
ਸਿਆਸਤਦਾਨਾਂ ਅਤੇ ਧਾਰਮਕ ਆਗੂਆਂ ਨੂੰ ਸਿਆਸੀ ਰੋਟੀਆਂ ਨਾ ਸੇਕਣ ਦੀ ਨਸੀਅਤ
ਕੋਟਕਪੂਰਾ, 28 ਸਤੰਬਰ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਅਤੇ ਇਸ ਨਾਲ ਜੁੜੇ ਮਾਮਲਿਆਂ ਦਾ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ 12 ਅਕਤੂਬਰ ਤੋਂ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਹੈ | ਭਾਵੇਂ ਸੁਖਰਾਜ ਸਿੰਘ ਨਿਆਮੀਵਾਲਾ ਨੇ 12 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਸਥਿਤ ਬੇਅਦਬੀ ਇਨਸਾਫ਼ ਮੋਰਚਾ ਬਹਿਬਲ ਕਲਾਂ ਵਿਖੇ ਪਹੁੰਚਣ ਲਈ ਸਾਰੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਚਿੰਤਕਾਂ, ਵਿਦਵਾਨਾਂ, ਪੰਥਦਰਦੀਆਂ ਅਤੇ ਗੁੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ ਪਰ ਦੂਜੇ ਪਾਸੇ ਉਨ੍ਹਾਂ ਦੋਸ਼ ਲਾਇਆ ਹੈ ਕਿ ਜੇਕਰ ਸਿਆਸਤਦਾਨਾਂ ਨੇ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਤਾਂ ਧਾਰਮਕ ਆਗੂਆਂ ਨੇ ਵੀ ਸਿਰਫ਼ ਲਾਹਾ ਲੈਣ ਵਿਚ ਘੱਟ ਨਹੀਂ ਗੁਜਾਰੀ |
ਬੜੇ ਅਫ਼ਸੋਸ ਅਤੇ ਦੁਖੀ ਮਨ ਨਾਲ ਸੁਖਰਾਜ ਸਿੰਘ ਨੇ ਆਖਿਆ ਕਿ ਬੇਅਦਬੀ ਕਾਂਡ ਅਤੇ ਇਸ ਨਾਲ ਜੁੜੇ ਮਾਮਲਿਆਂ ਦਾ ਮੁੱਦਾ ਜਿਉਂ ਦਾ ਤਿਉਂ ਰੱਖਣ ਲਈ ਸਰਕਾਰਾਂ ਨਾਲ ਹੱਥ ਮਿਲਾਉਣ ਵਾਲਿਆਂ ਨੂੰ ਸੰਗਤ ਭਲੀ ਭਾਂਤ ਜਾਣਦੀ ਹੈ ਪਰ ਬੋਲਦਾ ਕੋਈ ਨਹੀਂ, ਬੇਅਦਬੀ ਤੋਂ ਬਾਅਦ ਗੋਲੀਕਾਂਡ ਹੁੰਦਾ ਹੈ, ਦੋ ਸਿੰਘ ਸ਼ਹੀਦ ਅਤੇ ਅਨੇਕਾਂ ਜ਼ਖ਼ਮੀ ਕਰ ਦਿਤੇ ਜਾਂਦੇ ਹਨ, ਧਾਰਮਕ ਆਗੂਆਂ ਨੂੰ 1 ਜੂਨ ਅਤੇ 14 ਅਕਤੂਬਰ ਨੂੰ ਹੀ ਯਾਦ ਆਉਂਦੀਆਂ ਹਨ ਉਕਤ ਘਟਨਾਵਾਂ, ਰਾਜਨੀਤਕ ਲੋਕ ਵੀ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਮੌਕੇ ਹੀ ਬੇਅਦਬੀ ਕਾਂਡ ਅਤੇ ਗੋਲੀ ਚੱਲਣ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹਨ, ਪੀੜਤ ਪ੍ਰਵਾਰ ਅਤੇ ਪੰਥਦਰਦੀਆਂ ਸਮੇਤ ਸੰਗਤਾਂ ਹਮੇਸ਼ਾਂ ਉਕਤ ਲੋਕਾਂ ਵਲੋਂ ਚਲਾਈ ਹੋਈ ਖੇਡ ਵਿਚ ਉਲਝ ਜਾਂਦੀਆਂ ਹਨ, ਹੁਣ ਇਸ ਕੋਝੀ ਰਾਜਨੀਤੀ ਨੂੰ ਬੰਦ ਕਰਨ ਦਾ ਵਾਸਤਾ ਪਾਉਂਦਿਆਂ ਸੁਖਰਾਜ ਸਿੰਘ ਨੇ ਆਖਿਆ ਕਿ ਪਿਛਲੇ ਕਰੀਬ 8 ਸਾਲਾਂ ਤੋਂ ਇਨਸਾਫ਼ ਨਹੀਂ ਮਿਲਿਆ | ਪਿਛਲੇ ਦੋ ਸਾਲਾਂ ਅਰਥਾਤ 16-12-2021 ਤੋਂ ਉਹ ਦਿਨ-ਰਾਤ ਦੇ ਧਰਨੇ 'ਤੇ ਬੈਠਾ ਹੈ | ਸੁਖਰਾਜ ਸਿੰਘ ਨੇ ਆਖਿਆ ਕਿ 12 ਅਕਤੂਬਰ 2015 ਨੂੰ ਪੰਥਦੋਖੀਆਂ ਨੇ ਬੇਅਦਬੀ ਕਾਂਡ ਨੂੰ ਅੰਜਾਮ ਦਿਤਾ ਤੇ 12 ਅਕਤੂਬਰ 2023 ਨੂੰ ਉਹ ਮਰਨ ਵਰਤ 'ਤੇ ਬੈਠੇਗਾ |