ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੇ ਘੱਟ ਹੋਣ ਦਾ ਮਾਮਲਾ ਉਜਾਗਰ ਹੋਇਆ
Published : Jun 27, 2020, 8:53 am IST
Updated : Jun 27, 2020, 8:53 am IST
SHARE ARTICLE
Sri Guru Granth Sahib Ji
Sri Guru Granth Sahib Ji

ਸੁਖਬੀਰ ਬਾਦਲ ਨੂੰ ਨਵੀਂ ਮੁਸੀਬਤ ਦਾ ਡਰ , ਸੇਵਾ ਮੁਕਤ ਜਸਟਿਸ ਅਜੀਤ ਸਿੰਘ ਬੈਂਸ ਵਲੋਂ ਪੰਜਾਬ ਸਰਕਾਰ ਕੋਲੋਂ ਠੋਸ ਜਾਂਚ ਦੀ ਮੰਗ

ਚੰਡੀਗੜ੍ਹ, 26 ਜੂਨ (ਨੀਲ ਭਲਿੰਦਰ ਸਿੰਘ) : ਸਾਲ 2015 ਦੌਰਾਨ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਇਨਸਾਫ ਦੀ ਲੜਾਈ ਹਾਲੇ ਅਧਵਾਟੇ ਹੀ ਹੈ ਕਿ ਇਸੇ ਦੌਰਾਨ ਅਜਿਹੇ ਹੀ ਪ੍ਰਸੰਗ ਵਿਚ ਇਕ ਹੋਰ ਮਾਮਲਾ ਉਜਾਗਰ ਹੋ ਗਿਆ ਹੈ। ਜੋ ਸੂਬੇ ਦੀ ਪੰਥਕ ਸਿਆਸਤ ਵਿਚ ਵੀ ਕਾਫੀ ਅਸਰ ਅੰਦਾਜ਼ ਹੋ ਸਕਦਾ ਹੈ। ਜਸਟਿਸ ਅਜੀਤ ਸਿੰਘ ਬੈਂਸ (ਰਿਟਾ.) ਦੀ ਅਗਵਾਈ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਜਾਂਚ ਕਰਤਾ ਸਰਬਜੀਤ ਸਿੰਘ ਵੇਰਕਾ ਨੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਅੱਜ ਇਸ ਮੰਗ ਪੱਤਰ ਲਿਖ ਕੇ ਇਸ ਬਾਬਤ ਕਾਫ਼ੀ ਅਹਿਮ ਪ੍ਰਗਟਾਵੇ ਕੀਤੇ ਹਨ।

ਵੇਰਕਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਉਨ੍ਹਾਂ ਵਲੋਂ ਕੀਤੀ ਗਈ ਘੋਖ-ਪੜਤਾਲ ਮੁਤਾਬਕ ਮਿਤੀ 18/19-05-2016 ਦੀ ਰਾਤ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋ ਗਏ ਹਨ, ਜਿਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੂੰ ਸਵੇਰੇ ਜਦੋਂ ਪਤਾ ਲੱਗਾ, ਤਾਂ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ, ਜਿਨ੍ਹਾਂ ਨੇ ਪਾਣੀ ਦੀਆਂ ਬੁਛਾੜਾਂ ਨਾਲ ਅੱਗ ਬੁਝਾਈ ਜਿਸ ਕਰ ਕੇ ਉਥੇ ਪਏ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾਣੀ ਪੈਣ ਨਾਲ ਗਿੱਲੇ ਹੋ ਗਏ।

ਇਸ ਸਾਰੀ ਕਾਰਵਾਈ ਦੌਰਾਨ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਅਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ, ਅਡੀਸ਼ਨਲ ਸਕੱਤਰ ਸ. ਦਲਜੀਤ ਸਿੰਘ ਬੇਦੀ,  ਮੀਤ ਸਕੱਤਰ ਸਕੱਤਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਮੈਨੇਜਰ ਪ੍ਰਤਾਪ ਸਿੰਘ ਹੋਰਨਾਂ ਤੋਂ ਇਲਾਵਾ ਮੌਕੇ 'ਤੇ ਮੌਜੂਦ ਸਨ। ਡਾ. ਰੂਪ ਸਿੰਘ ਨੇ ਮੌਕੇ 'ਤੇ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਪਰੋਕਤ ਵਾਕਿਆ ਬਾਰੇ ਦਸਿਆ ਜਿਸ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਲੀਡਰਾਂ ਨਾਲ ਹਾਲਾਤ ਦੱਸ ਕੇ ਅਗਲੇ ਹੁਕਮ ਲੈਣ ਲਈ ਸੰਪਰਕ ਕੀਤਾ।

ਵੇਰਕਾ ਵਲੋਂ ਮੁਖ ਸਕੱਤਰ ਪੰਜਾਬ ਨੂੰ ਭੇਜੇ ਇਸ ਮੰਗ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਵਿਚ ਰੱਖਣ ਦੀ ਹਦਾਇਤ ਦਿਤੀ ਅਤੇ ਕਿਹਾ ਕਿ ਪਹਿਲਾ ਹੀ ਬੁਰਜ ਜਵਾਹਰ ਸਿੰਘ ਅਤੇ ਬਰਗਾੜੀ ਵਿਖੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰ ਕੇ ਅਕਾਲੀ ਦਲ ਕਟਹਿਰੇ ਵਿਚ ਖੜਾ ਹੈ

ਅਤੇ ਇੰਨੇ ਵੱਡੇ ਪੱਧਰ 'ਤੇ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਅਗਨ ਭੇਂਟ ਅਤੇ ਪਾਣੀ ਨਾਲ ਗਿੱਲੇ ਹੋਣਾ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਬਹੁਤ ਵੱਡੀ ਮੁਸ਼ਕਲ ਵਿਚ ਪਾ ਸਕਦਾ ਹੈ ਅਤੇ ਅਕਾਲੀ ਦਲ ਨੂੰ 2017 ਦੀਆਂ ਚੋਣਾਂ ਵਿਚ ਇਸ ਕਰ ਕੇ ਨੁਕਸਾਨ ਹੋ ਸਕਦਾ ਹੈ।

ਅੱਗੇ ਦਾਅਵਾ ਕੀਤਾ ਗਿਆ ਹੈ ਕਿ ਇਹ ਹਦਾਇਤਾਂ ਦਿਤੀਆਂ ਗਈਆਂ ਕਿ ਇਸ ਘਟਨਾ ਬਾਰੇ ਕਿਸੇ ਨੂੰ ਪਤਾ ਨਾ ਲੱਗਣ ਦਿਤਾ ਜਾਵੇ ਅਤੇ ਘਟਨਾ, ਬੇਅਦਬੀ ਤੇ ਅਣਗਹਿਲੀ ਨੂੰ ਗੁਪਤ ਰਖਿਆ ਜਾਵੇ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਹੋਏ ਅਤੇ ਪਾਣੀ ਨਾਲ ਗਿੱਲੇ ਹੋਏ ਸਰੂਪਾਂ ਨੂੰ ਸੁੱਕੇ ਰਮਾਲਾ ਸਾਹਿਬ ਵਿਚ ਰੱਖ ਕੇ ਕੁੱਝ-ਗਿਣੇ ਪੱਤਰਕਾਰਾਂ ਅਤੇ ਮੌਕੇ 'ਤੇ ਮੌਜੂਦ ਆਗੂਆਂ ਨੂੰ ਮੌਕਾ ਦਿਖਾ ਕੇ ਇਹ ਯਕੀਨ ਦਿਵਾ ਦਿਤਾ ਗਿਆ ਕਿ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਕਿਸੇ ਵੀ ਅਧਿਕਾਰੀ ਨੇ ਅਗਨ ਭੇਂਟ ਹੋਏ ਅਤੇ ਪਾਣੀ ਨਾਲ ਗਿੱਲੇ ਹੋਏ ਸਰੂਪਾਂ ਦੀ ਗਿਣਤੀ ਕਰਨੀ ਜ਼ਰੂਰੀ ਨਾ ਸਮਝੀ ਅਤੇ ਸਿਆਸੀ ਆਗੂਆਂ ਦੇ ਦਬਾਅ ਕਾਰਨ ਮੌਕੇ ਦੀ ਸੀ.ਸੀ.ਟੀ.ਵੀ. ਫ਼ੁਟੇਜ ਨੂੰ ਵੀ ਕਬਜ਼ੇ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਮੌਕੇ 'ਤੇ ਫਰਾਸਿਕ ਟੀਮ ਨੂੰ ਵੀ ਨਹੀਂ ਬੁਲਾਇਆ ਗਿਆ ਜਿਸ ਤੋਂ ਪਤਾ ਲਗਦਾ ਕਿ ਇਹ ਅੱਗ ਬਿਜਲੀ ਸਰਕਟ ਸ਼ਾਟ ਕਰ ਕੇ ਲੱਗੀ ਹੈ ਜਾਂ ਕਿ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਅਜਿਹਾ ਕੀਤਾ ਗਿਆ ਹੈ।

ਵਰਣਨਯੋਗ ਹੈ ਕਿ ਸਾਲ 2015-16 ਵਿਚ ਸਿੱਖ ਵਿਰੋਧੀ ਅਨਸਰਾਂ ਵਲੋਂ ਅਜਿਹੀਆਂ ਕਈ ਵਾਰਦਾਤਾਂ ਕੀਤੀਆਂ ਗਈਆਂ ਸਨ ਜਿਸ ਦੇ ਵੇਰਵੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਮੌਜੂਦ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਚ ਅਧਿਕਾਰੀਆਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਮੌਕੇ 'ਤੇ ਜਾਣ ਨਹੀਂ ਦਿਤਾ ਗਿਆ ਅਤੇ ਸਾਰੀ ਘਟਨਾ ਨੂੰ  ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਵੇਰਕਾ ਵਲੋਂ ਮੰਗ ਪੱਤਰ 'ਚ ਉਕਤ ਦਾਅਵਿਆਂ ਦਾ ਆਧਾਰ ਦਸਦੇ ਹੋਏ ਜਾਣਕਰੀ ਦਿਤੀ ਗਈ ਹੈ ਕਿ ਉਨ੍ਹਾਂ ਦੀ ਸੰਸਥਾ ਵਲੋਂ ਸ਼੍ਰੋਮਣੀ   ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ, ਇਸ ਅਧੀਨ ਗੁਰਦੁਆਰਾ ਸਾਹਿਬਾਨ ਅਤੇ ਅਦਾਰਿਆਂ ਵਿਚ ਹੋ ਰਹੀਆਂ ਕਥਿਤ ਬੇਨਿਯਮੀਆਂ ਅਤੇ ਘਪਲਿਆਂ ਸਬੰਧੀ ਇਨਕੁਆਰੀ ਕੀਤੀ ਜਾ ਰਹੀ ਹੈ।

ਇਸੇ ਦੌਰਾਨ 'ਸ. ਗੱਜਣ ਸਿੰਘ ਰੇਡੀਉ ਰਾਜ ਐਫ਼.ਐਮ.' ਵਲੋਂ ਸਾਲ 2016 ਵਿਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਅੰਮ੍ਰਿਤਸਰ ਵਿਚ ਕੁੱਝ ਸਰੂਪ ਅਗਨ ਭੇਂਟ ਹੋਣ ਅਤੇ ਇਸ ਸਬੰਧੀ ਰਹਿਤ ਮਰਿਆਦਾ ਅਨੁਸਾਰ ਕਾਰਵਾਈ ਨਾ ਕਰਨ ਸਬੰਧੀ ਜਾਣਕਾਰੀ ਮਿਲੀ ਸੀ। ਇਸ ਵਾਕਿਆ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ, ਸਬੂਤਾਂ ਨੂੰ ਘੋਖਿਆ ਗਿਆ ਅਤੇ ਮੌਕੇ ਦੇ ਗਵਾਹਾਂ ਤੋਂ ਸੱਚਾਈ ਪਤਾ ਕੀਤੀ ਗਈ, ਜਿਸ ਤੋਂ ਉਕਤ ਤੱਥ ਸਾਹਮਣੇ ਆਏ ਹਨ.

ਮੰਗ ਪੱਤਰ ਵਿਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਮਿਤੀ 19.5.2016 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਸਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਹੋਏ ਅਤੇ ਗਿੱਲੇ ਹੋਏ ਸਰੂਪਾਂ ਨੂੰ ਗੁਰਦੁਆਰਾ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਲੈ ਕੇ ਜਾਇਆ ਗਿਆ ਪਰ ਉਥੇ ਵੀ ਕਥਿਤ ਤੌਰ ਉਤੇ ਇਹ ਹਦਾਇਤ ਕੀਤੀ ਗਈ ਕਿ ਇਸ ਕਾਰਵਾਈ ਨੂੰ ਰੀਕਾਰਡ ਵਿਚ ਨਾ ਲਿਆਂਦਾ ਜਾਵੇ ਅਤੇ ਗੁਪਤ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਂਟ ਕਰ ਕੇ ਜਲ ਪ੍ਰਵਾਹ ਕਰ ਦਿਤਾ ਗਿਆ।

ਸਬੰਧਤ ਅਧਿਕਾਰੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਪਾਵਨ ਸਰੂਪਾਂ ਬਾਰੇ ਰੀਕਾਰਡ ਦਰੁਸਤ ਕਰਨ ਬਾਰੇ ਕਈ ਵਾਰ ਕਿਹਾ ਜਾਂਦਾ ਰਿਹਾ ਪਰ ਉਪਰੋਂ ਹੁਕਮਾਂ ਕਰ ਕੇ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਂਟ ਹੋਏ ਅਤੇ ਪਾਵਨ ਸਰੂਪਾਂ ਦੀ ਸਹੀ ਗਿਣਤੀ ਕੀਤੀ ਗਈ ਅਤੇ ਨਾ ਹੀ ਰੀਕਾਰਡ ਵਿਚ ਲਿਆਂਦਾ ਗਿਆ। ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੇ ਅਧਿਕਾਰੀ ਨਿਯਮਾਂ/ਮਰਿਆਦਾ ਅਨੁਸਾਰ ਕਾਰਵਾਈ ਕਰਨ ਦੀ ਜਗ੍ਹਾ ਬਾਦਲ ਪਰਵਾਰ ਦੇ ਗ਼ੈਰਕਾਨੂੰਨੀ, ਗ਼ਲਤ ਅਤੇ ਸਿੱਖ ਮਰਿਆਦਾ ਦੇ ਉਲਟ ਹੁਕਮਾਂ ਨੂੰ ਮੰਨਣ ਦੀ ਪਹਿਲ ਦਿੰਦੇ ਹਨ।

ਮੰਗ ਪੱਤਰ ਵਿਚ ਅਗੇ ਕਿਹਾ ਗਿਆ ਕਿ ਇਹ ਪਤਾ ਲੱਗਾ ਹੈ ਕਿ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਰਜਿਸਟਰ ਵਿਚ ਵੀ ਇਸ ਕਾਰਵਾਈ ਬਾਰੇ ਕੋਈ ਵੇਰਵੇ ਦਰਜ ਨਹੀਂ ਕੀਤੇ ਗਏ ਅਤੇ ਨਾ ਹੀ ਇੰਨੀ ਵੱਡੀ ਭੁੱਲ/ਘਟਨਾ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਪਛਚਾਤਾਪ ਕੀਤੇ ਗਏ ਜੋ ਕਿ ਨਿਯਮਾਂ/ਰਹਿਤ ਮਰਿਆਦਾ ਅਨੁਸਾਰ ਜ਼ਰੂਰੀ ਸੀ।

ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਅੱਗ ਲੱਗਣ ਨਾਲ ਅਗਨ ਭੇਂਟ ਅਤੇ ਗਿੱਲੇ ਹੋਏ ਸਨ ਜਿਨ੍ਹਾਂ ਦੇ ਬਾਅਦ ਵਿਚ ਗੁਪਤ ਤਰੀਕੇ ਨਾਲ ਸਸਕਾਰ ਕਰ ਦਿਤੇ ਗਏ, ਦੀ ਸਹੀ ਗਿਣਤੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਰੀਕਾਰਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਘੱਟ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲਾਇੰਗ ਵਿਭਾਗ ਵਲੋਂ ਹੁਣ ਇਕ ਮੁਲਾਜ਼ਮ ਕੰਵਲਜੀਤ ਸਿੰਘ ਦੀ ਰਿਟਾਇਰਮੈਂਟ ਤੋਂ ਬਾਅਦ ਕੀਤੀ ਜਾ ਰਹੀ ਇਨਕੁਆਰੀ ਵਿਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਿਤੀ 18/19-05-2016 ਨੂੰ 80 ਤੋਂ ਵੱਧ ਪਾਵਨ ਸਰੂਪ ਅਗਨ ਭੇਂਟ ਅਤੇ ਪਾਣੀ ਦੀ ਵਾਛੜ ਨਾਲ ਗਿੱਲੇ ਹੋਣ ਕਰ ਕੇ ਸਸਕਾਰ ਕੀਤੇ ਗਏ ਸਨ।

ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਭੇਜੇ ਗਏ ਮੰਗ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹਨਾਂ ਉਪਰ ਸੁਖਬੀਰ ਸਿੰਘ ਬਾਦਲ ਤੇ ਉਸ ਸਮੇਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਥਿਤ ਦਬਾਅ ਪਾ ਕੇ ਇਸ ਘਟਨਾ 'ਤੇ ਪਰਦਾ ਪਾਉਣ ਲਈ ਕਿਹਾ ਸੀ ਅਤੇ ਇਸੇ ਕਰ ਕੇ ਮੌਕੇ ਦੀ ਸੀ.ਸੀ.ਟੀ.ਵੀ. ਫੂਟੇਜ਼ ਰਿਕਾਰਡ ਵਿੱਚ ਨਹੀਂ ਲਈ ਗਈ ਅਤੇ ਕੋਈ ਫਰਾਸਿਕ ਟੀਮ ਜਾਂ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ

PhotoPhoto

ਅਤੇ ਨਾ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਿਸੇ ਸਬੰਧਤ ਅਧਿਕਾਰੀ ਨੂੰ ਅੰਦਰ ਜਾਣ ਦਿਤਾ ਗਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਘਟਨਾ ਕਰਕੇ ਬੇਅਦਬੀ / ਅਣਗਹਿਲੀ ਦਾ ਕੋਈ ਨੁਕਸਾਨ ਨਾ ਪਹੁੰਚੇ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਮਰਿਆਦਾ ਅਨੁਸਾਰ ਸਤਿਕਾਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਅਗਨੀ ਕਾਂਡ ਦੀ ਪਿਛਲੀ ਸੱਚਾਈ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ।  ਇਹ ਵੀ ਪਤਾ ਲੱਗਾ ਹੈ ਕਿ ਪ੍ਰਭਾਵਸ਼ਾਲੀ ਅਕਾਲੀ ਲੀਡਰ ਅਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਗੈਰ ਇੰਦਰਾਜ ਕਰਵਾਇਆ ਲੈ ਜਾਂਦੇ ਹਨ

ਇਸ ਕਰ ਕੇ ਬਹੁਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਮੌਜੂਦਾ ਸਥਿਤੀ ਬਾਰੇ ਪਤਾ ਨਹੀਂ ਕੀਤਾ ਜਾ ਸਕਦਾ। ਇਹ ਇਕ ਵੱਡੀ ਅਣਗਹਿਲੀ ਹੈ ਜਿਸ ਦਾ ਸਿੱਖ ਵਿਰੋਧੀ ਅਨਸਰ ਫਾਇਦਾ ਉਠਾ ਸਕਦੇ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਇਸ ਘਟਨਾ ਦੀ ਹੁਣ ਇਨਕੁਆਰੀ ਕਰਨ ਦਾ ਕਹਿ ਰਹੇ ਹਨ ਪਰ ਸਾਲ 2016 ਵਿਚ ਇਨ੍ਹਾਂ ਵਲੋਂ ਸਿਆਸੀ ਦਬਾਅ ਕਰਕੇ ਨਿਯਮਾਂ/ਮਰਿਆਦਾ ਅਨੁਸਾਰ ਕਾਰਵਾਈ ਨਾ ਕਰਨਾ ਇਨ੍ਹਾਂ ਦੀ ਬਦਨਿਯਤੀ ਸਾਬਤ ਕਰਦੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸਾਹਿਬ ਅਤੇ ਅਦਾਰਿਆਂ ਵਿਚ ਹੁੰਦੀਆਂ ਬੇਨਿਯਮੀਆਂ/ਘਪਲਿਆਂ ਸਬੰਧੀ ਹਮੇਸ਼ਾਂ ਕਮੇਟੀ ਬਣਾਉਣ ਦਾ ਦਾਅਵਾ ਕੀਤਾ ਜਾਂਦਾ ਹੈ

ਪਰ ਕਦੇ ਵੀ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਹੁੰਦੀ। ਉਪਰੋਕਤ ਤੱਥਾਂ ਅਤੇ ਸਬੂਤਾਂ ਤੋਂ ਸਾਬਤ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗ ਲੱਗਣ ਕਰ ਕੇ ਅਗਨ ਭੇਂਟ ਅਤੇ ਇਸ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਾਛੜ ਨਾਲ ਗਿੱਲੇ ਹੋਏ ਸਰੂਪਾਂ ਦੀ ਘਟਨਾ ਨੂੰ ਸਿਆਸੀ ਮੁਫਾਦਾ ਕਰ ਕੇ ਦਬਾਅ ਦਿਤਾ ਗਿਆ ਸੀ ਅਤੇ ਸਿੱਖ ਮਰਿਆਦਾ/ਨਿਯਮਾਂ ਅਨੁਸਾਰ ਸਤਿਕਾਰ ਨਹੀਂ ਦਿਤਾ ਗਿਆ ਅਤੇ ਘੋਰ ਪਾਪ ਕੀਤਾ ਗਿਆ ਹੈ ਜੋ ਕਿ ਬੇਅਦਬੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦਾ ਰੀਕਾਰਡ ਅਨੁਸਾਰ ਘੱਟ ਹੋਣਾ ਅਪਣੇ ਆਪ ਵਿਚ ਵੱਡੀ ਅਣਗਿਹਲੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਸਬੰਧੀ ਦੋਸ਼ੀ ਅਧਿਕਾਰੀਆਂ ਵਲੋਂ ਅਪਣੀ ਆਪੇ ਇਨਕੁਆਰੀ ਦਾ ਕੋਈ ਮਤਲਬ ਨਹੀਂ ਹੈ। ਮੰਗ ਪੱਤਰ ਵਿਚ ਉਕਤ ਹਵਾਲਿਆਂ ਨਾਲ ਕਿਹਾ ਗਿਆ ਹੈ ਕਿ ਬੇਨਤੀ ਹੈ ਕਿ ਦੋਸ਼ੀਆਂ ਵਿਰੁਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਅਣਗਿਹਲੀ ਅਤੇ ਬੇਅਦਬੀ ਕਰਨ, ਬੇਅਦਬੀ ਦੀ ਘਟਨਾ ਨੂੰ ਸਿਆਸੀ ਮੁਫਾਦਾ ਦੀ ਪੂਰਤੀ ਲਈ ਦਬਾਉਣ, ਦਫ਼ਤਰੀ ਰਿਕਾਰਡ ਨਾਲ ਛੇੜਛਾੜ/ਜਾਲਸਾਜ਼ੀ ਕਰਨ/ਰੀਕਾਰਡ ਵਿਚ ਨਾ ਲਿਆਉਣ, ਸਬੰਧਤ ਅਧਿਕਾਰੀਆਂ ਨੂੰ ਧਮਕਾਉਣ ਅਤੇ ਧਾਰਮਕ ਭਾਵਨਾੜਾ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਦੀ ਇਨਕੁਆਰੀ ਸੀਨੀਅਰ ਅਫ਼ਸਰਾਂ 'ਤੇ ਆਧਾਰਤ ਟੀਮ ਤੋਂ ਕਾਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement