Parkash Purab Sri Guru Ramdas JI: ਗੁਰ ਰਾਮਦਾਸ ਰਾਖਹੁ ਸਰਣਾਈ, ਸ੍ਰੀ ਗੁਰੂ ਰਾਮਦਾਸ ਜੀ
Published : Oct 29, 2023, 4:10 pm IST
Updated : Oct 29, 2023, 4:10 pm IST
SHARE ARTICLE
Sri Guru Ramdas JI
Sri Guru Ramdas JI

ਭਾਈ ਜੇਠਾ ਜੀ ਅਜੇ ਬਚਪਨ ਦੀਆਂ ਦਹਿਲੀਜ਼ਾਂ ਤੇ ਹੀ ਵਿਚਰ ਰਹੇ ਸਨ ਕਿ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਸ੍ਰੀ ਹਰਿਦਾਸ ਜੀ ਇਸ ਦੁਨੀਆਂ ਤੋਂ ਕੂਚ ਕਰ ਗਏ।

ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਸੀ, ਉਹਨਾਂ ਦਾ ਜਨਮ ਕੱਤਕ ਦੀ 2, ਸੰਮਤ 1591 ਬਿਕ੍ਰਮੀ (24 ਸਤੰਬਰ 1534 ਈ:) ਨੂੰ ਚੂਨਾ ਮੰਡੀ ਲਾਹੌਰ ਦੇ ਵਸਨੀਕ ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਪਲੇਠਾ ਪੁੱਤਰ ਹੋਣ ਕਰ ਕੇ ਇਨ੍ਹਾਂ ਦਾ ਨਾਂ ਭਾਈ ਜੇਠਾ ਜੀ ਹੋ ਗਿਆ। ਜਿਸ ਦਿਨ ਭਾਈ ਜੇਠਾ ਜੀ ਦਾ ਜਨਮ ਹੋਇਆ, ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਦੁਨਿਆਵੀ ਉਮਰ ਲਗਭਗ 65 ਸਾਲ, ਸ੍ਰੀ ਗੁਰੂ ਅਮਰਦਾਸ ਜੀ ਦੀ 55 ਸਾਲ ਅਤੇ ਭਾਈ ਲਹਿਣਾ ਜੀ ਦੀ 30 ਸਾਲ ਸੀ। ਭਾਵੇਂ ਚਾਰੇ ਗੁਰੂ ਜਿਸਮਾਨੀ ਤੌਰ ਤੇ ਮੌਜੂਦ ਸਨ ਪਰ ਮਿਲਾਪ ਅਜੇ ਪਹਿਲੀ ਪਾਤਸ਼ਾਹੀ ਅਤੇ ਭਾਈ ਲਹਿਣਾ ਜੀ ਦਾ ਹੀ ਹੋਇਆ ਸੀ। 

ਭਾਈ ਜੇਠਾ ਜੀ ਅਜੇ ਬਚਪਨ ਦੀਆਂ ਦਹਿਲੀਜ਼ਾਂ ਤੇ ਹੀ ਵਿਚਰ ਰਹੇ ਸਨ ਕਿ ਪਹਿਲਾਂ ਮਾਤਾ ਜੀ ਅਤੇ ਫਿਰ ਪਿਤਾ ਸ੍ਰੀ ਹਰਿਦਾਸ ਜੀ ਇਸ ਦੁਨੀਆਂ ਤੋਂ ਕੂਚ ਕਰ ਗਏ। ਜਦ ਆਪ ਦੁਨਿਆਵੀ ਤੌਰ 'ਤੇ ਯਤੀਮ ਹੋ ਗਏ ਤਾਂ ਆਪ ਜੀ ਦੀ ਨਾਨੀ ਆਪ ਨੂੰ ਅਪਣੇ ਪਿੰਡ ਬਾਸਰਕੇ ਲੈ ਆਈ। ਲਾਹੌਰ ਤੋਂ ਦੋਹਤੇ ਦੇ ਅਪਣੇ ਨਾਨਕੇ ਘਰ ਆਉਣ ਦੀ ਖ਼ਬਰ ਸਾਰੇ ਪਿੰਡ ਵਿਚ ਫੈਲ ਗਈ।

ਪਿੰਡ ਦੇ ਬਹੁਤ ਸਾਰੇ ਨੇਕ ਪੁਰਸ਼ ਅਤੇ ਔਰਤਾਂ ਬਾਲਕ ਜੇਠੇ ਦਾ ਧੀਰ ਬਨ੍ਹਾਉਣ ਲਈ ਆਉਣ ਲੱਗੇ। ਇਨ੍ਹਾਂ ਧੀਰ ਬਨ੍ਹਾਉਣ ਵਾਲਿਆਂ ਵਿਚ (ਗੁਰੂ) ਅਮਰਦਾਸ ਜੀ ਵੀ ਸਨ। ਉਨ੍ਹਾਂ ਦੇ ਕੋਮਲ ਹਿਰਦੇ 'ਤੇ ਭਾਈ ਜੇਠੇ ਦੀ ਦੁਖਦਾਈ ਸਥਿਤੀ ਦਾ ਡੂੰਘਾ ਅਸਰ ਹੋਇਆ। ਇਸ ਅਸਰ ਕਰ ਕੇ ਉਨ੍ਹਾਂ ਦੀ ਆਪਸੀ ਨੇੜਤਾ ਕਾਫ਼ੀ ਵਧਣ ਲੱਗ ਪਈ।

ਭਾਈ ਜੇਠਾ ਜੀ ਅਪਣੇ ਨਾਨਕੇ ਘਰ ਰਹਿ ਕੇ ਘੁੰਙਣੀਆਂ ਵੇਚਣ ਦਾ ਕੰਮ ਕਰਦੇ ਸਨ ਅਤੇ ਇਨ੍ਹਾਂ ਦੀ ਵੱਟਕ ਨਾਲ ਅਪਣੀ ਅਤੇ ਨਾਨੀ ਜੀ ਦੀ ਉਦਰ-ਜਵਾਲਾ ਸ਼ਾਂਤ ਕਰਿਆ ਕਰਦੇ ਸਨ। ਇਸ ਸਮੇਂ ਦੌਰਾਨ (ਗੁਰੂ) ਅਮਰਦਾਸ ਜੀ ਜਦ ਕਦੇ ਖਡੂਰ ਸਾਹਿਬ ਤੋਂ ਬਾਸਰਕੇ ਆਉਂਦੇ ਤਾਂ ਉਹ ਭਾਈ ਜੇਠਾ ਜੀ ਨੂੰ ਜ਼ਰੂਰ ਮਿਲਦੇ ਅਤੇ ਘੰਟਿਆਂ ਬੱਧੀ ਦੁਨਿਆਵੀ ਅਤੇ ਇਲਾਹੀ ਗੱਲਾਂ ਹੁੰਦੀਆਂ ਰਹਿੰਦੀਆਂ। ਜਦ ਗੋਂਦੇ ਖਤਰੀ ਦੀ ਬੇਨਤੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਦਰਿਆ ਬਿਆਸ ਦੇ ਕੰਢੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਤਾਂ ਉਨ੍ਹਾਂ ਦੇ ਕਈ ਰਿਸ਼ਤੇਦਾਰ ਅਤੇ ਸਨੇਹੀ ਵੀ ਗੋਇੰਦਵਾਲ ਸਾਹਿਬ ਆ ਗਏ।

ਗੁਰੂ ਦਰਸ਼ਨਾਂ ਦੀ ਤਾਂਘ ਭਾਈ ਜੇਠਾ ਜੀ ਨੂੰ ਵੀ ਇਥੇ ਲੈ ਆਈ। ਉਸ ਵਕਤ ਉਨ੍ਹਾਂ ਦੀ ਉਮਰ ਲਗਭਗ 12 ਕੁ ਸਾਲ ਦੀ ਸੀ। ਅਵਸਥਾ ਭਾਵੇਂ ਅਜੇ ਬਾਲਪਨ ਵਾਲੀ ਹੀ ਸੀ ਪਰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਭਾਵ ਸਦਕਾ ਸੂਝ ਵਿਚ ਪਕਿਆਈ ਆ ਰਹੀ ਸੀ। ਇਸ ਪਕਿਆਈ ਸਦਕਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਰੰਗਤ ਭਾਈ ਜੇਠਾ ਜੀ 'ਤੇ ਖ਼ੂਬ ਚੜ੍ਹਨ ਲੱਗੀ।

ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ 10-12 ਸਾਲ ਅਪਣੀ ਨਿਗਰਾਨੀ ਵਿਚ ਰਖਿਆ ਅਤੇ ਉਨ੍ਹਾਂ ਸਾਰੇ ਗੁਣਾਂ ਨੂੰ ਵਾਚਿਆ ਸੀ ਜੋ ਕਿਸੇ ਉਚੇਚੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਜ਼ਰੂਰੀ ਹੁੰਦੇ ਹਨ। ਗੁਰੂ ਸਾਹਿਬ ਨੇ ਇਨ੍ਹਾਂ ਗੁਣਾਂ ਦੀ ਕਦਰ ਕਰਦਿਆਂ 22 ਫੱਗਣ ਸੰਮਤ 1610 ਨੂੰ ਅਪਣੀ ਲਾਡਲੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿਤਾ। ਇਸ ਬਖ਼ਸ਼ਿਸ਼ ਨਾਲ ਭਾਈ ਜੇਠਾ ਜੀ ਗੁਰੂ-ਦਰਬਾਰ ਦੇ ਨਾਲ-ਨਾਲ ਗੁਰੂ-ਪਰਵਾਰ ਦੇ ਅੰਗ ਬਣ ਗਏ। 

ਜਦ 1557 ਈ: ਵਿਚ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜਕ ਬਰਾਬਰੀ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਸਮਾਜ ਵਿਚੋਂ ਛੂਤ-ਛਾਤ ਖ਼ਤਮ ਕਰਨ ਦਾ ਬੀੜਾ ਚੁਕਿਆ ਤਾਂ ਕੁੱਝ ਗੁਰੂ-ਘਰ ਦੇ ਦੋਖੀਆਂ ਅਤੇ ਸਮਾਜ ਵਿਰੋਧੀਆਂ ਕੋਲੋਂ ਇਹ ਗੱਲ ਬਰਦਾਸ਼ਤ ਨਾ ਹੋ ਸਕੀ। ਉਨ੍ਹਾਂ ਵਿਚੋਂ ਕਿਸੇ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਗੁਰੂਕਿਆਂ ਵਿਰੁਧ ਕੰਨ ਭਰ ਦਿਤੇ।  

ਅਪਣੀ ਸ਼ੰਕਾ ਨਵਿਰਤੀ ਅਤੇ ਤਸੱਲੀ ਲਈ ਬਾਦਸ਼ਾਹ ਨੇ ਗੁਰੂ ਦਰਬਾਰ ਵਲ ਸੱਦਾ-ਪੱਤਰ ਭੇਜ ਦਿਤਾ। ਬਿਰਧ ਸਰੀਰ ਹੋਣ ਕਰ ਕੇ ਤੀਜੇ ਪਾਤਸ਼ਾਹ ਨੇ ਗੁਰੂ-ਘਰ ਦੀ ਵਕਾਲਤ ਲਈ ਭਾਈ ਜੇਠਾ ਜੀ ਦੀ ਡਿਊਟੀ ਲਗਾ ਦਿਤੀ। ਭਾਈ ਜੇਠਾ ਜੀ ਨੇ ਸਿੱਖੀ ਦੇ ਸਿਧਾਂਤਾਂ ਦੀ ਏਨੇ ਸੁਚੱਜੇ ਢੰਗ ਨਾਲ ਵਿਆਖਿਆ ਕੀਤੀ ਕਿ ਅਕਬਰ ਦੇ ਸੱਭ ਭਰਮ-ਭੁਲੇਖੇ ਦੂਰ ਹੋ ਗਏ। ਦੁਨਿਆਵੀ ਪੱਖੋਂ ਭਾਈ ਜੇਠਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਦਾਮਾਦ ਸਨ ਪਰ ਇਸ ਰਿਸ਼ਤੇ ਦਾ ਉਨ੍ਹਾਂ ਦੇ ਮਨ ਵਿਚ ਰੱਤੀ ਭਰ ਵੀ ਗੁਮਾਨ ਨਹੀਂ ਸੀ।

ਬਾਉਲੀ ਸਾਹਿਬ ਦੇ ਨਿਰਮਾਣ-ਕਾਰਜ ਸਮੇਂ ਉਹ ਵੀ ਇਕ ਨਿਮਾਣੇ ਸਿੱਖ ਵਾਂਗ ਸਿਰ 'ਤੇ ਟੋਕਰੀ ਢੋਅ ਕੇ ਸੇਵਾ ਕਰਿਆ ਕਰਦੇ ਸਨ। ਇਕ ਦਿਨ ਜਦ ਉਹ ਤਨ-ਮਨ ਨਾਲ ਸੇਵਾ ਵਿਚ ਲੀਨ ਸਨ ਤਾਂ ਲਾਹੌਰ ਤੋਂ ਉਨ੍ਹਾਂ ਦੇ ਸ਼ਰੀਕੇ-ਭਾਈਚਾਰੇ ਦੇ ਕੁੱਝ ਲੋਕ ਹਰਿਦੁਆਰ ਆਦਿ ਤੀਰਥਾਂ-ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹੋਏ ਸ੍ਰੀ ਗੋਇੰਦਵਾਲ ਵਿਖੇ ਆ ਗਏ। ਜਦ ਉਨ੍ਹਾਂ ਨੇ ਤਕਿਆ ਕਿ ਭਾਈ ਜੇਠਾ ਮਜ਼ਦੂਰਾਂ ਵਾਂਗੂ ਸਿਰ 'ਤੇ ਟੋਕਰੀ ਚੁੱਕੀ ਜਾ ਰਿਹਾ ਹੈ ਤਾਂ ਖ਼ਾਹਮਖ਼ਾਹ ਹੀ ਕ੍ਰੋਧਿਤ ਹੋ ਉੱਠੇ। ਕ੍ਰੋਧ ਵਿਚ ਆ ਕੇ ਉਹ ਸ਼ਿਸ਼ਟਾਚਾਰ ਦਾ ਪੱਲਾ ਵੀ ਛੱਡ ਬੈਠੇ। ਭਰੇ-ਪੀਤੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਕਿ, ''ਸਾਡੇ ਭਰਾ ਜੇਠੇ ਕੋਲੋਂ ਮਜ਼ਦੂਰੀ ਕਰਵਾ ਕੇ ਤੁਸੀਂ ਸਾਡੇ ਮਾਣ-ਸਤਿਕਾਰ ਨੂੰ ਢਾਹ ਲਗਾਈ ਹੈ। ਤੁਹਾਡੇ ਇਸ ਵਤੀਰੇ ਨਾਲ ਸਾਨੂੰ ਬੜੀ ਨਮੋਸ਼ੀ ਹੋਈ ਹੈ।”  

ਅਪਣੇ ਸ਼ਰੀਕੇ-ਭਾਈਚਾਰੇ ਦੀਆਂ ਖਰ੍ਹਵੀਆਂ ਗੱਲਾਂ ਕਾਰਨ ਭਾਈ ਜੇਠਾ ਜੀ ਨੇ ਤੀਜੇ ਪਾਤਸ਼ਾਹ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗ ਲਈ ਅਤੇ ਕਹਿਣ ਲੱਗੇ ਕਿ, ''ਸੱਚੇ ਪਾਤਸ਼ਾਹ ਇਹ ਸਾਰੇ ਅਣਜਾਣ ਹਨ, ਇਨ੍ਹਾਂ ਦੀਆ ਕੌੜੀਆਂ-ਕੁਸੈਲੀਆਂ ਅਤੇ ਮਨ ਦੀਆਂ ਮੈਲੀਆਂ ਗੱਲਾਂ ਨੂੰ ਲੇਖੇ ਵਿਚ ਨਾ ਲਿਆਉਣਾ।” ਇਸ  ਤਰ੍ਹਾਂ ਕਰ ਕੇ ਭਾਈ ਸਾਹਿਬ ਨੇ ਜਿਥੇ ਅਪਣੇ ਸ਼ਰੀਕੇ ਦੀ ਰੱਖ ਵਿਖਾਈ, ਉਥੇ ਗੁਰੂ ਸਾਹਿਬ ਦੀ ਪ੍ਰਸੰਨਤਾ ਦੇ ਪਾਤਰ ਵੀ ਬਣ ਗਏ।

ਪਰਵਾਰਕ ਪੱਖੋਂ ਆਪ ਜੀ ਦੇ ਘਰ ਤਿੰਨ ਪੁੱਤਰਾਂ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ (ਪੰਚਮ ਪਾਤਸ਼ਾਹ) ਨੇ ਜਨਮ ਲਿਆ। ਬਾਬਾ ਪ੍ਰਿਥੀ ਚੰਦ ਭਾਵੇਂ ਘਰ ਦਾ ਵੱਡਾ ਪੁੱਤਰ ਸੀ ਪਰ ਅਪਣੇ ਲਾਲਚੀ ਅਤੇ ਵਡਿਆਈ ਖ਼ੋਰੇ ਸੁਭਾਅ ਕਾਰਨ ਅਪਣੇ ਗੁਰੂ-ਪਿਤਾ ਦੀਆਂ ਖ਼ੁਸ਼ੀਆਂ (ਗੁਰਗੱਦੀ) ਲੈਣ ਤੋਂ ਵਾਂਝਾ ਰਹਿ ਗਿਆ। ਇਸ ਵਾਂਝੇਪਨ ਕਾਰਨ ਹੀ ਉਹ ਸਾਰੀ ਹਯਾਤੀ ਈਰਖਾ ਅਤੇ ਦਵੈਤ ਦੀ ਅੱਗ ਵਿਚ ਸੜਦਾ ਰਿਹਾ ਅਤੇ ਨਾਨਕ ਨਾਮ-ਲੇਵਾ ਸੰਗਤਾਂ ਦੀ ਨਫ਼ਰਤ ਦਾ ਪਾਤਰ ਬਣਦਾ ਰਿਹਾ। 

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਗਾਇਆ ਸਿੱਖੀ ਦਾ ਬੂਟਾ ਜਿਵੇਂ-ਜਿਵੇਂ ਜੋਬਨ 'ਤੇ ਹੋਇਆ ਸਿੱਖੀ ਦਾ ਪ੍ਰਚਾਰ ਕੇਂਦਰ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਕੇ ਚੱਕ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਲੈ ਜਾਣ ਦੀ ਵਿਉਂਤਬੰਦੀ ਕੀਤੀ ਗਈ। ਇਸ ਵਿਉਂਤਬੰਦੀ ਨੂੰ ਅਮਲੀ ਰੂਪ ਦੇਣ ਦੀ ਜ਼ਿੰਮੇਵਾਰੀ ਭਾਈ ਜੇਠਾ ਜੀ ਨੂੰ ਦਿਤੀ ਗਈ। ਆਪ ਜੀ ਨੇ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਿਸ ਦੀ ਬਦੌਲਤ 'ਗੁਰੂ ਕਾ ਚੱਕ' ਇਕ ਚੰਗੀ ਰੌਣਕ ਵਾਲਾ ਨਗਰ ਬਣ ਗਿਆ। 

ਸ੍ਰੀ ਗੁਰੂ ਅਮਰਦਾਸ ਜੀ ਹੁਣ ਸਰੀਰਕ ਰੂਪ ਵਿਚ ਕਾਫ਼ੀ ਬਿਰਧ ਹੋ ਚੁੱਕੇ ਸਨ। ਅਪਣਾ ਸੱਚਖੰਡ ਵਾਪਸੀ ਸਮਾਂ ਨੇੜੇ ਆਇਆ ਜਾਣ ਕੇ ਉਨ੍ਹਾਂ ਨੇ ਗੁਰੂ-ਘਰ ਦੀ ਮਰਿਆਦਾ ਅਨੁਸਾਰ ਸੰਮਤ 1631 ਦੇ ਭਾਦਰੋਂ ਮਹੀਨੇ ਵਿਚ ਸਮੂਹ ਸੰਗਤ ਅਤੇ ਅਪਣੇ ਪਰਵਾਰ ਦੇ ਸਨਮੁਖ ਭਾਈ ਜੇਠਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਚੌਥਾ (ਗੁਰਗੱਦੀ ਦੇ ਕੇ) ਵਾਰਸ ਥਾਪ ਕੇ ਸ੍ਰੀ ਗੁਰੂ ਰਾਮਦਾਸ ਜੀ ਬਣਾ ਦਿਤਾ।

 ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਮਾਝੇ ਦਾ ਇਲਾਕਾ ਜਾਗ ਪਿਆ। ਇਸ ਜਾਗ ਕਾਰਨ ਗੁਰੂ ਸਾਹਿਬ ਨੇ ਸੋਚਿਆ ਕਿ ਇਸ ਕੇਂਦਰੀ ਸਥਾਨ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਇਕ ਸ਼ਾਨਦਾਰ ਧਾਰਮਕ ਸਥਾਨ ਉਸਾਰਿਆ ਜਾਵੇ ਜੋ ਵੱਧ ਰਹੀ ਸੰਗਤ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰ ਸਕੇ। ਇਹ ਸਥਾਨ ਦਰਿਆ ਤੋਂ ਹਟਵਾਂ ਹੋਣ ਕਰ ਕੇ ਇਥੇ ਸਰੋਵਰ ਬਣਾਉਣ ਦੀ ਤਜਵੀਜ਼ ਵੀ ਬਣਾਈ ਗਈ। 

ਅਜਿਹਾ ਕਰਨ ਪਿੱਛੇ ਗੁਰੂ ਸਾਹਿਬ ਦਾ ਇਕ ਮਨੋਰਥ ਇਹ ਵੀ ਸੀ ਕਿ ਇਸ ਪਵਿੱਤਰ ਥਾਂ 'ਤੇ ਜਿਥੇ ਕੰਨਾਂ ਨੂੰ ਇਲਾਹੀ ਬਾਣੀ ਦੀਆਂ ਧੁਨਾਂ ਸੁਣਾਈ ਦੇਣ, ਉਥੇ ਨਾਲ ਨੇਤਰਾਂ ਨੂੰ ਹਰਿ ਦੇ ਘਰ (ਹਰਿਮੰਦਰ ਸਾਹਿਬ) ਦੇ ਖੁਲ੍ਹੇ ਦਰਸ਼ਨ ਦੀਦਾਰੇ ਵੀ ਹੁੰਦੇ ਰਹਿਣ। ਇਸ ਤਜਵੀਜ਼ ਨੂੰ ਅਮਲੀ ਰੂਪ ਦੇਣ ਲਈ ਸੰਗਤ ਦੇ ਭਰਪੂਰ  ਸਹਿਯੋਗ ਦੀ ਲੋੜ ਸੀ। ਜਿਵੇਂ-ਜਿਵੇਂ ਇਹ ਸਹਿਯੋਗ (ਤਨ, ਮਨ ਅਤੇ ਧਨ ਨਾਲ) ਮਿਲਦਾ ਗਿਆ ਤਿਵੇਂ-ਤਿਵੇਂ ਗੁਰੂ-ਘਰ ਦੇ ਕਾਰਜ ਵੀ ਸੰਵਰਦੇ ਰਹੇ। ਪਹਿਲਾਂ ਸਰੋਵਰ ਅਤੇ ਉਸ ਤੋਂ ਬਾਅਦ (ਗੁਰੂ ਅਰਜਨ ਦੇਵ ਜੀ ਦੇ ਸਮੇਂ) ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਹੋ ਗਈ। ਇਨ੍ਹਾਂ ਦੋ ਮਹਾਨ ਉਪਰਾਲਿਆਂ ਨਾਲ ਸਿੱਖ ਧਰਮ ਦੇ ਨਕਸ਼-ਨੁਹਾਰ ਹੋਰ ਵੀ ਨਿਖਰਨ ਲੱਗ ਪਏ।  

ਭਾਵੇਂ ਗੁਰੂ ਰਾਮਦਾਸ ਜੀ ਕੋਲ ਬਹੁਤ ਸਾਰੇ ਰੁਝੇਵੇਂ ਸਨ ਪਰ ਉਨ੍ਹਾਂ ਦੀ ਤਰਜੀਹ ਕਾਰ-ਸੇਵਾ ਵਿਚ ਬਣੀ ਰਹਿੰਦੀ ਸੀ। ਵਕਤ ਮਿਲਣ 'ਤੇ ਉਹ ਆਪ ਵੀ ਟੋਕਰੀ ਚੁੱਕ ਲੈਂਦੇ ਅਤੇ ਇੱਟਾਂ, ਗਾਰੇ ਅਤੇ ਚੂਨੇ ਆਦਿ ਦੀ ਹੱਥੀਂ ਸੇਵਾ ਕਰਿਆ ਕਰਦੇ ਸਨ। ਇਹ ਸੱਭ ਕੁੱਝ ਉਹ ਕਿਰਤ ਦੇ ਸਿਧਾਂਤ ਨੂੰ ਵਡਿਆਉਣ ਅਤੇ ਪਕਿਆਉਣ ਲਈ ਵੀ ਕਰਦੇ ਸਨ। ਇਸ ਤਰ੍ਹਾਂ ਕਰਦਿਆਂ ਇਕ ਦਿਨ ਉਹ ਵੀ ਆ ਗਿਆ ਜਿਸ ਦਿਨ ਸ੍ਰੀ ਗੁਰੂ ਰਾਮਦਾਸ ਜੀ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਚੱਜੀ ਅਗਵਾਈ ਅਤੇ ਸੰਗਤ ਦੇ ਭਰਵੇਂ ਸਹਿਯੋਗ ਸਦਕਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸਵਰਗ ਦੀ ਝਲਕ (ਸੱਚਖੰਡ ਦੇ ਰੂਪ 'ਚ) ਵਿਖਾਈ ਦੇਣ ਲੱਗ ਪਈ। ਅਜੋਕੇ ਸਮੇਂ ਵੀ ਇਹ ਸਥਾਨ ਰੱਬੀ ਸਿਫ਼ਤ-ਸਲਾਹ ਦਾ ਇਕ ਪ੍ਰਮੁੱਖ ਕੇਂਦਰ ਹੈ। 

ਗੁਰੂ ਪਰਵਾਰ ਦੇ ਤਿੰਨਾਂ ਸਾਹਿਬਜ਼ਾਦਿਆਂ ਵਿਚੋਂ ਸੱਭ ਤੋਂ ਛੋਟੇ ਸ੍ਰੀ (ਗੁਰੂ) ਅਰਜਨ ਦੇਵ ਜੀ ਦੀਨ ਅਤੇ ਦੁਨੀਆਂ ਦੇ ਮਾਮਲੇ ਵਿਚ ਸੱਭ ਤੋਂ ਵਧੇਰੇ ਯੋਗ ਸਾਬਤ ਹੋਏ। ਜਿਥੇ ਉਹ ਪਰਵਾਰਕ ਪੱਖ ਤੋਂ ਪੂਰੇ ਜ਼ਿੰਮੇਵਾਰ ਸਨ, ਉਥੇ ਉਹ ਅਧਿਆਤਮਕ ਪੱਖ ਤੋਂ ਵੀ ਸਰਬ-ਕਲਾ ਸਮਰੱਥ ਵਿਖਾਈ ਦਿੰਦੇ ਸਨ। ਇਸ ਸਮਰੱਥਾ ਕਾਰਨ ਹੀ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਗੁਰਿਆਈ ਦਾ ਤਿਲਕ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਗਾਇਆ ਗਿਆ। 

ਗੁਰੂ ਪਿਤਾ ਵਲੋਂ ਵੱਡੇ ਪੁੱਤਰ (ਪ੍ਰਿਥੀ ਚੰਦ) ਨੂੰ ਅਣਡਿੱਠ ਕਰ ਕੇ ਸੱਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਕੇ ਘਰ ਦੀ ਵਡਿਆਈ (ਗੁਰਗੱਦੀ) ਦਿਤੇ ਜਾਣ ਦਾ ਪ੍ਰਿਥੀ ਚੰਦ ਵਲੋਂ ਡਟਵਾਂ ਵਿਰੋਧ ਕੀਤਾ ਗਿਆ ਪਰ ਸ੍ਰੀ ਗੁਰੂ ਰਾਮਦਾਸ ਜੀ ਵਲੋਂ 'ਤਖ਼ਤਿ ਬਹੈ ਤਖ਼ਤੈ ਕੀ ਲਾਇਕ' ਦੀ ਕਸਵੱਟੀ ਨੂੰ ਆਧਾਰ ਬਣਾ ਕੇ ਸਿਰਫ਼ ਯੋਗਤਾ ਨੂੰ ਹੀ ਪਹਿਲ ਦਿਤੀ ਗਈ।

ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਪਣਾ ਗੱਦੀ-ਨਸ਼ੀਨ ਬਣਾ ਕੇ ਸ੍ਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ। ਕੁੱਝ ਦਿਨ ਇਥੇ ਟਿਕਾਣਾ ਕਰਨ ਤੋਂ ਬਾਅਦ ਅੱਸੂ ਮਹੀਨੇ ਦੇ ਦੂਜੇ ਦਿਨ ਮੁਤਾਬਕ ਸੰਮਤ 1638 (ਸਤੰਬਰ 1581 ਈ:) ਨੂੰ ਜੋਤੀ ਜੋਤ ਸਮਾ ਗਏ। ਅਧਿਆਤਮਕ ਆਗੂ ਹੋਣ ਦੇ ਨਾਲ-ਨਾਲ ਸ੍ਰੀ ਗੁਰੂ ਰਾਮਦਾਸ ਜੀ ਇਕ ਉੱਚ ਕੋਟੀ ਦੇ ਬਾਣੀਕਾਰ ਵੀ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੇ 19 ਰਾਗਾਂ ਦੀ ਵਰਤੋਂ ਕਰਦਿਆਂ ਅਤੇ 11 ਹੋਰ ਰਾਗਾਂ ਸਮੇਤ ਕੁਲ 30 ਰਾਗਾਂ ਵਿਚ ਬਾਣੀ ਰਚੀ ਹੈ। ਇਹ ਬਾਣੀ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਪੜ੍ਹੀ/ਸੁਣੀ ਜਾਂਦੀ ਹੈ।
ਸੰਪਰਕ : 94631-32719 ​

 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement