
ਬੁੱਢਾ ਦਲ ਵਲੋਂ ਪੀਰ ਗ਼ੈਬ ਸ਼ਾਹ ਛਾਉਣੀ ਬੁੱਢਾ ਦਲ ਤੋਂ ਮਹੱਲਾ ਕਢਿਆ ਜਾਵੇਗਾ ਜਿਸ ਵਿਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਤੇ ਅਕਾਲੀ ਫ਼ੌਜਾਂ ਸ਼ਮੂਲੀਅਤ ਕਰਨਗੀਆਂ।
Panthak News: ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਮਹੱਲਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਕਢਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮਹੱਲੇ ਦੀ ਰਵਾਇਤ ਦਸਮ ਪਾਤਸ਼ਾਹ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਸੀ ਜਿਸ ਨੂੰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਅੱਜ ਤੀਕ ਇਨਬਿਨ ਮਹੱਲੇ ਦੇ ਰੂਪ ਵਿਚ ਮਹੱਤਵਪੂਰਨ ਦਿਨ ਦਿਹਾੜੇ, ਗੁਰਪੁਰਬਾਂ ’ਤੇ ਮਨਾਉਂਦੀਆਂ ਰਹੀਆਂ ਹਨ।
ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਗੁਰਪੁਰਬ ਸੁਲਤਾਨਪੁਰਲੋਧੀ ਤੋਂ ਇਲਾਵਾ ਸਮੁੱਚੇ ਵਿਸ਼ਵ ਵਿਚ ਸਿੱਖ ਜਗਤ ਵਲੋਂ ਮਨਾਇਆ ਜਾ ਰਿਹਾ ਹੈ।
ਅੱਜ ਸਾਡੇ ਧੰਨ ਭਾਗ ਹਨ ਕਿ ਅਸੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਮਹੱਲਾ ਖ਼ਾਲਸਾਈ ਸਿੱਖੀ ਭਾਵਨਾ ਨੂੰ ਉਜਾਗਰ ਕਰਦਾ ਸਿੱਖ ਪ੍ਰੰਪਰਾ ਅਨੁਸਾਰ ਅਪਣੇ ਮਨੋਰਥਾਂ ਦੀ ਪੂਰਤੀ ਕਰਦਾ। ਬੁੱਢਾ ਦਲ ਵਲੋਂ ਪੀਰ ਗ਼ੈਬ ਸ਼ਾਹ ਛਾਉਣੀ ਬੁੱਢਾ ਦਲ ਤੋਂ ਮਹੱਲਾ ਕਢਿਆ ਜਾਵੇਗਾ ਜਿਸ ਵਿਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਤੇ ਅਕਾਲੀ ਫ਼ੌਜਾਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੀਆਂ।