ ਨੀਅਤ ’ਤੇ ਸਵਾਲੀਆ ਨਿਸ਼ਾਨ ਲਾ ਕੇ ਰੱਖ ਦਿਤਾ|
ਅੱਜ ਦੁਪਹਿਰ ਨੂੰ ਜੰਤਰ ਮੰਤਰ ’ਤੇ ਰੋਸ ਮੁਜ਼ਾਹਰਾ ਕਰਦੇ ਹੋਏ ਪੀੜਤਾਂ ਨੇ, ‘ਫ਼ਰਕ ਕਯਾ ਹੈ, ਕਾਂਗਰਸ ਔਰ ਮੋਦੀ ਤੇਰੇ ਰਾਜ ਮੇਂ’ ਦੇ ਬੈਨਰ ਫੜ ਕੇ, ਬੀਜੇਪੀ ਸਰਕਾਰ ਵਿਰੁਧ ਰੋਸ ਪ੍ਰਗਟਾਇਆ ਤੇ ਪੁਛਿਆ 84 ਦੇ ਦੋਸ਼ੀਆਂ ਨੂੰ ਨਿਆਂ ਦੇ ਮਾਮਲੇ ਵਿਚ ਬੀਜੇਪੀ ਵੀ ਕਾਂਗਰਸ ਦੀ ਰਾਹ ’ਤੇ ਤੁਰ ਰਹੀ ਹੈ| ਦੁਪਹਿਰ ਸਵਾ ਇਕ ਵਜੇ ਤਿਲਕ ਵਿਹਾਰ ਤੇ ਹੋਰ ਥਾਵਾਂ ਤੋਂ ਪੀੜਤ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਅਰਦਾਸ ਕਰਨ ਪਿਛੋਂ ਰੋਸ ਮਾਰਚ ਕਰਦੇ ਹੋਏ ਜੰਤਰ ਮੰਤਰ ਪੁੱਜੇ, ਜਿਥੇ ਉਨ੍ਹਾਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੀਆਂ ਫ਼ੋਟੋਆਂ ਨੂੂੰ ਜੁੱਤੀਆਂ ਮਾਰ ਕੇ ਅਪਣਾ ਗੁੱਸਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ| ਮੌਕੇ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਸਨ| ਗੁਰਦਵਾਰਾ ਸ਼ਹੀਦ ਗੰਜ ਸਾਹਿਬ, ਤਿਲਕ ਵਿਹਾਰ ਦੀ ਪ੍ਰਬੰਧਕ ਕਮੇਟੀ ਵਲੋਂ ਪਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਦਿਤੇ ਮੰਗ ਪੱਤਰ ਵਿਚ ਮੋਦੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਸੀਬੀਆਈ ਅਤੇ ਸਰਕਾਰ ਵਲੋਂ ਸੀਨੀਅਰ ਵਕੀਲਾਂ ਰਾਹੀਂ ਹਾਈਕੋਰਟ ਵਿਚ ਅਪੀਲ ਪਾਈ ਜਾਵੇ ਤਾਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਜ਼ੁਲਮਾਂ ਦੀ ਸਜ਼ਾ ਮਿਲ ਸਕੇ|
ਮੌਕੇ ’ਤੇ ‘ਸਪੋਕਸਮੈਨ’ ਨਾਲ ਗੱਲਬਾਤ ਕਰਦੇ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਮਰਹੂਮ ਐਚ ਕੇ ਐਲ ਭਗਤ ਵਿਰੁਧ ਚਸ਼ਮਦੀਦ ਗਵਾਹ ਬੀਬੀ ਦਰਸ਼ਨ ਕੌਰ ਨੇ ਕਿਹਾ,T84 ਵਿਚ ਮੇਰੇ ਘਰ ਦੇ 12 ਜਣੇ ਦਰਿੰਦਿਆਂ ਨੇ ਮੌਤ ਦੇ ਘਾਟ ਉਤਾਰ ਦਿਤੇ| ਸਾਡੇ ਕਲੇਜੇ ਵਿਚ ਉਦੋਂ ਤਕ ਥੱਕ ਠੰਢ ਨਹੀਂ ਪਵੇਗੀ, ਜਦੋਂ ਤਕ ਸੱਜਣ ਕੁਮਾਰ ਨੂੂੰ ਫਾਂਸੀ ਨਹੀਂ ਦਿਤੀ ਜਾਂਦੀ| ਸੁਲਤਾਨਪੁਰੀ ਤਾਂ ਸੱਜਣ ਕੁਮਾਰ ਦਾ ਹਲਕਾ ਸੀ, ਫਿਰ ਉਸ ਨੇ ਸਿੱਖਾਂ ਨੂੰ ਬਚਾਇਆ ਕਿਉਂ ਨਹੀਂ? ਪੰਜ ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਉਨ੍ਹਾਂ ਦੀਆਂ ਲਾਸ਼ਾਂ ਕਿਥੇ ਗਈਆਂ?U ਤਿਲਕ ਵਿਹਾਰ ਵਿਖੇ ਰਹਿੰਦੇ ਨੌਜਵਾਨ ਸੱਤੂ ਸਿੰਘ ਨੇ ਕਿਹਾ, T84 ਵਿਚ ਮੇਰੇ ਨਾਨਾ ਜੀ ਤੇ ਪਿਤਾ ਜੀ ਨੂੰ ਕਤਲ ਕਰ ਦਿਤਾ ਗਿਆ, ਪਰ ਅੱਜ ਸਾਡੇ ਮੁਜ਼ਾਹਰੇ ਵਿਚ ਨਾ ਦਿੱਲੀ ਕਮੇਟੀ, ਨਾ ਆਮ ਆਦਮੀ ਪਾਰਟੀ ਤੇ ਨਾ ਭਾਜਪਾ ਨੇ ਸਾਥ ਦਿਤਾ, ਫਿਰ ਸਾਨੂੂੰ ਇਨਸਾਫ਼ ਕਿਥੋਂ ਮਿਲਣਾ?
ਪ੍ਰਧਾਨ ਮੰਤਰੀ ਦਫ਼ਤਰ ਵਿਖੇ ਦਿਤੇ ਗਏ ਮੰਗ ਪੱਤਰ ਵਿਚ ਪੀੜਤਾਂ ਨੇ ਕਿਹਾ ਹੈ, ‘ਅੱਜ ਇਹ ਵੇਖ ਕੇ ਬੜਾ ਦੁਖ ਹੋ ਰਿਹਾ ਹੈ ਕਿ ਨਿਆਂ ਨਾ ਮਿਲਣ ਦੇ ਜੋ ਹਾਲਾਤ ਕਾਂਗਰਸ ਸਰਕਾਰ ਵੇਲੇ ਸੀ, (ਜਿਸ ਵਿਚ ਦੋਸ਼ੀਆਂ ਨੂੰ ਬਚਾਇਆ ਜਾਂਦਾ ਰਿਹਾ ਹੈ), ਪਰ ਤੁਹਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਸਾਨੂੰ ਪੀੜਤਾਂ ਨੂੰ ਬੜੀ ਉਮੀਦ ਸੀ ਕਿ ਦੋਸ਼ੀਆਂ ਨੂੰ ਹੁਣ ਸਜ਼ਾ ਮਿਲੇਗੀ ਅਤੇ ਪੀੜਤਾਂ ਨੂੰ 1984 ਕਤਲੇਆਮ ਦੇ ਦੁੱਖ ਦੀ ਪੀੜ ਤੋਂ ਰਾਹਤ ਮਿਲੇਗੀ| ਪਰ ਦੋਵੇਂ ਮੁੱਖ ਦੋਸ਼ੀਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਦਿੱਲੀ ਸਿੱਖ ਕਤਲੇਆਮ ਦੇ ਕੇਸਾਂ ਵਿਚੋਂ ਰਾਊਜ਼ ਐਵੇਨਿਊ ਕੋਰਟ ਤੋਂ ਤਰਤੀਬਵਾਰ ਦੋਸ਼ਾਂ ਤੋਂ ਬਰੀ ਕਰਨਾ/ ਜ਼ਮਾਨਤ ਦੇਣਾ, ਬੜਾ ਪੀੜਾ ਦਾਇਕ ਹੈ|’ ਅਜਿਹੇ ਵਿਚ ਚਿੰਤਾ ਵੱਧ ਜਾਂਦੀ ਹੈ ਕਿ ਕਾਂਗਰਸ ਅਤੇ ਬੀਜੇਪੀ ਸਰਕਾਰ ਦੀ ਨਿਆਂ ਸਿਸਟਮ ਵਿਚ ਕੀ ਫ਼ਰਕ ਰਹਿ ਜਾਂਦਾ ਹੈ? ਜੋ ਜ਼ਖਮ ਕਾਂਗਰਸ ਨੇ 1984 ਵਿਚ ਦਿਤੇ ਸੀ, ਉਹ ਅੱਜ ਬੀਜੇਪੀ ਦੀ ਸਰਕਾਰ ਵਿਚ ਉਚੇੜੇ ਜਾ ਰਹੇ ਹਨ| ਮੁਜ਼ਾਹਰੇ ਵਿਚ ਬੀਬੀ ਪਿਆਰ ਕੌਰ, ਭਗਤ ਸਿੰਘ, ਬਾਬੂ ਸਿੰਘ ਦੁਖੀਆ, ਮੋਹਨ ਸਿੰਘ, ਮੰਛਾ ਸਿੰਘ, ਜਰਨੈਲ ਸਿੰਘ, ਮੋਤੀ ਸਿੰਘ ਸਣੇ ਰੋਹਿਣੀ, ਚੰਦਰ ਵਿਹਾਰ ਤੇ ਹੋਰ ਥਾਂਵਾਂ ਤੋਂ ਪੀੜਤ ਸ਼ਾਮਲ ਹੋਏ|