
ਅਗਸਤ 1947 ਵਿਚ ਦੇਸ਼ ਨੂੰ ਅੰਗਰੇਜ਼ੀ ਰਾਜ ਤੋਂ ਆਜ਼ਾਦੀ ਤਾਂ ਮਿਲੀ ਪਰ ਬਟਵਾਰਾ ਪੰਜਾਬ ਦਾ ਹੋਇਆ ਤੇ ਸਿੱਖ ਪ੍ਰਵਾਰਾਂ ਨੇ ਅਸਹਿ ਕਸ਼ਟ ਝਲਿਆ।
ਅਗਸਤ 1947 ਵਿਚ ਦੇਸ਼ ਨੂੰ ਅੰਗਰੇਜ਼ੀ ਰਾਜ ਤੋਂ ਆਜ਼ਾਦੀ ਤਾਂ ਮਿਲੀ ਪਰ ਬਟਵਾਰਾ ਪੰਜਾਬ ਦਾ ਹੋਇਆ ਤੇ ਸਿੱਖ ਪ੍ਰਵਾਰਾਂ ਨੇ ਅਸਹਿ ਕਸ਼ਟ ਝਲਿਆ। ਇਸ ਪੁਰਾਣੀ ਸਚਾਈ ਵਲ ਨਾ ਜਾਂਦੇ ਹੋਏ, ਕੌਮ ਦੇ ਇਨ੍ਹਾਂ ਲੀਡਰਾਂ ਨੂੰ ਪੁਛੀਏ ਕਿ ਇਨ੍ਹਾਂ ਨੇ ਪਿਛਲੇ 52 ਸਾਲਾਂ ਵਿਚ ਕੌਮ ਦੇ ਹਿਤਾਂ ਦੀ ਰਾਖੀ ਲਈ ਕੀ ਕੁੱਝ ਕੀਤਾ?
ਬਹੁਤ ਸੰਖੇਪ ਸ਼ਬਦਾਂ ਵਿਚ-ਮਾਸਟਰ ਤਾਰਾ ਸਿਘ ਦੀ ਰਹਿਨੁਮਾਈ ਹੇਠ ਲੱਗੇ ਸਿੱਖ ਮੋਰਚਿਆਂ ਦੀ ਬਦੌਲਤ ਵਰਤਮਾਨ ਪੰਜਾਬ ਹੋਂਦ ਵਿਚ ਆਇਆ।
Master Tara Singh
ਉਸ ਸਮੇਂ ਦੀ ਕੇਂਦਰ ਸਰਕਾਰ ਨੇ ਪੰਜਾਬ ਤੇ ਖ਼ਾਸ ਕਰ ਕੇ ਸਿੱਖਾਂ ਨਾਲ ਅਨਿਆ ਕੀਤਾ। ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਤੋਂ ਸਾਨੂੰ ਵਾਝਿਆਂ ਰਖਿਆ ਤੇ ਸਾਡੇ ਪਾਣੀਆਂ ਦੇ ਹੱਕ ਨੂੰ ਨਜ਼ਰ ਅੰਦਾਜ਼ ਕਰ ਕੇ ਬਾਕੀ ਸੂਬਿਆਂ ਨੂੰ ਇਸ ਦਾ ਹਿੱਸੇਦਾਰ ਬਣਾਇਆ। ਅਜੋਕਾ ਪੰਜਾਬ ਤਾਂ ਬਣ ਗਿਆ ਪਰ ਪ੍ਰਾਂਤ ਤੇ ਖ਼ਾਸ ਕਰ ਕੇ ਸਿੱਖਾਂ ਨਾਲ ਸਬੰਧਤ ਮਸਲਿਆਂ ਬਾਰੇ ਕੁੱਝ ਪ੍ਰਾਪਤੀ ਹੋਈ ਜਾਂ ਉਨ੍ਹਾਂ ਦੀ ਪੂਰਤੀ ਲਈ ਕੀ ਇਨ੍ਹਾਂ ਲੀਡਰਾਂ ਵਲੋਂ ਕੋਈ ਕਦਮ ਚੁਕਿਆ ਗਿਆ?
Parkash Singh Badal
ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਸਰਕਾਰਾਂ ਬਣੀਆਂ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਸ਼ਮੂਲੀਅਤ ਲਈ ਕਿਉਂ ਨਾ ਕੁੱਝ ਕੀਤਾ ਗਿਆ? ਸਾਡੇ ਪਾਣੀਆਂ ਦੇ ਹੱਕਾਂ ਤੇ ਛਾਪਾ ਮਾਰਿਆ ਗਿਆ ਤੇ ਸਾਡੀ 'ਅਕਾਲੀ ਸਰਕਾਰ' ਵਲੋਂ ਇਸ ਨੂੰ ਵਿਸਾਰ ਦਿਤਾ ਤੇ ਇਸ ਸਬੰਧੀ ਕੁੱਝ ਵੀ ਯਤਨ ਕਿਉਂ ਨਾ ਹੋਏ?
Akali Dal
ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਕਾਲੀ ਸਰਕਾਰ ਸਮੇਂ ਨਿਰੰਕਾਰੀ ਅੰਮ੍ਰਿਤਸਰ ਵਿਚ ਅਪਣਾ ਸਮਾਗਮ ਕਰਨ ਤੇ ਸਿੱਖ ਗੁਰੂ ਸਾਹਿਬਾਨ ਸਬੰਧੀ ਅਪਮਾਨਜਨਕ ਬੋਲੀ ਬੋਲਣ ਤੇ ਫਿਰ ਗੋਲੀਆਂ ਚਲਾ ਕੇ 15 ਨਿਹੱਥੇ ਸਿੰਘ ਮਾਰ ਜਾਣ। ਕਿਉਂ ਨਿਰੰਕਾਰੀ ਮੁਖੀ ਨੂੰ ਪੰਜਾਬ ਤੋਂ ਬਾਹਰ ਜਾਣ ਦਿਤਾ ਗਿਆ, ਇਸ ਦਾ ਜਵਾਬ ਕੌਣ ਦੇਵੇਗਾ?
darbar sahib
ਸਿੱਖ ਹੱਕਾਂ ਸਬੰਧੀ, ਸਤਲੁਜ ਯਮੁਨਾ ਲਿੰਕ ਨਹਿਰ ਦੇ ਰੋਕ ਲਈ, ਕਪੂਰੀ ਦਾ ਮੋਰਚਾ ਅੰਮ੍ਰਿਤਸਰ ਬਦਲ ਕੇ ਧਰਮ ਯੁਧ ਮੋਰਚੇ ਦਾ ਨਾਂ ਦਿਤਾ ਗਿਆ। ਇਸ ਜਨਤਕ ਜਦੋਜਹਿਦ ਵਿਚ ਹਜ਼ਾਰਾਂ ਸਿੰਘਾਂ ਨੇ ਇਨ੍ਹਾਂ ਲੀਡਰਾਂ ਦੇ ਕਹਿਣ ਤੇ ਉਨ੍ਹਾਂ ਦੀ ਆਵਾਜ਼ ਤੇ ਗ੍ਰਿਫ਼ਤਾਰੀਆਂ ਦਿਤੀਆਂ। ਇਨ੍ਹਾਂ ਲੀਡਰਾਂ ਦੇ ਸੰਤ ਜਰਨੈਲ ਸਿੰਘ ਨਾਲ ਮਤਭੇਦ ਹੋ ਗਏ ਤੇ ਦਰਬਾਰ ਸਾਹਿਬ ਕੰਪਲੈਕਸ ਵਿਚ ਆਪਸੀ ਭਰਾ ਮਾਰੂ ਜੰਗ ਦੇ ਅਸਾਰ ਬਣ ਗਏ।
SGPC
ਸਾਡੇ ਲੀਡਰਾਂ ਨੇ ਉਸ ਵੇਲੇ ਵਿਚ ਬੈਠ ਕੇ ਰਾਜ਼ੀਨਾਵੇਂ ਤੇ ਪ੍ਰਸਪਰ ਪਿਆਰ ਕਾਇਮ ਰੱਖਣ ਦੇ ਉਪਰਾਲੇ ਕਿਉਂ ਨਾ ਕੀਤੇ? ਇਹੋ ਜਹੇ ਹਾਲਾਤ ਵਿਚ ਅਸੀ ਰਲ ਕੇ ਕਿਉਂ ਨਹੀਂ ਤੁਰ ਸਕੇ ਜਦੋਂ ਕਿ ਸਾਡੇ ਸਿੱਖਾਂ ਵਿਚਕਾਰ ਸ਼ੀਆ ਤੇ ਸੁੰਨੀ ਵਰਗੀ ਕੋਈ ਪੱਕੀ ਵੰਡ ਨਹੀਂ ਸੀ। ਜੂਨ 1984 ਵਿਚ ਹਰਮੰਦਰ ਸਾਹਿਬ ਕੰਪਲੈਕਸ ਤੇ ਫ਼ੌਜੀ ਹਮਲਾ ਹੋਇਆ। ਹਜ਼ਾਰਾਂ ਸਿੱਖ ਯਾਤਰੂ, ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਤੇ ਹੋਰ ਇਸ ਵਿਚ ਮਾਰੇ ਗਏ।
Parkash Singh Badal
ਲੇਖਕ ਨੂੰ ਯਾਦ ਹੈ ਕਿ ਪ੍ਰਕਾਸ਼ ਸਿਘ ਬਾਦਲ ਨੇ ਸਿੱਖ ਫ਼ੌਜੀਆਂ ਨੂੰ ਬੈਰਕਾਂ ਛੱਡਣ ਦੀ ਅਪੀਲ ਕੀਤੀ। ਹਜ਼ਾਰਾਂ ਫ਼ੌਜੀ ਵੀਰਾਂ ਨੇ ਬੀ.ਬੀ.ਸੀ. ਤੋਂ ਖ਼ਬਰ ਸੁਣਦੇ ਸਾਰ ਫ਼ੌਜ ਵਿਚ ਬਗ਼ਾਵਤ ਕਰਦੇ ਹੋਏ, ਅੰਮ੍ਰਿਤਸਰ ਲਈ ਚਾਲੇ ਪਾ ਦਿਤੇ। ਇਸ ਦੌਰਾਨ 59 ਸਿੱਖ ਫ਼ੌਜੀ ਅਪਣੇ ਹੀ ਦੇਸ਼ ਦੀ ਫ਼ੌਜ ਵਲੋਂ ਮਾਰ ਦਿਤੇ ਗਏ। ਬਾਕੀ ਧਰਮੀ ਫ਼ੌਜੀਆਂ ਦੇ ਕੋਰਟ ਮਾਰਸ਼ਲ ਹੋਏ।
1984 Darbar Sahib
ਜੂਨ 84 ਵਿਚ ਹਜ਼ਾਰਾਂ ਸਿੰਘ ਜੇਲਾਂ ਵਿਚ ਡੱਕ ਦਿਤੇ ਗਏ, ਜਿਥੇ ਉਨ੍ਹਾਂ 5 ਸਾਲ ਤੇ ਉਸ ਤੋਂ ਵੀ ਵੱਧ ਸਮੇਂ ਜੇਲ ਦੀਆਂ ਸਲਾਖਾਂ ਵਿਚ ਬਿਤਾਏ। ਹੁਣ ਸਵਾਲ ਇਸ ਗੱਲ ਦਾ ਹੈ ਕਿ ਉਸ ਤੋਂ ਬਾਅਦ ਜਦੋਂ ਪੰਜਾਬ ਦਾ ਰਾਜਭਾਗ ਅਕਾਲੀ ਲੀਡਰਾਂ ਨੂੰ ਨਸੀਬ ਹੋਇਆ ਤਾਂ ਕੀ ਉਨ੍ਹਾਂ ਦੁਖਿਆਰਿਆਂ, ਜਿਹੜੇ ਇਸ ਦੌਰਾਨ ਮਾਰ ਦਿਤੇ ਗਏ, ਲੰਮੀਆਂ ਜੇਲਾਂ ਕੱਟੀਆਂ ਤੇ ਪ੍ਰਵਾਰ ਪਿਛੋਂ ਰੋਟੀ ਤੋਂ ਮੁਹਤਾਜ ਹੋ ਗਏ, ਉਨ੍ਹਾਂ ਦਾ ਇਨ੍ਹਾਂ ਲੀਡਰਾਂ ਨੇ ਕੀ ਕੀਤਾ?
Darbar Sahib
ਇਨ੍ਹਾਂ ਅਕਾਲੀ ਸਰਕਾਰਾਂ ਨੇ ਉਨ੍ਹਾਂ ਦੁਖੀ ਪ੍ਰਵਾਰਾਂ ਕੋਲ ਤਾਂ ਕੀ ਜਾਣਾ ਸੀ ਉਨ੍ਹਾਂ ਦੀ ਮਾਇਕ ਸਹਾਇਤਾ ਤੋਂ ਵੀ ਦਰਕਿਨਾਰ ਹੋ ਗਏ। ਇਹ ਸਰਕਾਰਾਂ ਇਨ੍ਹਾਂ ਕਸ਼ਟ ਕੱਟਣ ਵਾਲਿਆਂ ਦੀਆਂ ਸੂਚੀਆਂ ਵੀ ਨਾ ਬਣਾ ਸਕੀ। ਸਮੁੱਚੇ ਸਿੱਖ ਜਗਤ ਨੂੰ ਅੱਜ ਵੀ ਨਹੀਂ ਪਤਾ ਕਿ ਸਾਡੇ ਕਿੰਨੇ ਨੌਜੁਆਨ ਬੱਚੇ ਫ਼ੌਜ ਤੇ ਪੁਲਿਸ ਵਲੋਂ ਮਾਰੇ ਗਏ ਸਨ। ਕਿੰਨਿਆਂ ਨੂੰ ਫ਼ੌਜ ਤੇ ਪੁਲਿਸ ਨੇ ਫੜ ਕੇ ਤਸੀਹੇ ਦਿੰਦੇ ਹੋਏ, ਆਖ਼ਰ ਮਾਰ ਕੇ ਲਵਾਰਸ ਲਾਸ਼ਾਂ ਬਣਾ ਦਿਤਾ। ਕੌਮ ਦਾ ਇਨ੍ਹਾਂ ਕੋਲੋਂ, ਇਸ ਗੱਲ ਦਾ ਜਵਾਬ ਮੰਗਣਾ ਨਾਜਾਇਜ਼ ਤਾਂ ਨਹੀਂ।
Sikh
ਸਿੱਖ ਕੌਮ ਦੇ ਲੀਡਰਾਂ ਵਲੋਂ ਬਿਆਨਬਾਜ਼ੀ ਕੀਤੀ ਗਈ ਕਿ ਅਕਾਲੀ ਸਰਕਾਰ ਆਉਣ ਤੇ ਜਿਹੜਾ ਪੁਲਿਸ ਅਫ਼ਸਰ ਤੇ ਹੋਰਾਂ ਵਲੋਂ, ਸਿੱਖ ਨੌਜੁਆਨਾਂ ਤੇ ਪ੍ਰਵਾਰਾਂ ਤੇ ਵਧੀਕੀਆਂ ਹੋਈਆਂ ਹਨ, ਉਨ੍ਹਾਂ ਦੀ ਇਨਕੁਆਰੀ ਕਰਵਾ ਕੇ ਯੋਗ ਸਜ਼ਾ ਦਿਵਾਈ ਜਾਵੇਗੀ। ਇਹ ਬਿਆਨ ਤੇ ਕੌਮ ਨੂੰ ਦਿਤੇ ਵਾਅਦੇ ਕਿਥੇ ਗਏ? ਬਲਕਿ ਇਸ ਦੇ ਉਲਟ ਸੁਮੇਧ ਸੈਣੀ ਜਿਸ ਦੇ ਹੱਥ ਸਿੱਖ ਨੌਜੁਆਨਾਂ ਦੇ ਖ਼ੂਨ ਨਾਲ ਲਿਪਤ ਸਨ,
Shiromani Akali Dal
ਉਨ੍ਹਾਂ ਨੂੰ ਪੰਜਾਬ ਪੁਲਿਸ ਮੁਖੀ ਥਾਪ ਦਿਤਾ ਗਿਆ। ਇਕ ਹੋਰ ਵੱਡੇ ਪੁਲਿਸ ਅਫ਼ਸਰ ਅਜ਼ਹਾਰ ਆਲਮ ਨੂੰ ਉਸ ਦੀ ਰੀਟਾਇਰਮੈਂਟ ਤੋਂ ਬਾਅਦ ਅਕਾਲੀ ਦਲ ਦਾ ਮੀਤ ਪ੍ਰਧਾਨ ਬਣ ਕੇ ਉਸ ਦੀ ਪਤਨੀ ਨੂੰ ਅਕਾਲੀ ਟਿਕਟ ਦੇ ਦਿਤੀ ਗਈ। ਕੀ ਇਹੀ ਹੈ ਸਾਡੇ ਲੀਡਰਾਂ ਦੀ ਸਿੱਖੀ ਸੋਚ ਤੇ ਅਪਣੇ ਕੀਤੇ ਹੋਏ ਵਾਅਦਿਆਂ ਦੀ ਇਸ ਤਰ੍ਹਾਂ ਨਾਲ ਕੀਤੀ ਹੋਈ ਪੂਰਤੀ?
Indra Gandhi
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਦਿੱਲੀ ਤੇ ਦੇਸ਼ ਦੇ ਹੋਰ ਕਈ ਸ਼ਹਿਰਾਂ ਵਿਚ, ਦਿਨ ਦਿਹਾੜੇ ਹਜ਼ਾਰਾਂ ਨਿਹੱਥੇ ਸਿੱਖ ਮਾਰ ਦਿਤੇ ਗਏ। ਸਾਡੀਆਂ ਪੰਜਾਬੀ ਵਿਚ ਬਣੀਆਂ ਸਰਕਾਰਾਂ ਵਲੋਂ, ਉਨ੍ਹਾਂ ਲਈ ਮੁੜ ਵਸੇਬੇ ਦੇ ਯਤਨ ਤਾਂ ਕੀ ਹੋਣੇ ਸਨ, ਸਗੋਂ ਕੇਂਦਰ ਵਲੋਂ ਪੰਜਾਬ ਵਿਚ ਆ ਕੇ ਵਸਣ ਵਾਲਿਆਂ ਲਈ ਭੇਜੀ ਰਕਮ, ਦਫ਼ਤਰੀ ਬਾਬੂਆਂ ਦੇ ਕਾਗ਼ਜ਼ ਨਾ ਪੂਰੇ ਹੋਣ ਦੇ ਬਹਾਨਿਆਂ ਕਰ ਕੇ ਉਨ੍ਹਾਂ ਲਾਚਾਰਾਂ ਨੂੰ ਨਾ ਦਿਤੀ ਗਈ। ਇਸ ਦਾ ਕੋਈ ਜਵਾਬ ਹੈ ਇਨ੍ਹਾਂ ਸਿੱਖ ਸਿਆਸਤਦਾਨਾਂ ਕੋਲ?
Congress
ਨਵੰਬਰ 84 ਤੋਂ ਬਾਅਦ ਹੁਣ ਤਕ ਹੋਈਆਂ ਸਭ ਚੋਣਾਂ ਵਿਚ ਅਕਾਲੀ ਦਲ ਦੇ ਇਹ ਲੀਡਰ, ਕਾਂਗਰਸ ਨੂੰ ਪਾਣੀ ਪੀ-ਪੀ ਕੇ ਕੋਸਦੇ ਰਹੇ ਕਿ ਕਾਂਗਰਸ ਸਿੱਖਾਂ ਦੀ ਵਿਰੋਧੀ ਜਮਾਤ ਹੈ। ਪਰ ਸਿੱਖ ਅਵਾਮ ਕੁੱਝ ਸਮਝ ਗਿਆ ਹੈ ਕਿ ਇਹ ਅਕਾਲੀ ਲੀਡਰ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਦੀ ਆਵਾਜ਼ ਤੇ ਸ਼ਬਦਾਵਲੀ ਹੋਰ ਹੁੰਦੀ ਹੈ ਪਰ ਜਦੋਂ ਰਾਜਭਾਗ ਮਿਲ ਜਾਵੇ ਤਾਂ ਸਿੱਖ ਹੱਕਾਂ ਸਬੰਧੀ, ਉਨ੍ਹਾਂ ਨੂੰ ਤਾਂ ਇਕ ਅੱਖਰ ਵੀ ਨਹੀਂ ਜੁੜਦਾ ਤੇ ਨਾ ਹੀ ਉਨ੍ਹਾਂ ਦੇ ਅਮਲਾਂ ਵਿਚ ਇਸ ਪ੍ਰਤੀ ਕੋਈ ਦਿੱਖ ਹੁੰਦੀ ਹੈ।
1984
ਇਨ੍ਹਾਂ ਲੀਡਰਾਂ ਨੂੰ ਕੌਣ ਪੁੱਛੇ ਕਿ 29 ਸਾਲਾਂ ਤੋਂ ਬਾਅਦ ਵੀ ਨਵੰਬਰ 84 ਵਿਚ ਹੋਏ ਦਿਨ ਦਿਹਾੜੇ ਕਤਲ ਕਰਨ ਵਾਲਿਆਂ ਤੇ ਤੁਸੀ ਕੀ ਰਾਜਸੀ ਦਬਾਅ ਬਣਾ ਸਕੇ ਹੋ? ਅੱਜ ਤੇ ਪਾਰਲੀਮੈਂਟਰੀ ਯੁੱਗ ਵਿਚ ਜੇਕਰ ਤੁਸੀ ਅਪਣੀ ਕੌਮ ਦਾ ਕੰਮ ਕਰਵਾਉਣਾ ਹੈ ਜਾਂ ਉਨ੍ਹਾਂ ਦੇ ਹਕੂਕ ਦੀ ਕੋਈ ਗੱਲ ਕਰਨੀ ਹੈ ਤਾਂ ਬਾਕੀ ਪਾਰਟੀਆਂ ਦੇ ਮੈਂਬਰਾਂ ਤੇ ਖ਼ਾਸ ਕਰ ਕੇ ਚੁਣੇ ਹੋਏ ਸਿੱਖ ਸਿਆਸਤਦਾਨਾਂ ਨੂੰ ਨਾਲ ਲੈ ਕੇ, ਭਾਵੇਂ ਉਹ ਕਿਸੇ ਪਾਰਟੀ ਦੇ ਵੀ ਹੋਣ, ਸਰਕਾਰ ਨੂੰ ਅਪੀਲਾਂ ਤੇ ਦਲੀਲਾਂ ਦੇਣੀਆਂ ਪੈਣਗੀਆਂ।
File Photo
ਰਾਜ ਸਭਾ ਦੇ ਸਾਬਕਾ ਮੈਂਬਰ ਤਿਰਲੋਚਨ ਸਿੰਘ ਨੇ ਲਿਖਿਆ ਹੈ ਕਿ ਕਿਵੇਂ ਉਸ ਨੇ ਜ਼ੋਰ ਪਾ ਕੇ, ਅਪਣਾ ਰਸੂਖ ਵਰਤ ਕੇ, ਦਲੀਲਾਂ ਦਿੰਦਿਆਂ, ਏਅਰ ਮਾਰਸ਼ਲ ਅਰਜਨ ਸਿੰਘ ਨੂੰ ਫ਼ੀਲਡ ਮਾਰਸ਼ਲ ਦਾ ਅਹੁਦਾ ਤੇ ਜਨਰਲ ਜੇ-ਜੇ ਸਿੰਘ ਨੂੰ ਫ਼ੌਜ ਦਾ ਮੁਖੀ ਬਣਨ ਵਿਚ ਅਪਣਾ ਕਿਰਦਾਰ ਨਿਭਾਇਆ। ਇਸੇ ਤਰ੍ਹਾਂ ਸਿੱਖ ਮੈਰਿਜ ਐਕਟ ਤੇ ਸਿੱਖ ਇਕ ਵਖਰੀ ਕੌਮ ਹੈ, ਇਸ ਬਾਰੇ ਸਰਕਾਰ ਕੋਲੋਂ ਬਿਲ ਪਾਸ ਕਰਵਾਇਆ ਤੇ ਸਵੈਮ ਸੇਵਕ ਸੰਘ ਕੋਲੋਂ ਹਾਮੀ ਭਰਵਾਈ। ਸਾਡੇ ਅਕਾਲੀ ਲੀਡਰ, ਇਕ ਅੱਧੀ ਕੇਂਦਰ ਵਿਚ ਵਜ਼ੀਰੀ ਲੈ ਕੇ, ਸਿੱਖ ਹਿਤਾਂ ਸਬੰਧੀ, ਅਪਣੇ ਮੂੰਹ ਨੂੰ ਤਾਲੇ ਲਗਾ ਲੈਂਦੇ ਹਨ।
Sikh
ਇਕ ਹੋਰ ਸਵਾਲ ਕਰਨਾ ਬਣਦਾ ਹੈ ਇਨ੍ਹਾਂ ਲੀਡਰਾਂ ਨੂੰ ਕਿ ਏਨੇ ਵੱਡੇ ਦੇਸ਼ ਵਿਚ ਕੀ ਕੋਈ ਇਕ ਵੀ ਸਿੱਖ ਕਿਸੇ ਪ੍ਰਾਂਤ ਲਈ ਗਵਰਨਰ ਦੇ ਅਹੁਦੇ ਤੇ ਲੱਗਾ ਹੈ? ਕੋਈ ਇਕ ਸਿੱਖ, ਕਿਸੇ ਕੇਂਦਰੀ ਕਮਿਸ਼ਨ ਦਾ ਮੈਂਬਰ ਹੈ? ਮਾਫ਼ ਕਰਨਾ ਇਨ੍ਹਾਂ ਕੌਮ ਦੇ 'ਮਲਾਹਾਂ' ਨੂੰ ਤਾਂ ਸਿਰਫ਼ ਅਪਣਾ ਪ੍ਰਵਾਰ ਹੀ ਨਜ਼ਰ ਆਉਂਦਾ ਹੈ ਤੇ ਹਮੇਸ਼ਾਂ ਇਹ ਸਿੱਖ ਕੌਮ ਨੂੰ ਅਪਣੀ ਨਿਜੀ ਸ਼ਾਨ ਤੇ ਪ੍ਰਵਾਰਕ ਮੁਫ਼ਾਦ ਲਈ ਵਰਤਣਾ ਚਾਹੁੰਦੇ ਹਨ।
Akali Dal
ਇਨ੍ਹਾਂ ਅਕਾਲੀ ਲੀਡਰਾਂ ਨੂੰ ਕੌਣ ਮਾਫ਼ ਕਰੇਗਾ ਕਿ ਤੁਹਾਡੇ ਰਾਜ ਵਿਚ, ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦਾ ਅਪਮਾਨ ਹੋਵੇ ਤੇ ਤੁਸੀ ਅਪਰਾਧੀਆਂ ਨੂੰ ਫੜੋ ਵੀ ਨਾ। ਉਹ ਇਸ ਲਈ ਕਿ ਉਹ ਡੇਰਾ ਪ੍ਰੇਮੀ ਸਨ ਤੇ ਤੁਸੀਂ ਚੋਣਾਂ ਵਿਚ ਉਨ੍ਹਾਂ ਦੀਆਂ ਵੋਟਾਂ ਲੋਚਦੇ ਸੀ। ਰੋਸਮਈ ਸੰਗਤ ਤੇ ਪਾਣੀਆਂ ਦੀਆਂ ਬੁਛਾੜਾਂ ਤੇ ਫਿਰ ਗੋਲੀ ਚਲਾ ਕੇ ਦੋ ਸਿੰਘ ਮਾਰ ਦਿਤੇ ਗਏ। ਇਹ ਕਲੰਕ ਇਨ੍ਹਾਂ ਲੀਡਰਾਂ ਦੇ ਸਿਰਾ ਤੋਂ ਉਤਰਨਾ ਨਹੀਂ ਤੇ ਇਸ ਦਾ ਇਨ੍ਹਾਂ ਕੋਲ ਕੀ ਜਵਾਬ ਹੈ?
Sikh
ਅਕਾਲੀ ਸਰਕਾਰ ਵਲੋਂ ਜਦੋਂ ਪੰਜਾਬ ਪੁਲਿਸ ਦਾ ਮੁਖੀ ਸੁਮੇਧ ਸੈਣੀ ਨੂੰ ਲਗਾਇਆ ਗਿਆ ਤਾਂ ਲੇਖਕ ਨੇ ਅਕਾਲੀ ਦਲ ਵਲੋਂ ਇਕ ਮੈਂਬਰ ਪਾਰਲੀਮੈਂਟ ਕੋਲ ਅਪਣਾ ਰੋਸ ਜਤਾਇਆ। ਉਨ੍ਹਾਂ ਦਾ ਜਵਾਬ ਸੀ, ''ਬਾਦਲ ਸਾਹਬ ਬਹੁਤ ਸਿਆਣੇ ਹਨ, ਉਹ ਕਹਿੰਦੇ ਹਨ ਕਿ ਇਹੋ ਜਹੇ ਪੁਲਿਸ ਅਫ਼ਸਰਾਂ ਕਰ ਕੇ ਹੀ ਤਾਂ ਅਸੀ ਬਚੇ ਹੋਏ ਹਾਂ।'' ਸਿੱਖ ਕੌਮ ਆਪ ਹੀ ਸੋਚੇ ਕਿ ਕਿਹੋ ਜਹੀ 'ਪੰਥਕ ਸੋਚ' ਹੈ ਸਾਡੇ ਇਨ੍ਹਾਂ ਉੱਚ ਲੀਡਰਾਂ ਦੀ।
Captain Amrinder Singh
ਅਕਾਲੀ ਲੀਡਰਾਂ ਦਾ ਆਲਾ ਦੁਆਲਾ ਪਤਿਤਾਂ ਦੀ ਫ਼ੌਜ ਨਾਲ ਭਰਿਆ ਪਿਆ ਹੈ। ਜਿਵੇਂ ਅਕਾਲੀ ਸਰਕਾਰ ਵਲੋਂ ਪ੍ਰਿੰਸੀਪਲ ਸੈਕਟਰੀ ਤੇ ਹੋਰ ਉਚ ਅਹੁਦਿਆਂ ਵਾਲੇ ਪਤਿਤ, ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨਾਲ ਲੱਗਾ ਹੋਇਆ ਸਾਰਾ ਸਟਾਫ਼ ਪਤਿਤ ਤੇ ਇਨ੍ਹਾਂ ਨਾਲ ਚੱਲਣ ਵਾਲੇ, ਸਾਰੇ ਪੁਲਿਸ ਕਰਮਚਾਰੀ ਪਤਿਤ। ਜਦੋਂ ਇਨ੍ਹਾਂ ਨੇ ਅਪਣੇ ਆਲਾ ਦੁਆਲਾ ਇਨ੍ਹਾਂ ਨਾਲ ਭਰਿਆ ਹੋਇਆ ਹੈ ਤਾਂ ਇਨ੍ਹਾਂ ਅੰਦਰ ਸਿੱਖ ਤੇ ਸਿੱਖੀ ਪ੍ਰਤੀ ਸੋਚ ਕਿਥੋਂ ਆਉਣੀ ਹੈ? ਇਹੀ ਹਾਲ ਯੂਥ ਅਕਾਲੀ ਦਲ ਦਾ ਹੈ, ਜਿਥੇ ਇਨ੍ਹਾਂ ਦੇ ਕਈ ਅਹੁਦੇਦਾਰ ਤੇ ਅਧਿਕਾਰੀ, ਸਿੱਖ ਹੋਣ ਦੇ ਬਾਵਜੂਦ ਸਿਰ ਮੁੰਨੇ ਤੇ ਦਾੜ੍ਹੇ ਦੀ ਬੇਅਦਬੀ ਕਰਦੇ ਹਨ।
File Photo
ਪੁਰਾਣੇ ਬੀਰ ਖ਼ਾਲਸਾ ਦਲ ਦੇ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੀ ਇਹ ਕਿਵੇਂ ਰੀਸ ਤੇ ਬਰਾਬਰੀ ਕਰ ਸਕਦੇ ਹਨ? ਸਵਾਲ ਤਾਂ ਦਰਜਨਾਂ ਹੋਰ ਹੋ ਸਕਦੇ ਹਨ ਪਰ ਇਕ ਆਖ਼ਰੀ ਸਵਾਲ ਹੈ ਵੀ ਇਨ੍ਹਾਂ ਅਕਾਲੀ ਦਲ ਦੇ ਉੱਚ ਹੁਕਮਰਾਨਾਂ ਨੂੰ। ਅਕਾਲੀ ਲੀਡਰ ਕਹਿੰਦੇ ਹਨ ਕਿ ਸਿੱਖ ਦੀ ਧਰਮ ਤੇ ਸਿਆਸਤ, ਜੁੜਵੀਂ ਹੈ। ਉਹ ਤਾਂ ਇਸ ਕਰ ਕੇ ਕਿ ਧਰਮ ਦੇ ਉੱਚ ਅਸੂਲਾਂ ਦਾ ਸਿਆਸਤ ਉਤੇ ਕੁੰਡਾ ਹੋਵੇ ਪਰ ਅੱਜ ਇਹ ਅਕਾਲੀ ਲੀਡਰ, ''ਮੀਰ ਬਣੇ ਹੁਣ ਪੀਰ'' ਹੋ ਗਏ ਹਨ। ਅਕਾਲ ਤਖ਼ਤ ਸਾਹਿਬ ਵਰਗੀ ਉਚ ਸੰਸਥਾ ਨੂੰ, ਇਨ੍ਹਾਂ ਪੂਰਨ ਤੌਰ ਉਤੇ ਅਪਣੇ ਗ਼ਲਬੇ ਵਿਚ ਲੈ ਲਿਆ ਹੈ ਤੇ ਇਹੀ ਹਾਲ ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਦਾ ਕੀਤਾ ਹੋਇਆ ਹੈ।
akali dal
ਅਕਾਲੀ ਦਲ ਦੇ ਉੱਚ ਲੀਡਰੋ ਅਪਣੇ ਹਿਰਦੇ ਤੇ ਹੱਥ ਰਖਦੇ ਹੋਏ ਸੱਚ ਦੱਸੋ ਕਿ ਕੌਮ ਲਈ ਤੁਸੀ ਕੀ ਕੀਤਾ ਹੈ? ਜਿਨ੍ਹਾਂ ਨੇ ਕੌਮ ਖ਼ਾਤਰ ਕੁਰਬਾਨੀਆਂ ਕੀਤੀਆਂ, ਉਹ ਤਾਂ ਕਿਸੇ ਕੌਮ ਦਾ ਸ਼ਿੰਗਾਰ ਹੁੰਦੇ ਹਨ। ਉਨ੍ਹਾਂ ਸ਼ਹੀਦਾਂ ਦੀਆਂ ਰੂਹਾਂ ਪੁਕਾਰ ਪੁਕਾਰ ਕੇ, ਤੁਹਾਡੇ ਤੋਂ ਜਵਾਬ ਮੰਗਦੀਆਂ ਹਨ ਕਿ ਤੁਹਾਨੂੰ ਰਾਜ ਭਾਗ ਦਿਤਾ, ਵੱਡੀਆਂ ਸਰਦਾਰੀਆਂ ਦਿਤੀਆਂ ਤੇ ਤੁਸੀਂ ਕੌਮ ਦਾ ਕੀ ਸਵਾਰਿਆ ਹੈ? ਸੱਚ ਤਾਂ ਇਹ ਹੈ ਕਿ ਤੁਸੀ ਸਿੱਖ ਤੇ ਸਿੱਖੀ ਨੂੰ ਭੁੱਲ ਗਏ ਹੋ, ਤਾਂ ਫਿਰ ਸਿੱਖ ਕੌਮ ਕਿਹੜੇ ਗੱਲੋਂ ਤੁਹਾਨੂੰ ਪ੍ਰਵਾਨ ਕਰੇ। ਸੰਪਰਕ : 88720-06924