
ਇਕ ਮਹੀਨਾ ਹੋ ਗਿਆ ਬਣੀ ਕਮੇਟੀ ਨੂੰ, 14 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਮਈ-ਜੂਨ ਵਿਚ ਹੋਣ ਦੀ ਆਸ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ-ਪੰਥ ਦੀਆਂ ਸੰਸਥਾਵਾਂ ਦੀ ਧਾਰਮਕ, ਰਾਜਨੀਤਕ ਲੀਡਰਸ਼ਿਪ ਦੇ ਰੋਲ ਦੀ ਚਰਚਾ ਆਮ ਸੰਗਤ ਵਿਚ ਹੋ ਰਹੀ ਹੈ ਕਿ ਦੋ ਦਸੰਬਰ ਦੇ ਜਥੇਦਾਰਾਂ ਦੇ ਹੁਕਮਨਾਮੇ- ਆਦੇਸ਼, ਅਮਿਟ ਪ੍ਰਭਾਵ ਛੱਡਣ ਵਿਚ ਨਾਕਾਮ ਰਹੇ। ਅਕਾਲ ਤਖ਼ਤ ਸਾਹਿਬ ਦੀਆਂ ਸਰਗਰਮੀਆਂ ਤੇ ਮਾਹਰਾਂ ਦਾ ਆਖਣਾ ਹੈ ਕਿ ਜਥੇਦਾਰ ਸਾਹਿਬ ਦੀਆਂ ਨਿਯੁਕਤੀਆਂ, ਸੇਵਾ ਮੁਕਤੀਆਂ ਅਤੇ ਅਧਿਕਾਰ ਖੇਤਰ ਸਬੰਧੀ ਮਜ਼ਬੂਤ ਵਿਧੀ ਵਿਧਾਨ ਬਣਾਉਣ ਦੀ ਲੋੜ ਹੈ ਤਾਂ ਜੋ ਮੌਜੂਦਾ ਹਾਲਾਤ, ਭਵਿੱਖ ਵਿਚ ਆਉਣ ਤੋਂ ਰੋਕੇ ਜਾ ਸਕਣ।
ਦੂਸਰਾ ਜਥੇਦਾਰ ਗਿ. ਹਰਪ੍ਰੀਤ ਸਿੰਘ ਵਿਰੁਧ ਬਣਾਈ ਗਈ ਤਿੰਨ ਮੈਂਬਰੀ ਜਾਂਚ ਪੜਤਾਲ ਕਮੇਟੀ, ਉਨ੍ਹਾਂ ਵਿਰੁਧ ਰਿਪੋਰਟ ਪੇਸ਼ ਕਰ ਸਕਦੀ ਹੈ ਜਿਸ ਦੀ ਅੱਜ ਮਿਆਦ ਮੁਕੰਮਲ ਹੋ ਰਹੀ ਹੈ। ਇਸ ਕਮੇਟੀ ਨੇ ਇਕ ਮਹੀਨੇ ਅੰਦਰ ਰਿਪੋਰਟ ਦੇਣੀ ਸੀ। ਇਸ ਵਿਵਾਦਤ ਕਮੇਟੀ ਤੇ ਕਈ ਸਵਾਲ ਉਠਾਏ ਜਾ ਰਹੇ ਹਨ ਕਿ ਇਹ ਜਥੇਦਾਰ ਵਿਰੁਧ ਜਾਂਚ ਨਹੀਂ ਕਰ ਸਕਦੀ। ਇਹ ਜਥੇਦਾਰ ਅਕਾਲ ਤਖ਼ਤ ਦੇ ਅਧਿਕਾਰ ਖੇਤਰ ਵਿਚ ਹੈ ਤੇ ਇਸ ਦੀ ਪੜਤਾਲ ਸੱਚਖੰਡ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੀ ਕਰ ਸਕਦੇ ਹਨ।
ਇਹ ਆਵਾਜ਼ ਖ਼ੁਦ ਜਥੇਦਾਰ ਗਿ. ਰਘਬੀਰ ਸਿੰਘ ਨੇ ਬੁਲੰਦ ਕੀਤੀ ਸੀ। ਉਹ ਹੁਣ ਵਿਦੇਸ਼ ਚਲੇ ਗਏ ਹਨ ਤੇ ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿਚ ਛੇਤੀ ਹੀ ਫ਼ੈਸਲਾ ਅੰਤ੍ਰਿੰਗ ਕਮੇਟੀ ਦੇ ਕਰਨ ਦੀ ਸੰਭਾਵਨਾ ਹੈ। ਇਸ ਤੋਂ ਪ੍ਰਭਾਵਤ ਹੋਣ ਵਾਲੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਸਮੁੱਚੀ ਰਾਜਸੀ ਖੇਡ ਦਾ ਪਤਾ ਹੈ। ਭਾਵ ਉਨ੍ਹਾਂ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰ ਤੋਂ ਹਟਾਇਆ ਜਾ ਰਿਹਾ ਹੈ ਤੇ ਉਹ ਮੁਅੱਤਲ ਕੀਤੇ ਹੋਏ ਹਨ।
ਜੇ ਸੂਤਰਾਂ ਦੀ ਮੰਨੀਏ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਮਈ ਜੂਨ ਵਿਚ ਹੋਣ ਦੀਆਂ ਸੰਭਾਵਨਾਵਾਂ ਹਨ। ਇਹ ਚੋਣ ਵੀ ਹਰਿਆਣਾ ਵਰਗੀ ਹੋਣ ਦੀ ਚਰਚਾ ਹੈ ਕਿ ਦੁਖੀ ਸਿੱਖ ਸੰਗਤ ਆਜ਼ਾਦ ਮੈਂਬਰ ਚੁਣਨ ਨੂੰ ਤਰਜੀਹ ਦੇ ਸਕਦੀ ਹੈ।