
ਵੱਖ-ਵੱਖ ਸੰਗਠਨਾਂ ਵਲੋਂ ਵਿਸ਼ਾਲ ਰੋਸ ਵਿਖਾਵਾ, ਘਰਾਂ 'ਤੇ ਕਾਲੇ ਝੰਡੇ ਲਾਉਣ ਦਾ ਦਿਤਾ ਸੱਦਾ
ਮਾਨਸਾ : ਨਵਾਂ ਸ਼ਹਿਰ ਦੀ ਸੈਸ਼ਨ ਅਦਾਲਤ ਵਲੋਂ ਕੁਝ ਕਿਤਾਬਾਂ, ਪੈਂਫ਼ਲਟ ਅਤੇ ਤਸਵੀਰਾਂ ਬਰਾਮਦ ਹੋਣ ਦੇ ਆਧਾਰ 'ਤੇ ਹੀ ਤਿੰਨ ਸਿੱਖ ਨੌਜਵਾਨਾਂ ਨੂੰ 5 ਫ਼ਰਵਰੀ 2019 ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਦੀ ਮੰਗ ਅਤੇ ਘੱਟ ਗਿਣਤੀਆਂ ਅਤੇ ਦਲਿਤਾਂ ਨਾਲ ਦੇਸ਼ ਭਰ ਵਿਚ ਹੋ ਰਹੀਆਂ ਜ਼ਿਆਦਤੀਆਂ ਦੇ ਵਿਰੋਧ ਵਿਚ ਅੱਜ ਇਥੇ ਵੱਖ-ਵੱਖ ਪਾਰਟੀਆਂ ਅਤੇ ਸੰਗਠਨਾਂ ਵਲੋਂ ਇਕ ਹੋਰ ਰੋਹ ਭਰਿਆ ਰੋਸ ਵਿਖਾਵਾ ਕੀਤਾ ਗਿਆ। ਚੇਤੇ ਰਹੇ ਕਿ ਇਸ ਮੁਹਿੰਮ ਦੀ ਸ਼ੁਰੂਆਤ ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਵਲੋਂ 9 ਫ਼ਰਵਰੀ ਨੂੰ ਇਸ ਮੁੱਦੇ 'ਤੇ ਧਰਨਾ ਦੇ ਕੇ ਕੀਤੀ ਗਈ ਸੀ।
'ਤਿੰਨ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਰਾਖੀ ਲਈ ਕਮੇਟੀ' ਦੇ ਬੈਨਰ ਹੇਠ ਜੁੜੇ ਸੈਂਕੜੇ ਵਿਖਾਵਾਕਾਰੀਆਂ ਨੇ ਪਹਿਲਾਂ ਸ਼ਹਿਰ ਦੇ ਕੇਂਦਰੀ ਗੁਰਦਵਾਰਾ ਚੌਕ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਅਕਾਲੀ ਦਲ (ਮਾਨ) ਦੇ ਜਨਰਲ ਸੱਕਤਰ ਗੁਰਸੇਵਕ ਸਿੰਘ ਜਵਾਹਰਕੇ, ਮੁਹੰਮਦ ਗੁਫ਼ਰਾਨ ਖ਼ਾਨ, ਪੰਥਕ ਸੇਵਾ ਲਹਿਰ ਦੇ ਜਥੇਦਾਰ ਬਾਬਾ ਪ੍ਰਦੀਪ ਸਿੰਘ ਚਾਂਦਪੁਰੇ ਵਾਲੇ ਅਤੇ ਤਰਨਾ ਦਲ ਦੇ ਜਥੇਦਾਰ ਗੁਰਜੰਟ ਸਿੰਘ ਕੋਰਵਾਲਾ ਦੀ ਪ੍ਰਧਾਨਗੀ ਹੇਠ ਇਸ ਮੁੱਦੇ 'ਤੇ ਇਕ ਕਾਨਫ਼ਰੰਸ ਕੀਤੀ ਗਈ
ਜਿਸ ਨੂੰ ਆਲ ਇੰਡੀਆ ਪੀਪਲਜ਼ ਫ਼ੋਰਮ ਦੇ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਮਾਨ ਦਲ ਦੇ ਰਜਿੰਦਰ ਸਿੰਘ ਜਵਾਹਰਕੇ, ਸਿੱਖ ਯੂਥ ਫ਼ੈਡਰੇਸ਼ਨ ਦੇ ਮੱਖਣ ਸਿੰਘ ਸਮਾਓਂ, ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ, ਪ੍ਰਗਤੀਸ਼ੀਲ ਇਸਤਰੀ ਸਭਾ (ਏਕਟੂ) ਦੀ ਆਗੂ ਜਸਬੀਰ ਕੌਰ ਨੱਤ, ਇਨਕਲਾਬੀ ਕੇਂਦਰ ਪੰਜਾਬ ਦੇ ਜਗਮੇਲ ਸਿੰਘ ਅਤੇ ਬੁੱਢਾ ਦਲ ਦੇ ਨਿਹੰਗ ਜਗਦੇਵ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਕ ਪਾਸੇ 34 ਸਾਲ ਬੀਤਣ 'ਤੇ ਵੀ ਹਾਲੇ ਤਕ ਸਿਰਫ਼ ਸੱਜਣ ਕੁਮਾਰ ਨੂੰ ਛੱਡ ਕੇ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਸਿਰਫ਼ ਰਾਜਧਾਨੀ ਦਿੱਲੀ ਵਿਚ ਨਿੱਤ ਦਿਹਾੜੇ ਬੇਰਹਿਮੀ ਨਾਲ ਮਾਰੇ
ਅਤੇ ਜਿਉਂਦੇ ਸਾੜੇ ਗਏ 3000 ਤੋਂ ਵੱਧ ਨਿਰਦੋਸ਼ ਸਿੱਖ ਨਾਗਰਿਕਾਂ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ, ਦੂਜੇ ਪਾਸੇ ਸਿਰਫ਼ 3 ਸਾਲ ਦੇ ਅੰਦਰ-ਅੰਦਰ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਗੁਨਾਹ ਕਰਨ 'ਤੇ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਗਈ। ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਸੰਘੀ ਕਾਤਲੀ ਗਰੋਹਾਂ ਵਲਂੋ 2014 ਤੋਂ ਬਾਅਦ ਬਿਨਾਂ ਕਿਸੇ ਕਸੂਰ ਦੇ 80 ਤੋਂ ਵਧੇਰੇ ਬੇਕਸੂਰ ਮੁਸਲਮਾਨਾਂ ਨੂੰ ਭੀੜ ਕਤਲਾਂ (ਮੌਬ ਲਿਚਿੰਗ) ਦਾ ਸ਼ਿਕਾਰ ਬਣਾ ਕੇ ਕਤਲ ਕਰ ਦਿਤਾ ਗਿਆ ਹੈ
ਪਰ ਹਾਲੇ ਤਕ ਕਿਸੇ ਇਕ ਕਾਤਲ ਨੂੰ ਫ਼ਾਸੀ ਜਾਂ ਉਮਰ ਕੈਦ ਦੀ ਸਜ਼ਾ ਨਹੀਂ ਸੁਣਾਈ ਗਈ। ਉਨ੍ਹਾਂ ਕਿਹਾ ਕਿ ਅਸੀਂ ਇਸ ਨਿਆਂਇਕ ਤੇ ਕਾਨੂੰਨੀ ਵਿਤਕਰੇਬਾਜ਼ੀ ਨੂੰ ਜਨਤਕ ਤੌਰ 'ਤੇ ਚੁਣੌਤੀ ਦੇਣ ਲਈ ਜਦੋਜਹਿਦ ਕਰ ਰਹੇ ਹਾਂ। ਬੁਲਾਰਿਆਂ ਨੇ ਪੁਲਵਾਮਾ ਹਮਲੇ ਮੋਦੀ ਵਲੋਂ ਜੰਗ ਛੇੜਨ ਦੇ ਖ਼ਤਰਨਾਕ ਸਿਆਸੀ ਮਨਸੂਬਿਆਂ ਦੀ ਵੀ ਸਖ਼ਤ ਨਿੰਦਾ ਕੀਤੀ। ਬੁਲਾਰਿਆਂ ਨੇ ਐਲਾਨ ਕੀਤਾ ਕਿ ਇਸ ਅੰਦੋਲਨ ਨੂੰ ਸੂਬਾ ਪੱਧਰ ਉਤੇ ਲਿਜਾਂਦੇ ਹੋਏ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਵਿਖੇ ਕਨਵੈਂਸ਼ਨ ਕਰਕੇ ਗਵਰਨਰ ਪੰਜਾਬ ਨੂੰ ਇਹ ਸਜ਼ਾ ਰੱਦ ਕਰਨ ਲਈ ਮੰਗ ਪੱਤਰ ਦਿਤਾ ਜਾਵੇਗਾ
ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇਹ ਫ਼ੈਸਲਾ ਸੁਣਾਉਣ ਵਾਲੇ ਜੱਜ ਬਾਰੇ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ। 'ਤਿੰਨ ਨਿਰਦੋਸ਼ ਸਿੱਖ ਨੌਜਵਾਨਾਂ ਦੀ ਸਜ਼ਾ ਰੱਦ ਕਰੋ', 'ਘੱਟ ਗਿਣਤੀਆਂ ਅਤੇ ਦਲਿਤਾਂ ਦਾ ਦੁਸ਼ਮਣ ਨਿਜ਼ਾਮ ਮੁਰਦਾਬਾਦ' ਅਤੇ 'ਇਨਸਾਫ਼ ਪਸੰਦ ਲੋਕਾਂ ਦਾ ਏਕਾ ਜਿੰਦਾਬਾਦ' ਦੇ ਨਾਹਰਿਆਂ ਦੀ ਗੂੰਜ ਵਿਚ ਲਾਲ, ਹਰੇ, ਕਾਲੇ ਅਤੇ ਪੰਥਕ ਝੰਡਿਆਂ ਅਤੇ ਕਾਲੀਆਂ ਪੱਟੀਆਂ ਨਾਲ ਲੈਸ ਵਿਖਾਵੇਕਾਰੀਆਂ
ਨੇ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਸ਼ਹੀਦ ਸੇਵਾ ਸਿੰਘ ਚੌਕ ਵਿਚ ਰੈਲੀ ਦੀ ਸਮਾਪਤੀ ਕੀਤੀ। ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਪਹੁੰਚੇ ਲੋਕਾਂ ਦਾ ਧਨਵਾਦ ਕੀਤਾ ਅਤੇ ਸਭਨਾਂ ਨੂੰ ਰੋਸ ਵਜੋਂ ਅਪਣੇ ਘਰਾਂ ਉਤੇ ਕਾਲੇ ਝੰਡੇ ਲਾਉਣ ਦਾ ਸੱਦਾ ਦਿਤਾ। ਇਸ ਇਕੱਠ ਵਿਚ ਵੱਖ-ਵੱਖ ਖੱਬੇ-ਪੱਖੀ ਅਤੇ ਸਿੱਖ ਸੰਗਠਨਾਂ ਦੇ ਅਨੇਕਾਂ ਆਗੂ ਤੇ ਵਰਕਰ ਹਾਜ਼ਰ ਸਨ।