
Panthak News: ਇਤਿਹਾਸਕ ਗੁਰਦੁਆਰਿਆਂ ਵਿਖੇ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਬੂਟੇ ਵੰਡਣ ਦੀ ਹੋਵੇਗੀ ਸ਼ੁਰੂਆਤ
Panthak News: ਗੁਰਦੁਆਰਿਆਂ ਦੇ ਆਸ-ਪਾਸ ਖ਼ਾਲੀ ਪਈਆਂ ਥਾਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰਦੁਆਰਿਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਹਰਿਆ-ਭਰਿਆ ਬਣਾਇਆ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਪੱਤਰ ਜਾਰੀ ਕਰ ਦਿਤਾ ਗਿਆ ਹੈ। ਅਕਾਲ ਤਖ਼ਤ ਵਿਖੇ 15 ਜੁਲਾਈ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਵਾਤਾਵਰਣ ਨੂੰ ਬਚਾਉਣ ਲਈ ਦਿਤੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੰਮ ਸ਼ੁਰੂ ਕਰ ਦਿਤਾ ਹੈ।
ਸ਼੍ਰੋਮਣੀ ਕਮੇਟੀ ਅਧੀਨ 472 ਨੇੜਲੇ ਗੁਰਦੁਆਰੇ ਹਨ। ਜੋ ਕਿ ਧਾਰਾ 85 ਅਤੇ ਧਾਰਾ 87 ਅਧੀਨ ਆਉਂਦੇ ਹਨ, ਇੱਥੇ ਸ਼੍ਰੋਮਣੀ ਕਮੇਟੀ ਦਾ ਅਪਣਾ ਪ੍ਰਬੰਧ ਹੈ। ਧਾਰਾ 67 ਅਧੀਨ 400 ਗੁਰਦੁਆਰੇ ਹਨ ਜਦੋਂ ਕਿ ਧਾਰਾ 87 ਅਧੀਨ ਲਗਭਗ 72 ਗੁਰਦੁਆਰੇ ਹਨ। ਸਿੰਘ ਸਾਹਿਬਾਨ ਨੇ ਹਰ ਸਿੱਖ ਨੂੰ ਅਪਣੇ ਘਰ ਅਤੇ ਦਫ਼ਤਰਾਂ ਅੱਗੇ ਬੂਟੇ ਲਗਾਉਣ ਦੇ ਆਦੇਸ਼ ਵੀ ਦਿਤੇ ਸਨ। ਜਿਸ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਨੂੰ ਬੂਟੇ ਵੀ ਦਿਤੇ ਜਾ ਰਹੇ ਹਨ। ਲੋਕ ਪ੍ਰਸ਼ਾਦ ਵਜੋਂ ਹਰਿਮੰਦਰ ਸਾਹਿਬ ਤੋਂ ਬੂਟੇ ਲੈ ਕੇ ਅਪਣੇ ਘਰਾਂ ਤੇ ਆਸ-ਪਾਸ ਖ਼ਾਲੀ ਪਈਆਂ ਥਾਵਾਂ ’ਤੇ ਲਗਾਉਂਦੇ ਹਨ। ਸ਼੍ਰੋਮਣੀ ਕਮੇਟੀ ਪੌਦਿਆਂ ਦੀ ਸਾਂਭ-ਸੰਭਾਲ ਵਾਤਾਵਰਣ ਵਿੰਗ ਨੂੰ ਸਰਗਰਮ ਕਰਨ ਦੀ ਯੋਜਨਾ ਬਣਾ ਰਹੀ ਹੈ। ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਜਾਰੀ ਪੱਤਰ ਅਨੁਸਾਰ ਬੂਟੇ ਲਾਉਣ ਦੀ ਰਿਪੋਰਟ ਵੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਨੂੰ ਭੇਜਣੀ ਹੋਵੇਗੀ।
ਪ੍ਰਬੰਧਕਾਂ ਨੂੰ ਰੋਜ਼ਾਨਾ ਸ਼੍ਰੋਮਣੀ ਕਮੇਟੀ ਦੇ ਇੰਟਰਨੈਟ ਮੀਡੀਆ ਸਿਸਟਮ ’ਤੇ ਇਨ੍ਹਾਂ ਸਬੰਧਤ ਗਤੀਵਿਧੀਆਂ ਦੀਆਂ ਫ਼ੋਟੋ-ਵੀਡੀਉ ਕਲਿਪ ਅਪਲੋਡ ਕਰਨੀਆਂ ਪੈਣਗੀਆਂ। ਇਸ ਦੀ ਰਿਪੋਰਟ ਵੀ ਸਮੇਂ-ਸਮੇਂ ’ਤੇ ਪ੍ਰਾਪਤ ਕੀਤੀ ਜਾਵੇਗੀ। ਛਾਂ ਦੇਣ ਵਾਲੇ ਅਤੇ ਫਲ ਦੇਣ ਵਾਲੇ ਪੌਦੇ ਲਗਾਉਣ ਨੂੰ ਪਹਿਲ ਦਿਤੀ ਜਾ ਰਹੀ ਹੈ। ਜਿਸ ਵਿਚ ਨਿੰਮ, ਅਰਜੁਨ, ਆਂਵਲਾ, ਤੁਲਸੀ ਆਦਿ ਦੇ ਬੂਟੇ ਲਗਾਏ ਜਾਣਗੇ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਜਲਦੀ ਹੀ ਵਾਤਾਵਰਣ ਵਿੰਗ ਦਾ ਗਠਨ ਕਰ ਕੇ ਇਸ ਮੁਹਿੰਮ ਦੀ ਜ਼ਿੰਮੇਵਾਰੀ ਵਾਤਾਵਰਣ ਇੰਚਾਰਜ ਨੂੰ ਸੌਂਪੀ ਜਾਵੇਗੀ। ਵਾਤਾਵਰਣ ਵਿੰਗ ਦੇ ਗਠਨ ਤੋਂ ਬਾਅਦ ਵਿੰਗ ਦੇ ਮੈਂਬਰ ਇਤਿਹਾਸਕ ਗੁਰਦੁਆਰਿਆਂ ਵਿਖੇ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਬੂਟੇ ਵੰਡਣ ਦਾ ਕੰਮ ਵੀ ਸ਼ੁਰੂ ਕਰਨਗੇ। ਕੁਝ ਸਾਲ ਪਹਿਲਾਂ ਤਕ ਸ਼੍ਰੋਮਣੀ ਕਮੇਟੀ ਵਲੋਂ ਨੰਨ੍ਹੀ ਛਾਂ ਮੁਹਿੰਮ ਤਹਿਤ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਦੇ ਸਾਹਮਣੇ ਘੰਟਾਘਰ ਚੌਕ ਵਿਖੇ ਸੰਗਤਾਂ ਨੂੰ ਪ੍ਰਸ਼ਾਦ ਵਜੋਂ ਬੂਟੇ ਵੰਡੇ ਜਾਂਦੇ ਸਨ।