
ਕਿਹਾ, ਦਰਬਾਰ ਸਾਹਿਬ ਦੇ ਕਰੀਬ 18 ਮੈਨੇਜਰ ਹਨ ਜੋ ਕਿਸੇ ਨਾ ਕਿਸੇ ਅਕਾਲੀ ਆਗੂ ਦੀ ਗੁਡ ਬੁਕ ਵਿਚ ਹਨ
ਅੰਮ੍ਰਿਤਸਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ 'ਤੇ ਸਿਆਸਤ ਤਾਂ ਭਾਰੂ ਹੈ ਹੀ, ਹੁਣ ਇਹ ਸਿਆਸਤ ਦਾ ਗਲਬਾ ਦਰਬਾਰ ਸਾਹਿਬ ਦੇ ਪ੍ਰਬੰਧਾਂ 'ਤੇ ਵੀ ਭਾਰੂ ਹੋ ਗਿਆ ਹੈ। ਇਸ ਦਾ ਮੂੰਹ ਬੋਲਦਾ ਸਬੂਤ ਬੀਤੇ ਕੁੱਝ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਹਨ। ਦਰਬਾਰ ਸਾਹਿਬ ਦੇ ਅੰਦਰ ਇਕ ਪਰਵਾਰ ਵਲੋਂ ਖਿਚਵਾਈਆਂ ਤਸਵੀਰਾਂ ਦੀਆਂ ਖ਼ਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਇਕ ਵੀਡੀਓ ਦਾ ਸਿੱਧਾ ਪ੍ਰਸਾਰਣ ਸੁਰਖ਼ੀਆਂ ਵਿਚ ਆ ਗਿਆ ਜਿਸ ਨੇ ਪ੍ਰੰਬਧਾਂ ਦੀ ਪੋਲ ਖੋਹਲ ਕੇ ਰਖ ਦਿੱਤੀ।
ਦਰਬਾਰ ਸਾਹਿਬ ਦੇ ਕਰੀਬ 18 ਮੈਨੇਜਰ ਹਨ ਜੋ ਕਿਸੇ ਨਾ ਕਿਸੇ ਅਕਾਲੀ ਆਗੂ ਦੀ ਗੁਡ ਬੁਕ ਵਿਚ ਹਨ। ਜੇ ਇਹ ਕਹਿ ਲਿਆ ਜਾਵੇ ਕਿ ਦਰਬਾਰ ਸਾਹਿਬ ਦਾ ਸਾਰਾ ਅਮਲਾ ਸਿਆਸਤਦਾਨਾਂ ਦੀਆਂ ਉਂਗਲਾਂ 'ਤੇ ਨਚਦਾ ਹੈ ਅਤੇ ਅਕਾਲੀ ਆਗੂਆਂ ਦੀ ਜੀ ਹਜ਼ੂਰੀ ਵਿਚ ਮਸ਼ਰੂਫ਼ ਰਹਿੰਦਾ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ। ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਪ੍ਰਬੰਧ ਵਿਚ ਦਖ਼ਲ ਦਿੰਦੇ ਸਨ। ਮੈਂਬਰ ਅਪਣੀ ਚੌਧਰ ਦਿਖਾਉਣ ਲਈ ਕੁੱਝ ਅਹੁਦਿਆਂ 'ਤੇ ਮਨਮਰਜ਼ੀ ਦੇ ਕਰਮਚਾਰੀ ਭਰਤੀ ਕਰਵਾ ਲੈਦੇ ਸਨ ਪਰ ਹੁਣ ਮੈਂਬਰਾਂ ਦੀ ਵੁਕਤ ਨਾਂਹ ਦੇ ਬਰਾਬਰ ਹੈ ਤੇ ਸਾਰੀ ਕਮਾਂਡ ਅਕਾਲੀ ਆਗੂਆਂ ਦੇ ਨਾਲ-ਨਾਲ ਉਨ੍ਹਾਂ ਦੇ ਨਿਜੀ ਸਹਾਇਕਾਂ ਦੇ ਹੱਥ ਆ ਚੁਕੀ ਹੈ। ਦਰਬਾਰ ਸਾਹਿਬ ਦੇ ਦਫ਼ਤਰ ਗਲਿਆਰੇ ਵਿਚ ਮਾਝੇ ਦੇ ਇਕ ਧੜਵੈਲ ਸਾਬਕਾ ਮੰਤਰੀ ਦੇ ਨਾਲ-ਨਾਲ ਉਸ ਦੇ ਨਿਜੀ ਸਹਾਇਕ ਦੀ ਤੂਤੀ ਇਸ ਕਦਰ ਬੋਲਦੀ ਹੈ ਕਿ ਵੱਡੇ-ਵੱਡੇ ਪ੍ਰਬੰਧਕ ਅਪਣੇ ਦਫ਼ਤਰ ਵਿਚ ਹੀ ਨਿਜੀ ਸਹਾਇਕ ਦੇ ਆਏ ਫ਼ੋਨ ਨੂੰ ਹੀ ਦੇਖ ਕੇ ਖੜੇ ਹੋ ਜਾਂਦੇ ਹਨ।
ਸ਼ਿਫਾਰਸ਼ੀ ਪ੍ਰੰਬਧਾਂ ਕਾਰਨ ਦਰਬਾਰ ਸਾਹਿਬ ਦੀ ਮਰਿਆਦਾ ਵੀ ਦਾਅ 'ਤੇ ਲੱਗੀ ਹੋਈ ਹੈ। ਕਿਹਾ ਜਾਂਦਾ ਹੈ ਕਿ ਇਕ ਬਰਛਾ ਲੈ ਕੇ ਖੜੇ ਸੇਵਾਦਾਰ ਤੋਂ ਲੈ ਕੇ ਉਚ ਅਹੁਦੇ ਤਕ ਸ਼ਿਫਾਰਸ਼ ਹੀ ਪ੍ਰਧਾਨ ਹੈ। ਹੈਰਾਨੀ ਦੀ ਗਲ ਤਾਂ ਇਹ ਵੀ ਹੈ ਕਿ ਦਰਬਾਰ ਸਾਹਿਬ ਨਾਲ ਸਬੰਧਤ ਇਕ ਦਫ਼ਤਰ ਵਿਚ ਇਕ ਸੇਵਾਦਾਰ ਜੋ ਆਏ ਸ਼ਰਧਾਲੂਆਂ ਨੂੰ ਪਾਣੀ ਪਿਲਾਉਣ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ, ਦੀ ਬਦਲੀ ਹੋ ਗਈ, ਮਾਝੇ ਦੇ ਹੀ ਇਕ ਸਾਬਕਾ ਮੰਤਰੀ ਨੇ ਉਕਤ ਸੇਵਾਦਾਰ ਦੀ ਸ਼ਿਫਾਰਸ਼ ਕੀਤੀ ਕਿ ਇਸ ਨੂੰ ਮੁੜ ਇਸੇ ਦਫ਼ਤਰ ਹੀ ਰਖਿਆ ਜਾਵੇ। ਜਦ ਸਾਬਕਾ ਮੰਤਰੀ ਦੀ ਸੁਣਵਾਈ ਨਹੀਂ ਹੋਈ ਤਾਂ ਜਾਣਕਾਰ ਦਸਦੇ ਹਨ ਕਿ ਉਸ ਦਫ਼ਤਰ ਵਿਚ ਰਹਿਣ ਲਈ ਸੇਵਾਦਾਰ ਨੇ ਸਾਬਕਾ ਮੁੱਖ ਮੰਤਰੀ ਦੀ ਚੰਡੀਗੜ੍ਹ ਵਿਚਲੀ ਕੋਠੀ ਤੋਂ ਫ਼ੋਨ ਕਰਵਾ ਕੇ ਅਪਣੀ ਬਦਲੀ ਰੁਕਵਾਈ। ਅਜਿਹੇ ਹਾਲਾਤ ਵਿਚ ਬੇਬਸ ਪ੍ਰਧਾਨ ਭਾਣਾ ਮੰਨਣ ਤੋਂ ਬਿਨਾਂ ਕੁੱਝ ਵੀ ਕਰਨ ਤੋ ਅਸਮਰੱਥ ਹੈ।