
ਕਿਹਾ, ਭਾਈ ਨਿੱਝਰ ਦੇ ਭੋਗ ਲਈ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦਿਤਾ
ਅਮਲੋਹ (ਨਾਹਰ ਸਿੰਘ ਰੰਗੀਲਾ) : ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਫ਼ਤਿਹ) ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਮੀਤ ਪ੍ਰਧਾਨ ਭਾਈ ਲਖਵੀਰ ਸਿੰਘ ਖ਼ਾਲਸਾ ਸੌਂਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਸਿੱਖਾਂ ਨੂੰ ਬਗ਼ੈਰ ਕਾਰਨ ਗ਼ੈਰ ਕਾਨੂੰਨੀ ਢੰਗ ਨਾਲ ਪ੍ਰੇਸ਼ਾਨ ਕਰ ਰਹੀ ਹੈ |
ਉਨ੍ਹਾਂ ਕਿਹਾ ਕਿ ਕੇਨੈਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਸਾਹਮਣੇ ਆਉਣ 'ਤੇ ਸਰਕਾਰਾਂ ਵਲੋਂ ਵਿਦੇਸ਼ਾਂ ਵਿਚ ਗਏ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਹੋਇਆ ਹੈ | ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀਂ ਅਤੇ ਥਾਂ-ਥਾਂ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਦੋਂ ਕਿ ਇਸ ਦੇ ਦੋਸ਼ੀਆਂ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਜੇਲ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਨੇ ਅਪਣੇ ਜੱਦੀ ਪਿੰਡ ਭਾਰ ਸਿੰਘਪੁਰਾ ਦਾ ਨਾਮ ਉਚਾ ਕੀਤਾ | ਉਸ ਨੇ ਕਦੇ ਵੀ ਕਿਸੇ ਧਰਮ ਵਿਰੁਧ ਨਫ਼ਰਤ ਨਹੀਂ ਫੈਲਾਈ ਸਗੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ 'ਤੇ ਪਹਿਰਾ ਦਿਤਾ |
ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਨੇ ਸੱਚ ਸਾਹਮਣੇ ਲਿਆਂਦਾ ਤਾਂ ਮੀਡੀਆ ਰਾਹੀਂ ਸਿਖ ਕੌਮ ਵਿਰੁਧ ਗ਼ਲਤ ਪ੍ਰਚਾਰ ਸ਼ੁਰੂ ਕਰ ਦਿਤਾ ਅਤੇ ਉਘੇ ਸਿੱਖ ਗਾਇਕ ਸ਼ੁਭਦੀਪ ਸਿੰਘ ਦੇ ਸਾਰੇ ਸ਼ੋਅ ਰੱਦ ਕਰ ਦਿਤੇ ਜਦੋਂ ਕਿ ਉਸ ਨੇ ਸਪੱਸ਼ਟ ਕੀਤਾ ਕਿ ਉਸ ਨੇ ਭਾਰਤ ਜਾਂ ਪ੍ਰਧਾਨ ਮੰਤਰੀ ਵਿਰੁਧ ਕੱੁਝ ਨਹੀਂ ਕਿਹਾ ਅਤੇ ਨਾ ਹੀ ਝੰਡੇ ਦੀ ਬੇਅਦਬੀ ਕੀਤੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਫ਼ੈਸਲਾ ਕੀਤਾ ਸੀ ਕਿ 25 ਸਤੰਬਰ ਨੂੰ 11 ਵਜੇ ਭਾਈ ਨਿੱਝਰ ਦੇ ਜੱਦੀ ਪਿੰਡ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਜਿਸ ਦੇ ਭੋਗ 27 ਸਤੰਬਰ ਨੂੰ ਦੁਪਹਿਰ 2 ਵਜੇ ਪਾ ਕੇ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ | ਇਸ ਪ੍ਰੋਗਰਾਮ ਨੂੰ ਮੁੱਖ ਰੱਖ ਕੇ ਭਾਈ ਲਖਵੀਰ ਸਿੰਘ ਖ਼ਾਲਸਾ ਅਤੇ ਹੋਰ ਆਗੂ ਵੀ ਅਪਣੀ ਟੀਮ ਸਮੇਤ ਪਹੁੰਚ ਗਏ |
ਪਾਰਟੀ ਦੇ ਕਿਸਾਨ ਵਿੰਗ ਦੀ ਅੰਮਿ੍ਤਸਰ ਦੀ ਟੀਮ ਨੇ ਦਸਿਆ ਕਿ ਜਦੋਂ ਉਹ ਪਿੰਡ ਭਾਰ ਸਿੰਘਪੁਰਾ ਵਿਚ ਬਾਬਾ ਧੰਨਾ ਸਿੰਘ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਮਿਲੇ ਤਾਂ ਉਸ ਨੇ ਪਾਠ ਰਖਣ ਤੋਂ ਇਹ ਕਹਿ ਕੇ ਜਵਾਬ ਦੇ ਦਿਤਾ ਕਿ ਉਨ੍ਹਾਂ ਉਪਰ ਕਥਿਤ ਦਬਾਅ ਹੈ | ਇਸੇ ਤਰ੍ਹਾਂ ਪਾਰਟੀ ਆਗੂਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿਤਾ | ਉਨ੍ਹਾਂ ਦਸਿਆ ਕਿ ਬਾਅਦ ਵਿਚ ਪਾਰਟੀਆਂ ਆਗੂ ਲਖਵੀਰ ਸਿੰਘ ਖ਼ਾਲਸਾ ਨੇ ਵੀ ਸਮਝਾਇਆ ਅਤੇ ਪਾਰਟੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਅਤੇ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਪ੍ਰਤਾਪ ਸਿੰਘ ਦੇ ਧਿਆਨ ਵਿਚ ਲਿਆਦਾ ਅਤੇ ਪਾਠ ਕਰਨ ਦੀ ਇਜ਼ਾਜਤ ਮੰਗੀ ਪ੍ਰੰਤੂ ਦੁਖ ਦੀ ਗੱਲ ਹੈ ਕਿ ਉਨ੍ਹਾਂ ਨੇ ਵੀ ਜਵਾਬ ਨਹੀਂ ਦਿਤਾ | ਉਨ੍ਹਾਂ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ |