
ਨਵੀਂ ਦਿੱਲੀ, 1 ਅਗੱਸਤ (ਸੁਖਰਾਜ ਸਿੰਘ): ਇੰਗਲੈਂਡ 'ਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ।
ਨਵੀਂ ਦਿੱਲੀ, 1 ਅਗੱਸਤ (ਸੁਖਰਾਜ ਸਿੰਘ): ਇੰਗਲੈਂਡ 'ਚ ਪਹਿਲੇ ਸਿੱਖ ਸਾਂਸਦ ਬਣੇ ਤਨਮਨਜੀਤ ਸਿੰਘ ਢੇਸੀ ਦਾ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਸ. ਢੇਸੀ ਨੇ ਕਿਹਾ ਕਿ ਜੇ ਅਸੀਂ ਕੌਮ ਲਈ ਕੰਮ ਨਹੀਂ ਕਰਾਂਗੇ ਤਾਂ ਫਿਰ ਕਿਸ ਤੋਂ ਉਮੀਦ ਕਰਾਂਗੇ।
ਦਿੱਲੀ ਕਮੇਟੀ ਦਫ਼ਤਰ ਵਿਖੇ ਪੁੱਜੇ ਸ. ਢੇਸੀ ਨੂੰ ਅਕਾਲੀ ਸਾਂਸਦ ਬਲਵਿੰਦਰ ਸਿੰਘ ਭੁੰਦੜ, ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ ਅਤੇ ਭਾਜਪਾ ਆਗੂ ਆਰ.ਪੀ. ਸਿੰਘ ਵਲੋਂ ਦੁਸ਼ਾਲਾ, ਕਿਰਪਾਨ ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ ਗਿਆ। ਸ. ਸਿਰਸਾ ਨੇ ਸਿੱਖ ਦੀ ਪਹਿਚਾਣ ਨਾਲ ਜੁੜੀਆਂ ਵਸਤੂਆਂ ਨੂੰ ਲੈ ਕੇ ਵਿਦੇਸ਼ਾਂ 'ਚ ਸਿੱਖਾਂ ਦੇ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਤਨਮਨਜੀਤ ਸਿੰਘ ਢੇਸੀ ਦਾ ਸਹਿਯੋਗ ਮੰਗਿਆ। ਸ. ਸਿਰਸਾ ਨੇ ਸਿੱਖੀ ਮਸਲੇ 'ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਇਸ ਸਬੰਧੀ ਭੇਜੇ ਗਏ ਮਾਮਲੇ ਦੀ ਜਾਣਕਾਰੀ ਦਿਤੀ।
ਸ. ਸਿਰਸਾ ਨੇ ਕਿਹਾ ਕਿ ਪੰਜ ਕਕਾਰ ਅਤੇ ਦਸਤਾਰ ਨੂੰ ਲੈ ਕੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵਖਰੇ-ਵਖਰੇ ਕਾਨੂੰਨਾਂ ਕਰ ਕੇ ਸਿੱਖਾਂ ਨੂੰ ਆਏ ਦਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰ ਕੇ ਦਿੱਲੀ ਕਮੇਟੀ ਨੇ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਸਾਹਮਣੇ ਰਖਿਆ ਹੈ। ਸ. ਸਿਰਸਾ ਨੇ ਦਿੱਲੀ ਕਮੇਟੀ ਦੇ ਪੱਖ ਨੂੰ ਮਜ਼ਬੂਤ ਕਰਨ ਲਈ ਸ. ਢੇਸੀ ਨੂੰ ਮਾਮਲੇ ਦੇ ਸਮਰਥਨ ਵਿਚ ਪੱਤਰ ਦੇਣ ਦੀ ਅਪੀਲ ਕਰਦੇ ਹੋਏ ਇੰਗਲੈਂਡ ਦੇ ਵਿਦੇਸ਼ ਮੰਤਰੀ ਪਾਸੋਂ ਵੀ ਅਜਿਹਾ ਪੱਤਰ ਗੁਰਦਵਾਰਾ ਕਮੇਟੀ ਨੂੰ ਦਿਵਾਉਣ ਦੀ ਬੇਨਤੀ ਕੀਤੀ ਤਾਕਿ ਸੰਯੁਕਤ ਰਾਸ਼ਟਰ ਦੇ ਸਾਹਮਣੇ ਮਜ਼ਬੂਤੀ ਨਾਲ ਸਿੱਖਾਂ ਦਾ ਪੱਖ ਰਖਿਆ ਜਾ ਸਕੇ। ਸ. ਢੇਸੀ ਨੇ ਸਨਮਾਨ ਲਈ ਦਿੱਲੀ ਕਮੇਟੀ ਦਾ ਧਨਵਾਦ ਕਰਦੇ ਹੋਏ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਇਤਿਹਾਸਕ ਸਥਾਨ 'ਤੇ ਉਨ੍ਹਾਂ ਦਾ ਸਨਮਾਨ ਕੀਤੇ ਜਾਣ ਨੂੰ ਮਾਣ ਵਾਲੀ ਗੱਲ ਦਸਿਆ।
ਸ. ਭੂੰਦੜ ਨੇ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਦਿੱਲੀ ਕਮੇਟੀ ਅਤੇ ਢੇਸੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।