
ਨਵੀਂ ਦਿੱਲੀ, 17 ਜਨਵਰੀ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਥੋਂ ਦੇ ਵਿਗਿਆਨ ਭਵਨ ਵਿਖੇ ਸਾਹਿਬਜ਼ਾਦਿਆਂ ਨੂੰ ਸਮਰਪਤ ਕਰਵਾਏ ਗਏ ਸਮਾਗਮ ਨੂੰ ਬਾਦਲ ਦਲ ਨੇ ਭਾਜਪਾ ਤੇ ਆਰ.ਐਸ.ਐਸ. ਦਾ ਸਮਾਗਮ ਬਣਾ ਕੇ ਰੱਖ ਦਿਤਾ। ਉਨ੍ਹਾਂ ਕਿਹਾ ਕਿ ਸ. ਮਨਜੀਤ ਸਿੰਘ ਜੀ.ਕੇ. ਸਿੱਖਾਂ ਦੀਆਂ ਧਾਰਮਕ ਸਟੇਜਾਂ ਨੂੰ ਕਿਉਂ ਭਾਜਪਾ ਆਰ.ਐਸ.ਐਸ. ਹਵਾਲੇ ਕਰ ਰਹੇ ਹਨ? ਸ. ਸਰਨਾ ਨੇ ਪੁਛਿਆ ਕਿ ਸੰਗਤ ਦੇ ਲੱਖਾਂ ਰੁਪਏ ਬਰਬਾਦ ਕਰ ਕੇ ਸਾਹਿਬਜ਼ਾਦਿਆਂ ਦੀ ਯਾਦ 'ਚ ਵਿਗਿਆਨ ਭਵਨ ਵਿਚ ਸਰਕਾਰ ਦੇ ਮੰਤਰੀਆਂ ਤੇ ਆਰ.ਐਸ.ਐਸ. ਨੂੰ
ਬੁਲਾ ਕੇ ਇਸ ਨੂੰ ਸਰਕਾਰੀ ਪ੍ਰੋਗਰਾਮ ਵਜੋਂ ਕਿਉਂ ਪੇਸ਼ ਕੀਤਾ ਗਿਆ ਜਦਕਿ ਇਹ ਸਮਾਗਮ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਜਾਂ ਕਮੇਟੀ ਦੇ ਪ੍ਰਬੰਧ ਹੇਠਲੇ ਕਿਸੇ ਕਾਲਜ ਦੇ ਆਡੀਟੋਰੀਅਮ ਵਿਚ ਹੋਰ ਸੁਚੱਜੇ ਢੰਗ ਨਾਲ ਕੀਤਾ ਜਾ ਸਕਦਾ ਸੀ।ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਦਲ ਸੰਘ ਦੇ ਲਿਖਾਰੀਆਂ ਕੋਲੋਂ ਸਿੱਖ ਇਤਿਹਾਸ ਲਿਖਵਾਉਣ ਦੀ ਅਖੌਤੀ ਖੇਡ, ਖੇਡ ਰਿਹਾ ਹੈ ਪਰ ਸਿੱਖ ਕੌਮ ਦੀਆਂ ਨਜ਼ਰਾਂ ਹੁਣ ਬਾਦਲ ਦਲ 'ਤੇ ਲਗੀਆਂ ਹੋਈਆਂ ਹਨ ਤੇ ਬਾਦਲ ਦਲ ਨੂੰ ਕਿਸੇ ਭਰਮ ਵਿਚ ਨਹੀਂ ਰਹਿਣਾ ਚਾਹੀਦਾ ਕਿ ਉਹ ਸਿੱਖਾਂ ਨੂੰ ਮੂਰਖ ਬਣਾ ਲੈਣਗੇ।