
Panthak News: 'ਸਾਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਗੁਰਬਾਣੀ ਵਿਚ ਕੌਮੀ ਆਗੂ ਦਾ ਸੰਕਲਪ ਨਹੀਂ, ਸੇਵਾਦਾਰ ਦਾ ਹੈ'
Shiromani Akali Dal can be strengthened as a Sikh organization only in the light of Gurbani Panthak News: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਗੁਰਬਾਣੀ ਦੇ ਚਾਨਣ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸਿੱਖ ਜਥੇਬੰਦੀ ਦੇ ਰੂਪ ਵਿਚ ਮਜ਼ਬੂਤ ਕੀਤਾ ਜਾ ਸਕਦਾ ਹੈ ਪਰ ਬਦਕਿਸਮਤੀ ਨਾਲ ਸਿੱਖ ਭਾਈਚਾਰਾ ਗੁਰਸ਼ਬਦ ਤੋਂ ਅਗਵਾਈ ਲੈਣ ਦੀ ਥਾਂ ਕਿਸੇ ਨਾ ਕਿਸੇ ਸ਼ਖ਼ਸੀਅਤ ਦੇ ਪਿੱਛੇ ਲੱਗ ਤੁਰਦਾ ਹੈ। ਇਹੀ ਕਾਰਨ ਹੈ ਕਿ ਹਰ ਲਹਿਰ ਦੇ ਅੰਤ ਵਿਚ ਉਸ ਨੂੰ ਪਛਤਾਉਣਾ ਪੈਂਦਾ ਹੈ। ਸਾਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਗੁਰਬਾਣੀ ਵਿਚ ਕੌਮੀ ਆਗੂ ਦਾ ਸੰਕਲਪ ਨਹੀਂ, ਸੇਵਾਦਾਰ ਦਾ ਹੈ। ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਆਪਣੇ ਈ-ਮੇਲ ਪ੍ਰੈਸ ਨੋਟ ਰਾਹੀਂ ਅਦਾਰਾ ‘ਰੋਜ਼ਾਨਾ ਸਪੋਕਸਮੈਨ’ ਨਾਲ ਸਾਂਝੇ ਕੀਤੇ।
ਇਸ ਪੱਤਰਕਾਰ ਵਲੋਂ ਪੁਛੇ ਸਵਾਲ ਕਿ ਹੁਣ ਜਦੋਂ ਅਕਾਲੀ ਦਲ ਬਾਦਲ ਅਪਣੇ ਬਚਾਅ ਲਈ ਅਕਾਲ ਤਖ਼ਤ ਦਾ ਸਹਾਰਾ ਲੈ ਰਿਹਾ ਹੈ ਤਾਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦਾ ਕੀ ਰੋਲ ਹੋਣਾ ਚਾਹੀਦਾ ਹੈ, ਤਾਂ ਉਨ੍ਹਾਂ ਉਤਰ ਵਿਚ ਕਿਹਾ ਕਿ ਸਾਲ 1920 ਵਿਚ ਅਕਾਲ ਤਖ਼ਤ ਸਾਹਿਬ ਤੋਂ ਪੰਥ ਨੇ ਸਿੱਖ ਜਥੇਬੰਦੀ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ, ਨਾ ਕਿ ਕਿਸੇ ਵਿਅਕਤੀਗਤ ਦਲ ਦੀ।
ਚੰਗਾ ਹੋਇਆ ਕਿ ਹੁਣ ਉਹ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿਚ ਹਨ। ਤਖ਼ਤ ਸਾਹਿਬਾਨ ਦੇ ਮੁੱਖ ਸੇਵਾਦਾਰਾਂ ਲਈ ਇਕ ਸੁਨਹਿਰੀ ਮੌਕਾ ਹੈ ਕਿ ਕਿਸੇ ਇਕ ਵਿਅਕਤੀ ਜਾਂ ਕਿਸੇ ਇਕ ਪ੍ਰਵਾਰ ਪ੍ਰਤੀ ਪੰਥ-ਛੇਕੂ ਕੁਹਾੜਾ ਚਲਾਉਣ ਦੀ ਥਾਂ ਪਹਿਲਾ ਐਲਾਨ ਕਰਨ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਜਥੇਬੰਦੀ ਹੈ, ਇਸ ਨੂੰ ਕਿਸੇ ਇਕ ਵਿਅਕਤੀ ਜਾਂ ਪ੍ਰਵਾਰ ਦੀ ਝੋਲੀ ਨਹੀਂ ਪਾਇਆ ਜਾ ਸਕਦਾ। ਦੂਜਾ ਐਲਾਨ ਹੋਵੇ ਕਿ ਦਲ ਦਾ ਪ੍ਰਧਾਨ ਕੋਈ ਵੀ ਸੰਵਿਧਾਨਕ ਚੋਣ ਨਹੀਂ ਲੜ ਸਕਦਾ ਅਤੇ ਨਾ ਹੀ ਸੂਬੇ ਦਾ ਮੁੱਖ ਮੰਤਰੀ ਬਣ ਸਕਦਾ ਹੈ। ਤੀਜਾ ਐਲਾਨ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਵਿਧਾਨ ਸਭਾ, ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਨਹੀਂ ਬਣ ਸਕਦਾ ਅਤੇ ਨਾ ਹੀ ਕੋਈ ਸਰਕਾਰੀ ਅਹੁਦਾ ਹਾਸਲ ਕਰ ਸਕਦਾ ਹੈ।
ਬਰਗਾੜੀ ਕਾਂਡ ਅਤੇ ਸੌਦਾ ਸਾਧ ਡੇਰੇਦਾਰ ਦੀ ਮਾਫ਼ੀ ਦੀ ਸਜ਼ਾ ਵਜੋਂ ਐਲਾਨ ਹੋਵੇ ਕਿ ਉਦੋਂ ਤੋਂ ਲੈ ਕੇ ਹੁਣ ਤਕ ਜਿਹੜੇ ਵੀ ਵਿਅਕਤੀ ਵਿਧਾਨ ਸਭਾ, ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਰਹੇ ਹਨ, ਉਨ੍ਹਾਂ ’ਚੋਂ ਕੋਈ ਵੀ ਅਗਲੀ ਇਕ-ਇਕ ਵਿਧਾਨ ਸਭਾ ਤੇ ਲੋਕ ਸਭਾ ਦੀ ਚੋਣ ਨਹੀਂ ਲੜ ਸਕਦਾ। ਉਨ੍ਹਾਂ ਦੀ ਉਪਰੋਕਤ ਗ਼ਲਤੀ ਰਾਜਨੀਤਕ ਹੈ, ਇਸ ਲਈ ਸਜ਼ਾ ਵੀ ਰਾਜਨੀਤਕ ਚਾਹੀਦੀ ਹੈ।