
28 ਅਪ੍ਰੈਲ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ 29 ਅਪ੍ਰੈਲ ਤਕ ਚੋਣ ਅਮਲ ਪੂਰਾ ਕਰ ਲਿਆ ਜਾਵੇਗਾ।
ਨਵੀਂ ਦਿੱਲੀ(ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਮਹੀਨੇ 25 ਅਪ੍ਰੈਲ ਨੂੰ ਹੋਣਗੀਆਂ। 31 ਮਾਰਚ ਤੋਂ 7 ਅਪ੍ਰੈਲ ਤਕ ਉਮੀਦਵਾਰ ਅਪਣੇ ਕਾਗ਼ਜ਼ ਦਾਖ਼ਲ ਕਰ ਸਕਣਗੇ। 8 ਅਪ੍ਰੈਲ ਨੂੰ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ। 10 ਅਪ੍ਰੈਲ ਤਕ ਨਾਂ ਵਾਪਸ ਲਏ ਜਾ ਸਕਣਗੇ। 25 ਅਪ੍ਰੈਲ ਐਤਵਾਰ ਨੂੰ ਚੋਣਾਂ ਹੋਣਗੀਆਂ। 28 ਅਪ੍ਰੈਲ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ 29 ਅਪ੍ਰੈਲ ਤਕ ਚੋਣ ਅਮਲ ਪੂਰਾ ਕਰ ਲਿਆ ਜਾਵੇਗਾ।
delhi election
ਚੇਤੇ ਰਹੇ ਕਿ ਹੈਰਾਨੀ ਦੀ ਗੱਲ ਹੈ ਕਿ ਗੁਰਦਵਾਰਾ ਚੋਣਾਂ ਬਾਰੇ ਨੋਟੀਫ਼ੀਕੇਸ਼ਨ ਜੋ 31 ਮਾਰਚ ਨੂੰ ਜਾਰੀ ਹੋਣਾ ਹੈ, ਉਹ ਅੱਜ 30 ਮਾਰਚ ਸ਼ਾਮ ਨੂੰ ਵੱਟਸਐਪ ਗਰੁਪਾਂ ਵਿਚ ਆਮ ਹੀ ਘੁੰਮ ਰਿਹਾ ਹੈ, ਜੋ ਕੇਜਰੀਵਾਲ ਸਰਕਾਰ ਦੇ ਗੁਰਦਵਾਰਾ ਚੋਣ ਮਹਿਕਮੇ ਦੀ ‘ਅੰਦਰੂਨੀ ਸੰਜੀਦਗੀ ਤੇ ਲੀਕੇਜ’ ਨੂੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਅਹਿਮ ਸਰਕਾਰੀ ਕਾਗ਼ਜ਼ ‘ਲੀਕ’ ਕੀਤਾ ਗਿਆ ਹੈ।
ਨੋਟੀਫ਼ੀਕੇਸ਼ਨ ਦੇ ਪ੍ਰਮਾਣਕ ਹੋਣ ਬਾਰੇ ਜਦੋਂ ‘ਸਪੋਕਸਮੈਨ’ ਵਲੋਂ ਅੱਜ ਸ਼ਾਮ ਨੂੰ 8 ਵਾਰ ਫ਼ੋਨ ਕੀਤੇ ਤੇ ਐਸਐਮਐਸ ਵੀ ਭੇਜਿਆ ਗਿਆ ਤਾਂ ਹਾਰ ਕੇ, ਸ਼ਾਮ 7:45 ’ਤੇ ਗੁਰਦਵਾਰਾ ਚੋਣ ਨਿਰਦੇਸ਼ਕ ਨਰਿੰਦਰ ਸਿੰਘ ਨੇ ਫ਼ੋਨ ਚੁਕਿਆ ਤੇ ਸਪਸ਼ਟ ਕੀਤਾ,“ਨੋਟੀਫ਼ੀਕੇਸ਼ਨ 31 ਮਾਰਚ ਨੂੰ ਅਖ਼ਬਾਰਾਂ ਰਾਹੀਂ ਜਨਤਕ ਹੋਵੇਗਾ।’’ ਜਦੋਂ ਵੱਟਸਐਪ ਗਰੁਪਾਂ ਵਿਚ ਨੋਟੀਫ਼ੀਕੇਸ਼ਨ ਘੁੰਮ ਰਹੇ ਹੋਣ ਬਾਰੇ ਦਸਿਆ ਤਾਂ ਉਨ੍ਹਾਂ ਕਿਹਾ,“ਉਹ ਅਧਿਕਾਰਤ ਨੋਟੀਫ਼ੀਕੇਸ਼ਨ ਨਹੀਂ ਹੈ। ਅੰਦਰੂਨੀ ਕੋਈ ਗੱਲਬਾਤ ਹੋਵੇਗੀ ਜੋ ਲੀਕ ਹੋ ਗਈ ਹੋਣੀ ਹੈ।’’