
ਜਦੋਂ ਪੰਥਕ ਮੁਖੌਟਿਆਂ ਹੇਠ ਪੰਥ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਸੀ ਤਾਂ ਇਹ ਇਕ ਦੂਜੇ ਨੂੰ ਬਚਾਉਣ ਲਈ ਪੂਰਾ ਤਾਣ ਲਾ ਰਹੇ ਸਨ
Panthak News: ਕੋਟਕਪੂਰਾ (ਗੁਰਿੰਦਰ ਸਿੰਘ) : ਅਕਾਲੀ ਦਲ ਬਾਦਲ ਨਾਲੋਂ ਤੋੜ ਵਿਛੋੜਾ ਕਰਕੇ ਅਕਾਲ ਤਖ਼ਤ ਵਿਖੇ ਭੁੱਲਾਂ ਬਖ਼ਸ਼ਾਉਣ ਤੋਂ ਬਾਅਦ ‘ਅਕਾਲੀ ਦਲ ਬਚਾਉ’ ਯਾਤਰਾ ਆਰੰਭ ਕਰਨ ਜਾ ਰਹੇ ਬਾਗ਼ੀ ਅਕਾਲੀਆਂ ਨੂੰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕੁੱਝ ਸੁਆਲ ਕੀਤੇ ਹਨ, ਜਿਨ੍ਹਾਂ ਵਲ ਪੰਥਕ ਹਲਕਿਆਂ ਅਤੇ ਸਮੁੱਚੀ ਸਿੱਖ ਕੌਮ ਦਾ ਧਿਆਨ ਜਾਣਾ ਸੁਭਾਵਕ ਹੈ। ਜ਼ਿਕਰਯੋਗ ਹੈ ਕਿ ਜਥੇਦਾਰ ਸੁਖਦੇਵ ਸਿੰਘ ਭੌਰ 1996 ਤੋਂ 1999 ਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਐਕਟਿੰਗ ਪ੍ਰਧਾਨ ਰਹੇ ਜਦਕਿ 2003 ਤੋਂ 2016 ਤਕ ਲਗਾਤਾਰ ਹਰ ਵਾਰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਬਣਦੇ ਰਹੇ।
‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਕਰਦਿਆਂ ਜਥੇਦਾਰ ਭੌਰ ਨੇ ਦਾਅਵਾ ਕੀਤਾ ਕਿ ਬਾਦਲ ਦਲ ਦਾ ਕਾਟੋ-ਕਲੇਸ਼ ਖ਼ੂਬ ਸੁਰਖ਼ੀਆਂ ਬਟੋਰ ਰਿਹਾ ਹੈ ਅਤੇ ਦੋਵੇਂ ਧੜੇ ਖ਼ੁਦ ਨੂੰ ਦੁੱਧ ਧੋਤੇ ਸਾਬਤ ਕਰਨ ਲਈ ਪੂਰਾ ਤਾਣ ਲਾ ਰਹੇ ਹਨ, ਦੋੋਵਾਂ ਵਲੋਂ ਪੰਜਾਬ ਅਤੇ ਪੰਥ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਜਥੇਦਾਰ ਭੌਰ ਨੇ ਹੈਰਾਨੀ ਪ੍ਰਗਟਾਈ ਕਿ ਅਤੀਤ ਵਿਚ ਖ਼ਾਲਸਾ ਪੰਥ ਨਾਲ ਕੀਤੇ ਗ਼ੁਨਾਹਾਂ ਅਤੇ ਧੋਖਿਆਂ ਨੂੰ ਇਕ ਦੂਜੇ ਸਿਰ ਮੜ੍ਹ ਕੇ ਸੁਥਰੇ ਹੋਣ ਦੀਆਂ ਅਸਫ਼ਲ ਕੌਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
ਜਦਕਿ ਜਦੋਂ ਪੰਥਕ ਮੁਖੌਟਿਆਂ ਹੇਠ ਪੰਥ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਸੀ ਤਾਂ ਇਹ ਇਕ ਦੂਜੇ ਨੂੰ ਬਚਾਉਣ ਲਈ ਪੂਰਾ ਤਾਣ ਲਾ ਰਹੇ ਸਨ। ਜਥੇਦਾਰ ਭੌਰ ਨੇ ਦਾਅਵਾ ਕੀਤਾ ਕਿ ਵੋਟਾਂ ਖ਼ਾਤਰ ਪੰਥਕ ਹਿਤਾਂ ਨੂੰ ਪਿੱਠ ਦਿਖਾ ਕੇ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਨਾਲ ਸਾਰੇ ਹੀ ਯਾਰੀਆਂ ਪਾਲਦੇ ਰਹੇ ਹਨ ਅਤੇ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰ ਕੇ ਨਿਜੀ ਹਿਤ ਪਾਲਦੇ ਰਹਿਣਾ ਇਨ੍ਹਾਂ ਦੀ ਆਦਤ ਹੀ ਬਣੀ ਰਹੀ ਹੈ। ਇਹੀ ਕਾਰਨ ਹਨ ਕਿ ਇਨ੍ਹਾਂ ਦਾ ਮੂੰਹ ਨਾ ਤਾਂ ਬਰਗਾੜੀ ਦੀਆਂ ਘਟਨਾਵਾਂ ਸਮੇਂ ਖੁਲ੍ਹਿਆ, ਨਾ ਸੌਦਾ ਸਾਧ ਨੂੰ ਜਥੇਦਾਰਾਂ ਦੀ ਧੋਣ ’ਤੇ ਗੋਡਾ ਰੱਖ ਕੇ ਮਾਫ਼ੀ ਦੇਣ ਸਮੇਂ ਖੁਲ੍ਹਿਆ ਤੇ ਨਾ ਹੀ ਪੰਥ ਦਾ ਘਾਣ ਕਰਨ ਵਾਲੀਆਂ ਸਾਜ਼ਸ਼ਾਂ ਮੌਕੇ ਉਨ੍ਹਾਂ ਨੇ ਮੂੰਹ ਖੋਲ੍ਹਣ ਦੀ ਲੋੜ ਸਮਝੀ।
ਜਥੇ. ਸੁਖਦੇਵ ਸਿੰਘ ਭੌਰ ਨੇ ਆਖਿਆ ਕਿ ਅੱਜ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਅਕਾਲੀ ਦਲ ਬਚਾਉਣ ਦੀ ਯਾਤਰਾ ਸ਼ੁਰੂ ਕਰਨ ਦਾ ਦਾਅਵਾ ਕਰਨ ਵਾਲੇ ਬਾਗ਼ੀ ਅਕਾਲੀ ਉਸ ਸਮੇਂ ਬਾਦਲਾਂ ਦੀਆਂ ਕਰਤੂਤਾਂ ਅਤੇ ਹਰਕਤਾਂ ਸਬੰਧੀ ਟੀ.ਵੀ. ਚੈਨਲਾਂ ’ਤੇ ਸਾਰਾ-ਸਾਰਾ ਦਿਨ ਸਫ਼ਾਈਆਂ ਦਿੰਦੇ ਰਹੇ ਸਨ। ਜਦੋਂ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਅਕਾਲੀ ਦਲ ਦਾ ਪ੍ਰਵਾਰੀਕਰਨ, ਅਪਰਾਧੀਕਰਨ, ਕਾਂਗਰਸੀਕਰਨ, ਵਪਾਰੀਕਰਨ ਹੋਇਆ, ਮਾਫ਼ੀਏ ਦੀ ਸਰਪ੍ਰਸਤੀ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਪਰ ਜੇਕਰ ਉਸ ਸਮੇਂ ਕੁੱਝ ਕੀਤਾ ਹੁੰਦਾ ਤਾਂ ਅੱਜ ਬਾਗ਼ੀ ਅਕਾਲੀਆਂ ਨੂੰ ਵੀ ਇਹ ਦਿਨ ਨਾ ਦੇਖਣੇ ਪੈਂਦੇ ਅਤੇ ਨਾ ਅੱਜ ਪੰਥਕ ਸੰਸਥਾਵਾਂ ਅਤੇ ਅਕਾਲੀ ਦਲ ਦੀ ਇਹ ਹਾਲਤ ਹੁੰਦੀ।
ਦਰਅਸਲ ਇਹ ਫੁੱਟ ਬਾਦਲ ਦਲ ਵਿਚ ਕੇਵਲ ਸਿਆਸੀ ਤਾਕਕ ਹਥਿਆਉਣ ਲਈ ਪਈ ਹੈ। ਪੰਥਕ ਸਰੋਕਾਰਾਂ ਨਾਲ ਇਨ੍ਹਾਂ ਦਾ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ। ਜਥੇਦਾਰ ਭੌਰ ਨੇ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਦਸਿਆ ਕਿ ਜਿਹੜੇ ਲੋਕ ਕਦੇ ਬਾਦਲ ਪ੍ਰਵਾਰ ਨੂੰ ਸਿਆਸੀ ਪਾਵਰ ਬੈਂਕ ਸਮਝਦੇ ਰਹੇ ਹਨ ਅਤੇ ਸਿਆਸੀ ਤਾਕਤ ਹਾਸਲ ਕਰਨ ਲਈ ਪੰਥ ਉਤੇ ਹੁੰਦਾ ਹਰ ਜ਼ੁਲਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਹਨ ਪਰ ਅੱਜ ਉਨ੍ਹਾਂ ਨੂੰ ਬਾਦਲ ਦਲ ਦੀਆਂ ਵਾਰ ਵਾਰ ਹੋ ਰਹੀਆਂ ਨਮੋਸ਼ੀਜਨਕ ਅਤੇ ਸ਼ਰਮਨਾਕ ਹਾਰਾਂ ਨੇ ਇਹ ਸਮਝਾ ਦਿਤਾ ਹੈ ਕਿ ਹੁਣ ਪੰਥ ਦੇ ਮਨਾ ਵਿਚੋਂ ਉਤਰ ਚੁੱਕਾ ਬਾਦਲ ਪ੍ਰਵਾਰ ਇਨ੍ਹਾਂ ਨੂੰ ਸਿਆਸੀ ਤਾਕਤ ਦੇਣ ਦੇ ਸਮਰੱਥ ਨਹੀਂ ਰਿਹਾ।
ਲੰਮਾ ਸਮਾਂ ਬਾਦਲਾਂ ਦੀ ਛੱਤਰੀ ਹੇਠ ਰਹਿਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਭੌਰ ਨੇ ਆਖਿਆ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਹੋਣ ਦੇ ਬਾਵਜੂਦ ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਦਾ ਵਿਰੋਧ ਕੀਤਾ, ਗਿਆਨੀ ਰਣਜੀਤ ਸਿੰਘ ਨੂੰ ਹਟਾਉਣ ਦਾ ਵਿਰੋਧ ਦਰਜ ਕਰਵਾਇਆ, ਸਾਲ 2015 ਵਿਚ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦਾ ਵਿਰੋਧ ਕੀਤਾ, ਬਰਗਾੜੀ ਕਾਂਡ ਤੋਂ ਬਾਅਦ ਅਕਾਲੀ ਦਲ ਦੇ ਸਾਰੇ ਅਹੁਦੇ ਤਿਆਗ ਦਿਤੇ, ਸੌਦਾ ਸਾਧ ਦੀ ਮਾਫ਼ੀ ਨੂੰ ਸਹੀ ਦਰਸਾਉਣ ਲਈ 92 ਲੱਖ ਰੁਪਏ ਗੁਰੂ ਦੀ ਗੋਲਕ ਵਿਚੋਂ ਇਸ਼ਤਿਹਾਰਬਾਜ਼ੀ ’ਤੇ ਖਰਚ ਕਰਨ ਦਾ ਵੀ ਮੇਰੇ ਵਲੋਂ ਵਿਰੋਧ ਕੀਤਾ ਗਿਆ ਸੀ ਤੇ ਜਦੋਂ ਸੁਣਵਾਈ ਨਾ ਹੋਈ ਤਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਦਾ ਅਹੁਦਾ ਵੀ ਤਿਆਗ ਦਿਤਾ।