
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ ਨੇ ਪੇਸ਼ ਕੀਤਾ ਬਜਟ
ਸ਼੍ਰੋਮਣੀ ਕਮੇਟੀ ਦੇ ਅੱਜ ਸਾਲਾਨਾ ਇਜਲਸਾ ਵਿਚ 11 ਅਰਬ, 59 ਕਰੋੜ, 67 ਲੱਖ ਦਾ ਬਜਟ ਪਾਸ ਕੀਤਾ ਗਿਆ। ਇਹ ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ ਨੇ ਪੇਸ਼ ਕਰਦਿਆਂ ਕਿਹਾ ਕਿ ਇਸ ਨੂੰ ਤਿੰਨ ਮੁੱਖ ਭਾਗਾਂ ਜਨਰਲ ਬੋਰਡ ਫ਼ੰਡ, ਟਰੱਸਟ ਫ਼ੰਡ, ਵਿਦਿਆ ਫ਼ੰਡ ਵਿਚ ਵੰਡਿਆ ਗਿਆ ਹੈ ਤੇ ਇਨ੍ਹਾਂ ਦਾ ਕ੍ਰਮਵਾਰ ਬਜ਼ਟ 66 ਕਰੋੜ 25 ਲੱਖ, 56 ਕਰੋੜ, ਛੱਤੀ ਕਰੋੜ 50 ਲੱਖ ਹੈ। ਬਜਟ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ ਜਿਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੀ.ਐਸ.ਟੀ ਕਾਰਨ ਸਾਢੇ ਚਾਰ ਕਰੋੜ ਦੀ ਅਦਾਇਗੀ ਹਕੂਮਤਾਂ ਨੂੰ ਕਰ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਵਲੋਂ ਦਰਬਾਰ ਸਾਹਿਬ ਦੇ ਲੰਗਰ-ਘਰ ਨੂੰ ਜੀ.ਐਸ.ਟੀ ਮੁਕਤ ਕਰਨ ਦੀ ਤਾਰੀਫ਼ ਕਰਦਿਆਂ ਮੰਗ ਕੀਤੀ ਕਿ ਉਸ ਨੂੰ ਕੀਤੀ ਗਈ ਅਦਾਇਗੀ ਵਾਪਸ ਗੁਰੂ-ਘਰ ਨੂੰ ਕੀਤੀ ਜਾਵੇ। ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸ਼ਤਾਬਦੀ ਵੱਡੇ ਪੱਧਰ ਤੇ ਮਨਾਉਣ ਦਾ ਪ੍ਰੋਗਰਾਮ ਹੈ। ਇਸ ਦੀਆਂ ਤਿਆਰੀਆਂ ਆਰੰਭ ਕਰ ਦਿਤੀਆਂ ਹਨ। ਇਸ ਸਬੰਧ ਵਿਚ ਗੁਰਦੁਆਰਾ ਸੰਤ ਘਾਟ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਤਾਰਨ ਲਈ ਵੇਈਂ ਨਦੀ ਵਿਚ ਤਿੰਨ ਦਿਨ ਟੁੱਭੀ ਲਗਾਉਣ ਉਪਰੰਤ ਮੂਲ-ਮੰਤਰ ਦਾ ਉਚਾਰਨ ਕੀਤੀ ਸੀ, ਵਿਖੇ ੴ ਨੂੰ ਰੂਪਮਾਨ ਕਰਦੀ ਵਿਸ਼ੇਸ਼ ਯਾਦਗਾਰ ਬਣਾਈ ਜਾਵੇਗੀ, ਚਾਰ ਉਦਾਸੀਆਂ ਨੂੰ ਦਰਸਾਉਂਦਾ ਅਜਾਇਬ ਘਰ ਅਤੇ ੴ ਦਾ ਵਿਸ਼ਾਲ ਨਿਸ਼ਾਨ ਬਣਾਉਣ ਲਈ ਮੀਨਾਰ ਸਥਾਪਤ ਹੋਵੇਗਾ। ਇਤਿਹਾਸਕ ਬੇਰੀ (ਬੇਰ ਸਾਹਿਬ) ਦੁਆਲੇ ਪੌੜੀਆਂ ਬਣਾ ਕੇ ਸੁਲਤਾਨਪੁਰ ਲੋਧੀ ਨੂੰ ਆਉਣ ਵਾਲੇ ਰਸਤਿਆਂ 'ਤੇ 6 ਸੁੰਦਰ ਯਾਦਗਾਰੀ ਗੇਟ ਬਣਾਏ ਜਾਣਗੇ।
SGPC
ਕਰਮੂੰਵਾਲ ਨੇ ਦਸਿਆ ਕਿ ਗੁ: ਪਾ: ਛੇਵੀਂ ਤੇ ਨੌਵੀਂ ਚੀਕਾ, ਕੈਥਲ, ਹਰਿਆਣਾ ਦਾ ਕੇਸ ਸੁਪਰੀਮ ਕੋਰਟ 'ਚ ਹੋਣ ਕਰ ਕੇ ਬਾਕੀ 77 ਗੁਰਧਾਮਾਂ ਦਾ ਕੁਲ ਬਜਟ 6 ਅਰਬ 77 ਕਰੋੜ 23 ਲੱਖ ਦਾ ਹੈ। 39 ਗੁਰਦੁਆਰਿਆਂ ਦਾ ਪ੍ਰਬੰਧ ਸਿੱਧੇ ਤੌਰ 'ਤੇ ਸ਼੍ਰੋਮਣੀ ਕਮੇਟੀ ਵੇਖ ਰਹੀ ਹੈ। ਇਨ੍ਹਾਂ ਦਾ ਕੁਲ 11 ਕਰੋੜ 71 ਲੱਖ ਰੁਪਏ ਦਾ ਹੈ। ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਰਥਕ ਤੌਰ 'ਤੇ ਪਛੜੇ ਤੇ ਗ਼ਰੀਬ ਲੋਕਾਂ ਨੂੰ ਦਰਸ਼ਨ ਕਰਾਉਣ ਲਈ ਪਿੰਡਾਂ ਦੇ ਲੋਕਾਂ ਲਈ ਵਿਸ਼ੇਸ਼ ਬਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦਰਬਾਰ ਸਾਹਿਬ ਲਈ 8 ਕਰੋੜ ਰਾਖਵੇਂ ਰੱਖੇ ਹਨ। ਬੰਗਲਾਦੇਸ਼ ਦੇ ਗੁਰਧਾਮਾਂ ਦੀ ਯਾਤਰਾ ਲਈ ਵਿਸ਼ੇਸ਼ ਜਥੇ ਪਹਿਲੀ ਵਾਰ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਪਿੰਡਾਂ ਵਿਚ ਉਨ੍ਹਾਂ ਗ੍ਰੰਥੀਆਂ ਨੂੰ 1100 ਰੁਪਏ ਪ੍ਰਤੀ ਮਹੀਨਾ ਦਿਤੇ ਜਾਣਗੇ ਜੋ ਸਵੇਰੇ ਸ਼ਾਮੀ ਹੁਕਮਨਾਮੇ ਦੀ ਕਥਾ ਕਰਨਗੇ ਅਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਲਈ ਸਕੂਲ ਦੀ ਫ਼ੀਸ ਤੇ ਮੁੜ ਵਸੇਬੇ ਦੇ ਪ੍ਰਬੰਧ ਕੀਤੇ ਜਾਣਗੇ। ਜਨਰਲ ਬੋਰਡ ਫੰਡ ਬਾਰੇ ਉਨ੍ਹਾਂ ਦਸਿਆ ਕਿ ਆਮਦਨ ਦਾ ਮੁੱਖ ਸਰੋਤ ਦਸਵੰਧ ਹੈ। ਇਸ ਤੋਂ ਇਲਾਵਾ ਬੈਂਕ ਖਾਤਿਆਂ ਦੇ ਵਿਆਜ ਦੀ ਆਮਦਨ ਬਜਟ ਦਾ ਸਰੋਤ ਹੈ। ਇਸ ਤਰ੍ਹਾਂ ਸ਼ੁੱਧ ਆਮਦਨ 8 ਕਰੋੜ 47 ਲੱਖ ਹੈ। ਦਸਵੰਧ ਤੇ ਸਹਾਇਤਾ ਦੇ ਰੂਪ ਵਿਚ 57 ਕਰੋੜ ਅਠੱਤਰ ਲੱਖ ਰੁਪਏ ਪ੍ਰਾਪਤ ਹੁੰਦੇ ਹਨ। ਇਸ ਤਰ੍ਹਾਂ ਜਨਰਲ ਬੋਰਡ ਫੰਡ ਦਾ ਕੁਲ ਬਜ਼ਟ 66 ਕਰੋੜ 25 ਲੱਖ ਹੈ। ਇਸ ਫੰਡ ਵਿਚੋਂ 12 ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਵਿਦਿਆ ਫ਼ੰਡ ਬਾਰੇ ਉਨ੍ਹਾਂ ਦਸਿਆ ਕਿ ਇਸ ਸਾਲ 36 ਕਰੋੜ 50 ਲੱਖ ਰੁਪਏ ਰੱਖੇ ਗਏ ਹਨ ਤਾਕਿ ਵਿਦਿਅਕ ਅਦਾਰਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਧਰਮ ਪ੍ਰਚਾਰ ਦਾ ਕੁਲ ਬਜਟ 76 ਕਰੋੜ ਦਾ ਹੈ। ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 86 ਕਰੋੜ 96 ਲੱਖ 75 ਹਜ਼ਾਰ ਰੁਪਏ ਰਾਖਵੇਂ ਰੱਖੇ ਹਨ। ਸੰਗਤ ਵਲੋਂ ਕਰੋੜਾਂ ਰੁਪਏ ਦਾ ਰਾਸ਼ਨ ਚੜ੍ਹਤ ਦੇ ਰੂਪ ਵਿਚ ਜਮ੍ਹਾਂ ਕਰਵਾਇਆ ਜਾਂਦਾ ਹੈ। ਸ਼ਰਧਾਲੂਆਂ ਦੀ ਸੁਰੱਖਿਆ ਤੇ ਗ਼ਲਤ ਅਨਸਰਾਂ 'ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ।